ਨਵੀਂ ਦਿੱਲੀ- ਕਾਂਗਰਸ ਦੇ ਸਹਿਯੋਗੀ ਦਲਾਂ ਅਤੇ ਵਿਰੋਧੀ ਧਿਰਾਂ ਵਲੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਵਾਪਿਸ ਲਏ ਜਾਣ ਦੇ ਮੁੱਦੇ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਬਜ਼ਾਰ ਹੀ ਤੈਅ ਕਰਨਗੇ। ਕਾਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਸਹੀ ਠਹਿਰਾਂਉਦੇ ਹੋਏ ਕਿਹਾ ਕਿ ਤੇਲਾਂ ਦੇ ਮੁੱਲ ਨੂੰ ਹੋਰ ਵੀ ਜਿਆਦਾ ਨਿਯੰਤਰਣ ਮੁਕਤ ਕਰਨ ਦੀ ਲੋੜ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬਾਜ਼ਾਰ ਨੂੰ ਆਪਣੇ ਹਿਸਾਬ ਨਾਲ ਚਲਣ ਦੀ ਇਜਾਜ਼ਤ ਦੇਣ ਨੂੰ ਸਹੀ ਕਦਮ ਦਸਦੇ ਹੋਏ ਕਿਹਾ, “ਕੀਮਤਾਂ ਨੂੰ ਕੰਟਰੋਲ ਕਰਨਾ ਉਹ ਆਮ ਦਿਸ਼ਾ ਹੈ ਜਿਸ ਵੱਲ ਅਸਾਂ ਅੱਗੇ ਵਧਣਾ ਹੈ। ਮੈਨੂੰ ਲਗਦਾ ਹੈ ਕਿ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਦਾ ਕਦਮ ਇਸੇ ਹੀ ਪ੍ਰਕਿਰਿਆ ਦਾ ਹਿਸਾ ਹੈ। ਜਿਸ ਤਰ੍ਹਾਂ ਮੈਂ ਕਹਿ ਰਿਹਾ ਹਾਂ ਕਿ ਇਹ ਕਾਫ਼ੀ ਸੰਵੇਦਨਸ਼ੀਲ ਖੇਤਰ ਹੈ ਅਤੇ ਮੈਨੂੰ ਇਹ ਕਹਿਣ ਵਿੱਚ ਕੋਈ ਵੀ ਹਿਚਕਚਾਹਟ ਨਹੀਂ ਹੈ ਕਿ ਆਖਿਰਕਾਰ ਸਾਨੂੰ ਬਾਜ਼ਾਰ ਨੂੰ ਆਪਣਾ ਪੱਧਰ ਤੈਅ ਕਰਨ ਦੀ ਇਜ਼ਾਜ਼ਤ ਦੇਣੀ ਹੋਵੇਗੀ, ਉਨ੍ਹਾਂ ਚੀਜ਼ਾਂ ਨੂੰ ਛੱਡਕੇ ਜੋ ਸਿੱਧੇ ਤੌਰ ਤੇ ਜਨਤਾ ਨਾਲ ਜੁੜੀਆਂ ਹੋਈਆਂ ਹਨ।”
ਪੱਤਰਕਾਰਾਂ ਵਲੋਂ ਇਹ ਸਵਾਲ ਪੁੱਛੇ ਜਾਣ ਤੇ ਕਿ ਪੈਟਰੋਲ ਦੇ ਮੁੱਲ ਵਿੱਚ ਹੋਏ ਵਾਧੇ ਦਾ ਦੇਸ਼ ਵਿੱਚ ਜੋਰਦਾਰ ਵਿਰੋਧ ਹੋ ਰਿਹਾ ਹੈ ਅਤੇ ਮਮਤਾ ਬੈਨਰਜੀ ਨੇ ਤਾਂ ਸਰਕਾਰ ਤੋਂ ਸਮਰਥਣ ਵਾਪਿਸ ਲੈਣ ਦੀ ਵੀ ਧਮਕੀ ਦੇ ਦਿੱਤੀ ਹੈ। ਇਸ ਸਵਾਲ ਤੇ ਵੀ ਪ੍ਰਧਾਨਮੰਤਰੀ ਦਾ ਜਵਾਬ ਇਹ ਸੀ, “ਅਜਿਹੇ ਹਾਲਾਤ ਵਿੱਚ ਬਦਲਾਅ ਦੀ ਦਿਸ਼ਾ ਬਿਲਕੁਲ ਸਾਫ਼ ਹੈ। ਸਾਨੂੰ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ।” ਸੀਪੀਐਮ, ਭਾਜਪਾ ਅਤੇ ਹੋਰ ਵੀ ਵਿਰੋਧੀ ਦਲਾਂ ਨੇ ਇਸ ਵਾਧੇ ਨੂੰ ਲੋਕ ਵਿਰੋਧੀ ਦਸਦੇ ਹੋਏ ਵਾਪਿਸ ਲੈਣ ਦੀ ਮੰਗ ਕੀਤੀ ਹੈ।