ਇਲਾਹਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿੱਚ ਇਲਾਹਬਾਦ ਦੇ ਨਜ਼ਦੀਕ ਝੂੰਸੀ ਵਿੱਚ ਰੈਲੀ ਕਰਕੇ ਆਪਣੇ ਚੋਣ ਪਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਰਾਹੁਲ ਨੇ ਝੂੰਸੀ ਵਿੱਚ ਰੈਲੀ ਦੌਰਾਨ ਯੂਪੀ ਦੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਦੋਂ ਤੱਕ ਤੁਸੀਂ ਮਹਾਂਰਾਸ਼ਟਰ ਤੋਂ ਭੀਖ ਮੰਗਦੇ ਰਹੋਗੇ। ਰਾਹੁਲ ਦੇ ਇਸ ਬਿਆਨ ਦੀ ਤਿੱਖੀ ਅਲੋਚਨਾ ਹੋ ਰਹੀ ਹੈ।
ਰਾਹੁਲ ਗਾਂਧੀ ਦੇ ਇਸ ਬਿਆਨ ਦੀ ਬਸਪਾ, ਬੀਜੇਪੀ, ਸਪਾ, ਐਮਐਨਐਸ ਅਤੇ ਸਿਵਸੈਨਾ ਵਲੋਂ ਸਖਤ ਅਲੋਚਨਾ ਕੀਤੀ ਗਈ ਹੈ ।ਬੀਜੇਪੀ ਨੇ ਰਾਹੁਲ ਦੇ ਇਸ ਬਿਆਨ ਨੂੰ ਉਤਰਪ੍ਰਦੇਸ਼ ਦੇ ਲੋਕਾਂ ਦਾ ਅਪਮਾਨ ਕਰਾਰ ਦਿੱਤਾ ਹੈ। ਬਾਲ ਠਾਕੁਰੇ ਨੇ ਕਿਹਾ ਹੈ ਕਿ ਰਾਹੁਲ ਨੂੰ ਟਿਊਸ਼ਨ ਦੀ ਜਰੂਰਤ ਹੈ। ਰਾਜ ਠਾਕੁਰੇ ਨੇ ਰਾਹੁਲ ਦੇ ਇਸ ਬਿਆਨ ਨੂੰ ਦੇਸ਼ ਨੂੰ ਤੋੜਨ ਵਾਲਾ ਦਸਿਆ ਹੈ। ਇਸ ਤੋਂ ਪਹਿਲਾਂ ਰਾਹੁਲ ਨੇ ਉਤਰਪ੍ਰਦੇਸ਼ ਦੀ ਮੌਜੂਦਾ ਸਰਕਾਰ ਤੇ ਭ੍ਰਿਸ਼ਟਾਚਾਰ ਦਾ ਇਲਜਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਰਾਜ ਦੀ ਭਲਾਈ ਲਈ ਜੋ ਪੈਸਾ ਦਿੱਤਾ ਜਾਂਦਾ ਹੈ, ਉਹ ਸਾਰਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦਾ ਹੈ।
ਰਾਹੁਲ ਨੇ ਯੂਪੀ ਵਿੱਚ ਬੇਰੁਜ਼ਗਾਰੀ ਅਤੇ ਸੂਬੇ ਦੇ ਲੋਕਾਂ ਦਾ ਦੂਸਰੇ ਰਾਜਾਂ ਵਿੱਚ ਪਲਾਇਨ ਦੇ ਮੁੱਦੇ ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਇਹ ਸਵਾਲ ਕੀਤਾ, ‘ਤੁਸੀਂ ਕਦੋਂ ਤੱਕ ਮਹਾਂਰਾਸ਼ਟਰ ਵਿੱਚ ਭੀਖ ਮੰਗੋਗੇ? ਤੁਸੀਂ ਕਦੋਂ ਤੱਕ ਪੰਜਾਬ ਅਤੇ ਦਿੱਲੀ ਵਿੱਚ ਮਜ਼ਦੂਰੀ ਕਰੋਂਗੇ? ਮੈਨੂੰ ਇਸ ਦਾ ਜਵਾਬ ਚਾਹੀਦਾ ਹੈ।’ ਰਾਹੁਲ ਨੇ ਇਸ ਲਈ ਮਾਇਆਵਤੀ ਨੂੰ ਜਿੰਮੇਵਾਰ ਠਹਿਰਾਇਆ। ਸਮਾਜਵਾਦੀ ਪਾਰਟੀ ਵਰਕਰਾਂ ਨੇ ਸੜਕਾਂ ਤੇ ਉਤਰ ਕੇ ਰਾਹੁਲ ਦੇ ਇਸ ਬਿਆਨ ਦਾ ਵਿਰੋਧ ਕੀਤਾ।