ਦੁਨੀਆ ਦਾ ਮੰਨਿਆ-ਪ੍ਰਮੰਨਿਆ ਮੁੱਕੇਬਾਜ ਜੋਏ ਫਰੇਜੀਅਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਸਾਬਕਾ ਹੈਵੀਵੇਟ ਵਿਸ਼ਵ ਚੈਂਪੀਅਨ ਤੇ 1964 ਦੀਆਂ ਟੋਕੀੳ ਉਲਿੰਪਿਕ ਵਿਚ ਅਮਰੀਕਾ ਲਈ ਗੋਲਡ ਮੈਡਲ ਜਿੱਤਣ ਵਾਲਾ ਮੁੱਕੇਬਾਜ ਗੁਰਦੇ ਦੇ ਕੈਂਸਰ ਦੀ ਬਿਮਾਰੀ ਅੱਗੇ ਹਾਰ ਗਿਆ। 67 ਸਾਲਾ ਵਿਸ਼ਵ ਜੇਤੂ ਜੋਜਫ ਵਿਲੀਅਮ ਫਰੇਜੀਅਰ ‘ਸਮੋਕਿਨ ਜੋਅ’ ਦੇ ਛੋਟੇ ਨਾਂ ਨਾਲ ਪ੍ਰਸਿੱਧ ਹੋਇਆ। 12 ਜਨਵਰੀ 1944 ਨੂੰ ਬੇਫੋਰਟ, ਸਾਊਥ ਕੈਰੋਲੀਨਾ, ਅਮਰੀਕਾ ਵਿਖੇ ਜਨਮੇ ਜੋਅ ਫਰੇਜੀਅਰ ਦੀਆਂ ਵਿਰੋਧੀ ਮੁੱਕੇਬਾਜਾਂ ਨਾਲ ਹੋਈਆਂ ਜਬਰਦਤ ਲੜਾਈਆਂ ਦਾ ਜਿਕਰ ਵਿਸ਼ਵ ਮੁੱਕੇਬਾਜੀ ਦੇ ਸੁਨਹਿਰੀ ਪੰਨਿਆਂ ‘ਤੇ ਲਿਖਿਆ ਮਿਲਦਾ ਹੈ। ਵਿਰੋਧੀ ਮੁੱਕੇਬਾਜ ਨੂੰ ਚਿੱਤ ਕਰਨ ਵਾਲਾ ਉਸਦ ਲੈਫਟ ਹੁਕ ਪੰਚ ਦੁਨੀਆ ਭਰ ਵਿਚ ਮਸ਼ਹੂਰ ਹੋਇਆ। ਬਾਕਸਿੰਗ ਤੋ ਰਿਟਾਇਰ ਹੋ ਕੇ ਉਸਨੇ ਫਿਲਾਡੈਲਫੀਆ ਵਿਚ ਬਾਕਸਿੰਗ ਰਿੰਗ ਖੋਹਲ ਕੇ ਸੈਕੜੇ ਉਭਰਦੇ ਮੁੱਕੇਬਾਜ ਪੈਦਾ ਕੀਤੇ।
ਮੁੱਕੇਬਾਜੀ ਦੇ ਬੇਤਾਜ ਬਾਦਸ਼ਾਹ ਰਹੇ ਮੁੰਹਮਦ ਅਲੀ ਨੂੰ 1971 ਵਿਚ ਹਰਾਉਣ ਵਾਲਾ ਉਹ ਪਹਿਲਾ ਮੁੱਕੇਬਾਜ ਬਣਿਆ। ਜੋਅ ਨੇ ਕੁਲ 32 ਮੁਕਾਬਲੇ ਲੜੇ ਜਿਨ੍ਹਾਂ ਵਿਚੋਂ ਉਹ ਚਾਰ ਮੁਕਾਬਲੇ ਹਾਰਿਆ ਤੇ ਇਕ ਵਾਰ ਉਸਦਾ ਮੁਕਾਬਲਾ ਬਰਾਬਰੀ ‘ਤੇ ਛੁੱਟਿਆ ਪਰ ਬਾਕੀ 27 ਮੁਕਾਬਲੇ ਜੋਅ ਨੇ ਵਿਰੋਧੀ ਮੁੱਕੇਬਾਜਾਂ ਨੂੰ ਨਾਕ ਆਉਟ ਕਰਕੇ ਇਕਪਾਸੜ ਬਣਾ ਧਰੇ ਸਨ। ਭਾਵੇਂ ਵਿਸ਼ਵ ਹੈਵੀਵੇਟ ਮੁੱਕੇਬਾਜੀ ਚੈਂਪੀਅਨ ਦਾ 1970 ਤੋਂ 1973 ਤੱਕ ਦਾ ਟਾਈਟਲ ਉਸਦੇ ਨਾਂ ਰਿਹਾ ਹੈ ਜੋਅ ਦੀ ਜਿੰਦਗੀ ਵਿਚ ਜਿੱਤਾਂ ਹਾਰਾਂ ਦੇ ਉਤਰਾਅ-ਚੜਾਅ ਵੀ ਆਉਂਦੇ ਰਹੇ। ਉਹ ਮੁੰਹਮਦ ਅਲੀ ਨੂੰ ਜਿੱਤਿਆ ਅਤੇ ਉਸਤੋਂ ਦੋ ਵਾਰ ਹਾਰਿਆ ਵੀ। ਤਿੰਨ ਸਾਲਾਂ ਦਾ ਅਜੇਤੂ ਵਿਸ਼ਵ ਚੈਂਪੀਅਨ ਰਹਿਣ ਉਪਰੰਤ ਉਹ ਮੁੱਕੇਬਾਜੀ ਦਾ ਅਜੇਤੂ ਤਾਜ ਜਾਰਜ ਫੋਰਮੈਨ ਨੂੰ ਹਾਰ ਗਿਆ ਪਰ ਜੋਅ ਦੀ ਮੁੱਕੇਬਾਜ ਮੁੰਹਮਦ ਅਲੀ ਨਾਲ ਹੋਈਆਂ ਤਿੰਨ ਜਬਰਦਸਤ ਭਿੜਤਾਂ ਸਦਕਾ ਉਸਨੇ ਬੇਅੰਤ ਪ੍ਰਸਿੱਧੀ ਹਾਸਲ ਕਰ ਲਈ ਸੀ। ਮੁੱਕੇਬਾਜੀ ਵਿਚ ਸਰਵੳੱਚਤਾ ਦੀ ਆਖਿਰੀ ਲੜਾਈ ਵੀ ਉਸਨੇ ਮੁੰਹਮਦ ਅਲੀ ਵਿਰੁੱਧ ਹੀ ਲੜੀ। 1975 ਵਿਚ ਮਨੀਲਾ ਵਿਖੇ ਹੋਈ ਉਸਦੀ ਫਾਈਟ ਯਾਦਗਾਰੀ ਬਣ ਗਈ। ਅੰਤਰਰਾਸ਼ਟਰੀ ਬਾਕਸਿੰਗ ਖੋਜ ਸੰਸਥਾ ਨੇ ਵੀ ਉਸਨੂੰ ਹੁਣ ਤੱਕ ਦੇ 10 ਮਹਾਨ ਮੁੱਕੇਬਾਜਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।
ਭਾਵੇਂ ਫਰੇਜੀਅਰ ਤੇ ਮੁੰਹਮਦ ਅਲੀ ਵਿਚਕਾਰ ਰਿੰਗ ਤੋਂ ਬਾਹਰ ਵੀ ਸਬੰਧ ਸੁਖਾਵੇਂ ਨਹੀਂ ਰਹੇ ਪਰ ਆਪਣੇ ਵਿਰੋਧੀ ਮੁੱਕੇਬਾਜ ਦੀ ਮੌਤ ‘ਤੇ ਅਲੀ ਨੇ ਕਿਹਾ ਹੈ ਕਿ ਵਿਸ਼ਵ ਨੇ ਇਕ ਮਹਾਨ ਚੈਂਪੀਅਨ ਖੋ ਦਿੱਤਾ ਹੈ, ਮੈਂ ਹਮੇਸ਼ਾ ਜੋਅ ਨੂੰ ਸਤਿਕਾਰ ਤੇ ਪ੍ਰੇਰਨਾ ਵਜੋਂ ਯਾਦ ਕਰਦਾ ਰਹਾਂਗਾ।