ਚੰਡੀਗੜ੍ਹ, (ਗੁਰਿੰਦਰਜੀਤ ਸਿੰਘ ਪੀਰਜੈਨ)-ਅਰਜਨਟਾਈਨਾ ਦੇ ਲੋਕਾਂ ਵਿੱਚ ਫੁਟਬਾਲ ਦੇ ਜਾਨੂੰਨ ਨਾਲੋਂ ਵੱਧ ਪੰਜਾਬੀਆਂ ਵਿੱਚ ਕਬੱਡੀ ਖੇਡ ਪ੍ਰਤੀ ਜਾਨੂੰਨ ਦੇਖਣ ਨੂੰ ਮਿਲਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਵਿੱਚ ਪਹਿਲੀ ਵਾਰ ਹਿੱਸਾ ਲੈਣ ਆਈ ਅਰਜਨਟਾਈਨਾ ਕਬੱਡੀ ਟੀਮ ਦੇ ਕੋਚ ਰਿਕਾਰਡੋ ਅਕੂਹਾ ਨੇ ਵਿਸ਼ੇਸ਼ ਇੰਟਰਵਿਊ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਅਰਜਨਟਾਈਨਾ ਸਮੇਤ ਪੂਰੀ ਦੁਨੀਆਂ ਦੇ ਲੋਕ ਉਨ੍ਹਾਂ ਦੇ ਮਹਾਨ ਫੁਟਬਾਲਰ ਡਿਏਗੋ ਮੈਰਾਡੋਨਾ ਨੂੰ ਪਿਆਰ ਕਰਦੇ ਹਨ ਉਸੇ ਤਰ੍ਹਾਂ ਪੰਜਾਬ ਦੇ ਲੋਕ ਕਬੱਡੀ ਖਿਡਾਰੀਆਂ ਨੂੰ ਪਿਆਰ ਕਰਦੇ ਹਨ।
ਅਰਜਨਟੀਨੀ ਕੋਚ ਨੇ ਕਿਹਾ ਕਿ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਲਈ ਸੱਦਾ ਦਿੱਤਾ ਸੀ ਤਾਂ ਉਨ੍ਹਾਂ ਦੇ ਮਨਾਂ ਵਿੱਚ ਹਿਚਕਾਹਟ ਸੀ ਪਰ ਇਥੇ ਆ ਕੇ ਤਾਂ ਉਨ੍ਹਾਂ ਦੀਆੰ ਅੱਖਾਂ ਖੁੱਲ੍ਹ ਗਈਆਂ। ਕਬੱਡੀ ਨੂੰ ਦਿੱਤੇ ਵਿਸ਼ੇਸ਼ ਦਰਜੇ, ਖਿਡਾਰੀਆਂ ਦੀ ਕੀਤੀ ਜਾ ਰਹੀ ਖਾਤਰਦਾਰੀ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਨੂੰ ਜਿੱਥੇ ਖੁਸ਼ੀ ਮਿਲੀ ਉਥੇ ਹੈਰਾਨੀ ਬਹੁਤ ਹੋਈ ਕਿ ਕਿਸੇ ਖੇਡ ਨੂੰ ਲੋਕ ਇਸ ਹੱਦ ਤੱਕ ਪਿਆਰ ਕਰ ਸਕਦੇ ਹਨ।
ਰਿਕਾਰਡੋ ਨੇ ਕਿਹਾ ਕਿ ਪਹਿਲੇ ਹੀ ਮੈਚ ਵਿੱਚ ਇਟਲੀ ਕੋਲੋਂ ਮਿਲੀ ਵੱਡੀ ਹਾਰ ਦੇ ਬਾਵਜੂਦ ਅਰਜਨਟਾਈਨਾ ਕਬੱਡੀ ਟੀਮ ਦੇ ਹੌਸਲੇ ਪਸਤ ਨਹੀਂ ਹੋਏ ਕਿਉਂਕਿ ਉਹ ਇਥੇ ਸਿੱਖਣ ਲਈ ਆਏ ਹਨ। ਕੋਚ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਵਿੱਚ ਜ਼ੋਰ ਬਹੁਤ ਹੈ ਪਰ ਜੁਗਤ ਦੀ ਕਮੀ ਹੈ। ਕੋਚ ਨੇ ਕਿਹਾ ਕਿ ਉਨ੍ਹਾ ਦੀ ਟੀਮ ਅਗਲੇ ਸਾਲ ਪੂਰੀ ਤਿਆਰੀ ਨਾਲ ਆਵੇਗੀ ਅਤੇ ਇਸ ਲਈ ਉਹ ਆਪਣੇ ਮੁਲਕ ਵਿੱਚ ਪੰਜਾਬੀ ਕਬੱਡੀ ਕੋਚਾਂ ਨੂੰ ਬੁਲਾ ਕੇ ਖਿਡਾਰੀਆਂ ਨੂੰ ਤਿਆਰ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਅਰਜਨਟਾਈਨਾ ਵਿੱਚ ਇਸ ਵੇਲੇ 4 ਕਬੱਡੀ ਕਲੱਬ ਹੈ ਅਤੇ ਵਾਪਸ ਜਾ ਕੇ ਉਹ ਹੋਰ ਕਲੱਬ ਬਣਾਉਣਗੇ ਅਤੇ ਆਪਸ ਵਿੱਚ ਵੱਧ ਤੋਂ ਵੱਧ ਮੁਕਾਬਲੇ ਕਰਵਾ ਕੇ ਤਿਆਰੀ ਕਰਨਗੇ। ਅਰਜਨਟੀਨੀ ਕਬੱਡੀ ਕੋਚ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀ ਪਹਿਲੀ ਵਾਰ ਕਿਸੇ ਕੌਮਾਂਤਰੀ ਮੁਕਾਬਲੇ ਵਿੱਚ ਖੇਡ ਰਹੇ ਹਨ ਅਤੇ ਆਉਂਦੇ ਮੈਚਾਂ ਵਿੱਚ ਉਹ ਹੋਰ ਚੰਗੀ ਖੇਡ ਦਿਖਾਉਣਗੇ ਕਿਉਂਕਿ ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਪੰਜਾਬ ਦੇ ਪੌਣ-ਪਾਣੀ ਅਤੇ ਮਿੱਟੀ ਦੇ ਮੈਦਾਨ ਵਿੱਚ ਖੇਡਣ ਦਾ ਅਭਿਆਸ ਨਹੀਂ ਸੀ। ਉਨ੍ਹਾਂ ਦੀ ਟੀਮ ਮੈਚ ਦਰ ਮੈਚ ਵਧੀਆ ਪ੍ਰਦਰਸ਼ਨ ਕਰੇਗੀ