ਪਟਿਆਲਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਭਲਕੇ 8 ਨਵੰਬਰ ਨੂੰ ਵਿਸ਼ਵ ਕੱਪ ਕਬੱਡੀ-2011 ਪੂਲ ‘ਏ’ ਦੇ ਤਿੰਨ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਅਫਗਾਨਸਿਤਾਨ ਤੇ ਨੇਪਾਲ, ਭਾਰਤ ਤੇ ਇੰਗਲੈਂਡ ਅਤੇ ਆਸਟਰੇਲੀਆ ਤੇ ਜਰਮਨੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਾਰੇ ਮੈਚ ਰਾਤ ਸਮੇਂ ਸਾਢੇ ਪੰਜ ਤੋਂ 10 ਵਜੇ ਤੱਕ ਫਲੱਡ ਲਾਈਟਾਂ ਹੇਠ ਖੇਡੇ ਜਾਣਗੇ। ਇਸੇ ਸਟੇਡੀਅਮ ਵਿੱਚ ਪਿਛਲੇ ਸਾਲ ਪਹਿਲੇ ਵਿਸ਼ਵ ਕੱਪ ਦਾ ਧੂਮ ਧੜੱਕੇ ਨਾਲ ਆਗਾਜ਼ ਹੋਇਆ ਸੀ।
ਪੂਲ ‘ਏ’ ਦੇ ਇਨ੍ਹਾਂ ਮੈਚਾਂ ਲਈ ਇੰਗਲੈਂਡ ਦੀ ਟੀਮ ਵਿਸ਼ਵ ਕੱਪ ਵਿੱਚ ਬਣੇ ਰਹਿਣ ਅਤੇ ਭਾਰਤੀ ਟੀਮ ਸੈਮੀ ਫਾਈਨਲ ਦੀ ਸੀਟ ਪੱਕੀ ਕਰਨ ਲਈ ਜਿੱਤਣ ਦੀ ਕੋਸ਼ਿਸ਼ ਕਰਨਗੀਆਂ ਜਦੋਂ ਕਿ ਅਫਗਾਨਸਿਤਾਨ ਤੇ ਨੇਪਾਲ ਦੀਆਂ ਟੀਮਾਂ ਵਿਸ਼ਵ ਕੱਪ ਵਿੱਚ ਨਮੋਸ਼ੀ ਤੋਂ ਬੱਚਣ ਲਈ ਆਪਣਾ ਪਹਿਲਾ ਮੈਚ ਜਿੱਤ ਕੇ ਖਾਤਾ ਖੋਲ੍ਹਣ ਦੀ ਕੋਸ਼ਿਸ ਵਿੱਚ ਹੋਣਗੀਆਂ।
ਪਹਿਲਾ ਮੈਚ ਅਫਗਾਨਸਿਤਾਨ ਤੇ ਨੇਪਾਲ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਨੇਪਾਲ ਦੀ ਟੀਮ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਸਾਰਿਆਂ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਅਫਗਾਨਸਿਤਾਨ ਦੀ ਟੀਮ ਵੀ ਆਪਣੇ ਖੇਡੇ ਦੋਵੇਂ ਮੈਚ ਹਾਰ ਕੇ ਸਭ ਤੋਂ ਹੇਠਾਂ ਚੱਲ ਰਹੀ ਹੈ। ਦੋਵੇਂ ਟੀਮਾਂ ਆਪਣੀ ਪਹਿਲੀ ਜਿੱਤ ਲਈ ਪੂਰੀ ਵਾਹ ਲਾਉਣਗੀਆਂ। ਨੇਪਾਲ ਦਾ ਕਿਰਨ ਤੇ ਮੁੰਨਾ ਦੀ ਖੇਡ ਦੇਖਣਯੋਗ ਹੋਵੇਗੀ।
ਦੂਜਾ ਮੈਚ ਸਭ ਤੋਂ ਫਸਵੀਂ ਟੱਕਰ ਵਾਲਾ ਹੋਵੇਗਾ ਜਿਸ ਵਿੱਚ ਚੋਟੀ ’ਤੇ ਚੱਲ ਰਹੇ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਟੱਕਰ ਹੋਵੇਗੀ। ਭਾਰਤੀ ਟੀਮ ਆਪਣੇ ਖੇਡੇ ਤਿੰਨੇ ਮੈਚ ਜਿੱਤ ਕੇ ਸਿਖਰ ਉਪਰ ਚੱਲ ਰਹੀ ਹੈ ਅਤੇ ਇੰਗਲੈਂਡ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ਦੀ ਟਿਕਟ ਪੱਕੀ ਕਰਨ ਦੇ ਮੂਡ ਵਿੱਚ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਪਹਿਲਾ ਮੈਚ ਜਿੱਤਣ ਤੋਂ ਬਾਅਦ ਦੂਜੇ ਮੈਚ ਵਿੱਚ ਆਖਰੀ ਪਲਾਂ ਦੀ ਢਿੱਲ ਕਾਰਨ ਕੈਨੇਡਾ ਤੋਂ ਥੋੜੇ ਫਰਕ ਨਾਲ ਹਾਰ ਗਈ ਸੀ। ਇੰਗਲੈਂਡ ਦੀ ਟੀਮ ਵਿਸ਼ਵ ਕੱਪ ਵਿੱਚ ਬਣੇ ਰਹਿਣ ਲਈ ਹਾਰ ਹਾਲ ਵਿੱਚ ਜਿੱਤਣਾ ਚਾਹੇਗੀ।
ਤੀਜੇ ਮੈਚ ਵਿੱਚ ਆਸਟਰੇਲੀਆ ਤੇ ਜਰਮਨੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਜਰਮਨੀ ਨੇ ਦੋ ਮੈਚ ਖੇਡ ਕੇ ਇਕ ਜਿੱਤਿਆ ਤੇ ਇਕ ਹਾਰਿਆ ਹੈ ਜਦੋਂ ਕਿ ਆਸਟਰੇਲੀਆ ਨੇ ਤਿੰਨ ਮੈਚ ਖੇਡ ਕੇ ਇਕ ਜਿੱਤਿਆ ਹੈ ਤੇ ਦੋ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਦੋਵੇਂ ਟੀਮਾਂ ਵੀ ਪੂਲ ਏ ਦੀਆਂ ਪਹਿਲੀਆਂ ਚਾਰ ਟੀਮਾਂ ਵਿੱਚ ਆਉਣ ਨਾਲ ਜਿੱਤਣ ਦੀ ਕੋਸ਼ਿਸ਼ ਕਰਨਗੀਆਂ।