(ਪਰਮਜੀਤ ਸਿੰਘ ਬਾਗੜੀਆ): ਵੈਨਜੂਏਲਾ ਦੀ 21 ਸਾਲਾ ਮੁਟਿਆਰ ਇਵੀਆਨ ਮਾਰਕੋਸ ਸੁੰਦਰਤਾ ਦਾ ਸਭ ਤੋਂ ਵੱਡਾ ਮਿਸ ਵਰਲਡ ਮੁਕਾਬਲਾ ਜਿੱਤ ਕੇ ਸਾਲ 2011 ਦੀ ਵਿਸ਼ਵ ਸੁੰਦਰੀ ਬਣ ਗਈ ਹੈ। ਐਰਲ ਕੋਰਟ ਲੰਦਨ ਵਿਖੇ ਹੋਏ ਸੁੰਦਰਤਾ, ਫੈਸ਼ਨ ਅਤੇ ਤੜਕ-ਭੜਕ ਦੀ ਚਕਾਚੌਂਧ ਵਾਲੇ ਅਤੇ ਇਸ ਮੁਕਾਬਲੇ ਦੇ ਆਖਿਰੀ ਗੇੜ ਤੋਂ ਬਾਅਦ ਜਿਉਂ ਹੀ ਮਾਰਕੋਸ ਦੇ ਦੁਨੀਆਂ ਦੀ ਅੱਵਲ ਸੁੰਦਰੀ ਹੋਣ ਦਾ ਐਲਾਨ ਹੋਇਆ ਤਾਂ ਖੁਸ਼ੀ ਦੇ ਮਾਰੇ ਉਸਦੇ ਹੰਝੂ ਵਹਿ ਤੁਰੇ। ਵਿਸ਼ਵ ਸੁੰਦਰੀ ਐਲਾਨਣ ਤੋਂ ਪਹਿਲਾਂ ਮਿਸ ਵੈਨਜੂਏਲਾ ਲੰਬੇ ਗੁਲਾਬੀ ਤੇ ਖੰਬਾਂ ਵਰਗੇ ਗਾਊਨ ਪਹਿਨੀ ਤਬਾਹਕੁੰਨ ਦਿੱਖ ਵਿਚ ਨਜ਼ਰ ਆ ਰਹੀ ਸੀ। ਸੁੰਦਰਤਾ ਦਾ ਇਹ ਵਕਾਰੀ ਮੁਕਾਬਲਾ ਮਾਰਕੋਸ ਨੇ ਵਿਸ਼ਵ ਭਰ ਦੇ ਸੌ ਦੇਸ਼ਾਂ ਤੋਂ ਆਈਆਂ 122 ਸੁੰਦਰੀਆਂ ਨੂੰ ਪਛਾੜ ਕੇ ਜਿੱਤਿਆ। ਮੁਕਾਬਲੇ ਦੀ ਰਵਾਇਤ ਅਨੁਸਾਰ ਮਾਰਕੋਸ ਨੂੰ ਵਿਸ਼ਵ ਸੁੰਦਰੀ ਦਾ ਤਾਜ ਪਿਛਲੇ ਸਾਲ 2010 ਦੀ ਵਿਸ਼ਵ ਸੁੰਦਰੀ ਅਲੈਗਜੈਂਡਰੀਆ ਮਿਲਜ਼ ਨੇ ਪਹਿਨਾਇਆ। ਇਸ ਮੁਕਾਬਲੇ ਵਿਚ ਮਿਸ ਫਿਲਪੀਨ ਗਵੇਂਡੋਲਿਨ ਰੁਐਸ ਪਹਿਲੀ ਰਨਰ ਅਪ ਅਤੇ ਮਿਸ ਪੋਰਟੋ ਰੀਕੋ ਅਮੰਡਾ ਪੇਰੇਜ਼ ਦੂਜੀ ਰਨਰ ਅਪ ਰਹੀ। ਜਦਕਿ ਭਾਰਤ ਵਲੋਂ ਇਸ ਦੌੜ ਵਿਚ ਸ਼ਾਮਲ ਮਿਸ ਇੰਡੀਆ ਕਨਿਸ਼ਕਾ ਧਨਖਰ ਸਰਵੋਤਮ 25 ਸੁੰਦਰੀਆਂ ਵਿਚ ਵੀ ਨਹੀਂ ਪੁੱਜ ਸਕੀ।
ਮਾਰਕੋਸ ਦਾ ਵਿਸ਼ਵ ਸੁੰਦਰੀ ਮੁਕਾਬਲਾ ਜਿੱਤਣਾ ਇਕ ਅਨਾਥ ਬਾਲੜੀ ਦੀ ਵਿਸ਼ਵ ਜੇਤੂ ਬਣਨ ਦੀ ਬੜੀ ਦਿਲ ਟੁੰਬਵੀ ਕਹਾਣੀ ਹੈ। ਮਾਰਕੋਸ ਅਜੇ 8 ਸਾਲਾਂ ਦੀ ਹੀ ਸੀ ਕਿ ਮਾਪਿਆਂ ਦੇ ਪਿਆਰ ਤੋਂ ਵਿਰਵੀ ਹੋ ਗਈ। ਸਾਧਵੀਆਂ ਹੱਥੋਂ ਉਸਦਾ ਅੱਗੋਂ ਦਾ ਪਾਲਣ ਪੋਸਣ ਹੋਇਆ। ਇਸ ਸਮੇਂ ਦੌਰਾਨ ਉਹ ਏਨੀ ਪ੍ਰਭਾਵਿਤ ਸੀ ਕਿ ਇਕ ਵਾਰ ਤਾਂ ਉਸਨੇ ਸਾਧਵੀ ਬਣਨ ਦਾ ਸੁਪਨਾ ਸਿਰਜ ਲਿਆ ਸੀ ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਉਹ ਮਾਡਲ ਬਣ ਕੇ ਵੱਡੀ ਪ੍ਰਸਿੱਧੀ ਤੇ ਸਫਲਤਾ ਹਾਸਲ ਕਰ ਸਕਦੀ ਹੈ ਤਾਂ ਉਸਨੇ ਸਾਧਵੀ ਬਣਨ ਦਾ ਖਿਆਲ ਪਿੱਛੇ ਛੱਡ ਦਿੱਤਾ। ਮਾਰਕੋਸ ਆਖਦੀ ਹੈ ਕਿ ਉਸਨੂੰ ਸਿਖਾਇਆ ਗਿਆ ਹੈ ਕਿ ‘ਜਿੰਦਗੀ ਬੁਰੀ ਹੋ ਸਕਦੀ ਹੈ ਪਰ ਇਸਦਾ ਅੰਤ ਬੁਰਾ ਨਹੀਂ ਹੋਣਾ ਚਾਹੀਦਾ ਭਾਵੇਂ ਮੇਰੇ ਮਾਪੇ ਨਹੀਂ ਸਨ ਪਰ ਇਸ ਘਾਟ ਨੇ ਮੈਨੂੰ ਅੰਦਰੋਂ ਮਜਬੂਤ ਬਣਾਇਆ ਹੈ ਜਿੱਤ ਮੇਰੇ ਲਈ ਸਭ ਕੁਝ ਹੈ ਪਰ ਮੈਨੂੰ ਆਸ ਹੈ ਕਿ ਮੈਂ ਬਤੌਰ ਜੇਤੂ ਉਸਾਰੂ ਤਰੀਕੇ ਨਾਲ ਇਸਦਾ ਲਾਭ ਲਵਾਂਗੀ’ ਇਕ ਯਤੀਮ ਹੋਣ ਕਰਕੇ ਵੱਡਿਆਂ ਤੇ ਅੱਲ੍ਹੜ ਨੌਜਵਾਨਾਂ ਲਈ ਕੰਮ ਕਰਨਾ ਵੀ ਉਸਦੀ ਤਰਜੀਹ ਰਹੇਗੀ।
ਉਹ ਅੱਜ ਕੱਲ੍ਹ ਇਕ ਬ੍ਰਾਡਕਾਸਟਿੰਗ ਕੰਪਨੀ ਵਿਚ ਕੰਮ ਕਰਦੀ ਹੈ ਤੇ ਉਸਦੀ ਦੀ ਭਵਿੱਖ ਦੀ ਚੇਸ਼ਟਾ ਗੈਰ ਸਰਕਾਰੀ ਸੰਸਥਾਵਾਂ ਤੇ ਬੱਚਿਆਂ ਲਈ ਕੰਮ ਕਰਨ ਦੀ ਹੈ। ਮਿਸ ਵਰਲਡ ਹੁੰਦਿਆਂ ਉਹ ਮਿਸ ਵਰਲਡ ਸੰਸਥਾ ਵਲੋਂ ਉਲੀਕੇ ਦਾਨ ਪ੍ਰੋਗਰਾਮਾਂ ਵਿਚ ਹਿੱਸਾ ਲਵੇਗੀ ਜਿਨ੍ਹਾਂ ਦਾਨ ਪ੍ਰੋਜੈਕਟਾਂ ਰਾਹੀਂ ਸੰਸਥਾ ਹੁਣ ਤਕ ਪਿਛਲੇ 40 ਸਾਲਾਂ ਵਿਚ 800 ਮਿਲੀਅਨ ਡਾਲਰ ਦਾ ਫੰਡ ਉਸਾਰ ਚੁੱਕੀ ਹੈ। ੳਸਨੇ ਅੱਲ੍ਹੜ ਨੌਜਵਾਨਾਂ ਦੀ ਮਦਦ ਕਰਨ ਲਈ ਇਕ ਫਾਉਂਡੇਸ਼ਨ ਵੀ ਖੜ੍ਹੀ ਕਰ ਰੱਖੀ ਹੈ। ਬਾਲੀਵਾਲ ਖੇਡਣ ਤੇ ਪਹਾੜਾਂ ‘ਤੇ ਚੜ੍ਹਨ ਭਾਵ ਟਰੈਕਿੰਗ ਦੀ ਸ਼ੌਕੀਨ ਇਸ ਵਿਸ਼ਵ ਸੁੰਦਰੀ ਨੇ ਆਪਣੇ ਲਈ ਉਸ ਸਮੇਂ ਨੂੰ ਮਾਣ ਮੱਤੇ ਪਲਾਂ ਵਜੋਂ ਵਰਨਣ ਕੀਤਾ ਹੈ ਜਿਸ ਸਮੇਂ ਉਸ ਨੇ ਵਿਚਾਰਾਂ ਦੇ ਆਦਾਨ ਪ੍ਰਦਾਨ ਕੀਤੇ ਅਤੇ ਧੁਰ ਅੰਦਰੋਂ ਦਿਲ ਦੀਆਂ ਗੱਲਾਂ ਕੀਤੀਆਂ।