ਨਵੀਂ ਦਿੱਲੀ- ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੇ ਨਿਊਯਾਰਕ ਹਵਾਈ ਅੱਡੇ ਤੇ ਪਹੁੰਚਣ ਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਤਲਾਸ਼ੀ ਲੇ ਕੇ ਅਪਮਾਨ ਕੀਤਾ ਗਿਆ। ਤਲਾਸ਼ੀ ਲੇਣ ਤੋਂ ਬਾਅਦ ਵੀ ਜਦੋਂ ਉਹ ਹਵਾਈ ਜਹਾਜ ਵਿੱਚ ਬੈਠ ਚੁੱਕੇ ਸਨ ਤਾਂ ਸੁਰੱਖਿਆ ਅਧਿਕਾਰੀ ਵਿਸਫੋਟਕ ਜਾਂਚ ਲਈ ਉਨ੍ਹਾਂ ਦੀਆਂ ਜੁੱਤੀਆਂ ਅਤੇ ਜੈਕਟ ਲੈ ਗਏ। ਭਾਰਤ ਸਰਕਾਰ ਵਲੋਂ ਸਖਤ ਰੋਸ ਪ੍ਰਗਟਾਏ ਜਾਣ ਤੇ ਅਮਰੀਕਾ ਨੇ ਇਸ ਘਟਨਾ ਤੇ ਕਲਾਮ ਅਤੇ ਭਾਰਤ ਸਰਕਾਰ ਤੋਂ ਲਿਖਤੀ ਰੂਪ ਵਿੱਚ ਮਾਫ਼ੀ ਮੰਗੀ ਹੈ।
ਭਾਰਤ ਨੇ ਅਮਰੀਕਾ ਨੂੰ ਇਹ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ਵਲੋਂ ਅਜਿਹੀਆਂ ਘਟਨਾਵਾਂ ਨੂੰ ਨਾਂ ਰੋਕਿਆ ਗਿਆ ਤਾਂ ਅਮਰੀਕਾ ਤੋਂ ਆਉਣ ਵਾਲੇ ਸਨਮਾਨਿਤ ਮੇਹਮਾਨਾਂ ਨਾਲ ਵੀ ਅਜਿਹਾ ਹੀ ਵਰਤਾਅ ਕੀਤਾ ਜਾਵੇਗਾ, ਜਿਸ ਤਰ੍ਹਾਂ ਸਾਬਕਾ ਰਾਸ਼ਟਰਪਤੀ ਕਲਾਮ ਨਾਲ ਨਿਊਯਾਰਕ ਹਵਾਈ ਅੱਡੇ ਤੇ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਅਮਰੀਕਾ ਵਿੱਚ ਭਾਰਤ ਦੀ ਰਾਜਦੂਤ ਨਿਰੂਪਮਾ ਰਾਵ ਨੂੰ ਇਹ ਨਿਰਦੇਸ਼ ਦਿੱਤੇ ਹਨ ਇਸ ਮਸਲੇ ਨੂੰ ਵਾਸਿੰਗਟਨ ਵਿੱਚ ਟਾਪ ਲੈਵਲ ਤੇ ਲਿਖਿਤ ਰੂਪ ਵਿੱਚ ਉਠਾਇਆ ਜਾਵੇ।
ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਲਈ ਮਾਫੀ ਮੰਗੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਸਿਤੰਬਰ 29 ਨੂੰ ਜੇਐਫ਼ਕੇ ਏਅਰਪੋਰਟ ਨਿਊਯਾਰਕ ਵਿੱਚ ਹੋਈ ਘਟਨਾ ਤੋਂ ਕਲਾਮ ਨੂੰ ਹੋਈ ਪਰੇਸ਼ਾਨੀ ਤੇ ਸਾਨੂੰ ਬਹੁਤ ਅਫਸੋਸ ਹੈ। ਅਸੀਂ ਕਲਾਮ ਦੀ ਬਹੁਤ ਇਜ਼ਤ ਕਰਦੇ ਹਾਂ।” ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਵਿਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਧਿਆਨ ਰੱਖਿਆ ਜਾਵੇਗਾ।