ਮਾਨਸਾ/ਜਲੰਧਰ, (ਗੁਰਿੰਦਰਜੀਤ ਸਿੰਘ ਪੀਰਜੈਨ) – ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਕੱਲ੍ਹ ਹੁਸ਼ਿਆਰਪੁਰ ਵਿਖੇ ਖੇਡੇ ਮੈਚਾਂ ਦੌਰਾਨ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਨਾਂਹ ਕਰਨ ਵਾਲੀ ਅਮਰੀਕਾ ਦੀ ਪੁਰਸ਼ ਕਬੱਡੀ ਟੀਮ ਵਿਰੁੱਧ ਅਨੁਸਾਸ਼ਣੀ ਕਾਰਵਾਈ ਕਰਦਿਆਂ ਵਿਸ਼ਵ ਕੱਪ ਵਿੱਚੋਂ ਬਾਹਰ ਕਰ ਦਿੱਤਾ।
ਸਰਕਾਰੀ ਬੁਲਾਰੇ ਅਨੁਸਾਰ ਅਮਰੀਕਾ ਦੀ ਟੀਮ ਵਿਸ਼ਵ ਕੱਪ ਵਿੱਚ ਆਪਣੇ ਪੂਲ ‘ਬੀ’ ਵਿੱਚ ਪਹਿਲੇ ਨੰਬਰ ’ਤੇ ਸੀ ਅਤੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ ਸੀ। ਪੰਜਾਬ ਸਰਕਾਰ ਵੱਲੋਂ ਡੋਪ ਟੈਸਟਾਂ ਦੀ ਕੀਤੀ ਸਖਤੀ ਕਾਰਨ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਤੇ ਡੋਪਿੰਗ ਕੰਟਰੋਲ ਕਮੇਟੀ ਵੱਲੋਂ ਹਰ ਰੋਜ਼ ਹਰ ਟੀਮ ਦੇ 2-2 ਖਿਡਾਰੀਆਂ ਦੇ ਡੋਪ ਟੈਸਟ ਲਏ ਜਾ ਰਹੇ ਹਨ। ਅਮਰੀਕਾ ਟੀਮ ਵੱਲੋਂ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਕੀਤੀ ਨਾਂਹ ਕਾਰਨ ਇਸ ਟੀਮ ਨੂੰ ਬਾਹਰ ਕਰ ਦਿੱਤਾ।