ਲੁਧਿਆਣਾ: ਪੰਜਾਬ ਦੇ ਆਖਰੀ ਪ੍ਰਭੂਸੱਤਾ ਸੰਪੰਨ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਵਿੱਚ ਆਖਰੀ ਰਾਤ ਕੱਟਣ ਵਾਲੀ ਇਤਿਹਾਸਕ ਰਾਏਕੋਟ ਬੱਸੀਆਂ ਕੋਠੀ ਨੂੰ ਕੌਮੀ ਯਾਦਗਾਰ ਵਜੋਂ ਸੰਭਾਲਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਉਤਸ਼ਾਹ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਬੱਸੀਆਂ ਕੋਠੀ ਦਾ ਅੱਜ ਨਵੀਂ ਦਿੱਲੀ ਸਥਿਤ ਵਿਰਾਸਤ
ਸੰਭਾਲਣ ਲਈ ਮੰਨੀ ਪ੍ਰਮੰਨੀ ਸੰਸਥਾ ਇਨਟੈਕ ਦੇ ਚੇਅਰਮੈਨ ਮੇਜਰ ਜਨਰਲ ਰਿਟਾ: ਐਲ ਕੇ ਗੁਪਤਾ ਨੇ ਅੱਜ ਬੱਸੀਆਂ ਪਹੁੰਚ ਕੇ ਇਸ ਦੀ ਪੁਨਰ ਉਸਾਰੀ ਦਾ ਜਾਇਜ਼ਾ ਲਿਆ। ਰਾਏਕੋਟ ਨਗਰ ਪ੍ਰੀਸ਼ਦ ਦੇ ਚੇਅਰਮੈਨ ਸ: ਅਮਨਦੀਪ ਸਿੰਘ ਗਿੱਲ, ਸਾਬਕਾ ਵਿਧਾਇਕ ਸ: ਜਗਦੇਵ ਸਿੰਘ ਜੱਸੋਵਾਲ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸ: ਗੁਰਭਜਨ ਸਿੰਘ ਗਿੱਲ, ਰਾਏਕੋਟ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਜਗਜੀਤ ਸਿੰਘ ਤਲਵੰਡੀ ਅਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਵੱਲੋਂ ਟਰੱਸਟ ਦੇ ਸਕੱਤਰ ਪ੍ਰਮਿੰਦਰ ਸਿੰਘ ਜੱਟਪੁਰੀ ਨੇ ਜਨਰਲ ਗੁਪਤਾ ਦਾ ਸੁਆਗਤ ਕਰਦਿਆਂ ਦੱਸਿਆ ਕਿ ਰਾਏਕੋਟ ਦੀ ਵਿਰਾਸਤ ਵਿੱਚ ਬੱਸੀਆਂ ਕੋਠੀ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਮਹੱਤਵਪੂਰਨ ਹੈ ਜਿਸ ਦੀ ਸੰਭਾਲ ਕੌਮੀ ਪੱਧਰ ਤੇ ਜ਼ਰੂਰੀ ਹੈ। ਸ: ਜਗਦੇਵ ਸਿੰਘ ਜੱਸੋਵਾਲ ਅਤੇ ਸ: ਜਗਜੀਤ ਸਿੰਘ ਤਲਵੰਡੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜਨਰਲ ਗੁਪਤਾ ਦਾ ਸੁਆਗਤ ਕਰਦਿਆਂ ਆਖਿਆ ਕਿ ਲਗਪਗ 11 ਏਕੜ ਰਕਬੇ ਵਿੱਚ ਬਣੇ ਇਸ ਨਹਿਰੀ ਵਿਸ਼ਰਾਮ ਘਰ ਵਿੱਚ ਇਨਟੈਕ ਵੱਲੋਂ ਪਹਿਲੇ ਪੜਾਅ ਤੇ ਇਸ ਕੋਠੀ ਦੀ ਪੁਰਾਤਨ ਸ਼ਕਲ ਸੂਰਤ ਕਾਇਮ ਰੱਖਣ ਦਾ ਯਤਨ ਸ਼ਲਾਘਾਯੋਗ ਹੈ। ਇਸ ਦਾ ਇਮਾਰਤੀ ਢਾਂਚਾ ਠੀਕ ਕਰਨ ਲਈ ਵਿਸ਼ੇਸ਼ ਟੀਮਾਂ ਦਿੱਲੀ ਤੋਂ ਭੇਜੀਆਂ ਗਈਆਂ ਹਨ। ਸ: ਤਲਵੰਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਕ ਇਸ ਕੋਠੀ ਨੂੰ ਆਉਂਦੀਆਂ ਸੜਕਾਂ ਪੰਜਾਬ ਰਾਜ ਮੰਡੀਕਰਨ ਬੋਰਡ ਵੱਲੋਂ ਉਸਾਰੀਆਂ ਜਾਣਗੀਆਂ ਅਤੇ ਇਸ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ। ਮਹਾਰਾਜ ਦਲੀਪ ਸਿੰਘ ਟਰੱਸਟ ਦੇ ਸਕੱਤਰ ਪ੍ਰਮਿੰਦਰ ਸਿੰਘ ਨੇ ਆਖਿਆ ਕਿ ਇਸ ਨਹਿਰੀ ਵਿਸ਼ਰਾਮ ਘਰ ਵਿੱਚ ਪਈਆਂ ਪੁਰਾਤਨ ਵਸਤਾਂ ਨੂੰ ਵੀ ਦੱਦਾਹੂਰ ਨਹਿਰੀ ਵਿਸ਼ਰਾਮ ਘਰ ਵਿਚੋਂ ਵਾਪਸ ਲਿਆਉਣ ਲਈ ਉਪਰਾਲਾ ਕੀਤਾ ਜਾਵੇ ਤਾਂ ਜੋ ਇਸ ਦੀ ਪੁਰਾਤਨ ਸ਼ਾਨ ਮੁੜ ਬਹਾਲ ਕੀਤੀ ਜਾਵੇ। ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਸ: ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਇਸ ਯਾਦਗਾਰ ਵਿੱਚ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਦਲੀਪ ਸਿੰਘ ਅਤੇ ਸਿੱਖ ਰਾਜ ਨਾਲ ਸਬੰਧਿਤ ਪੁਸਤਕਾਂ ਦੀ ਲਾਇਬ੍ਰੇਰੀ ਵੀ ਬਣਾਉਣਾ ਸ਼ੁਭ ਸ਼ਗਨ ਹੈ। ਉਨ੍ਹਾਂ ਆਖਿਆ ਕਿ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਅਨਮੋਲ ਇਤਿਹਾਸਕ ਪੁਸਤਕਾਂ ਦਾਨ ਰੂਪ ਵਿੱਚ ਇਸ ਲਾਇਬ੍ਰੇਰੀ ਲਈ ਉਸਾਰੀ ਉਪਰੰਤ ਭੇਂਟ ਕਰਨ। ਉਨ੍ਹਾਂ ਆਖਿਆ ਕਿ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਿਤ ਵਸਤਰਾਂ, ਸਸ਼ਤਰਾਂ ਅਤੇ ਹੋਰ ਵਸਤਾਂ ਦੀ ਇੰਗਲੈਂਡ ਵਿੱਚ ਨਿਲਾਮੀ ਦਾ ਸਮਾਚਾਰ ਮਿਲਿਆ ਹੈ। ਇਸ ਲਈ ਵੀ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਿਆਰਿਆਂ ਨੂੰ ਇਹ ਵਸਤਾਂ ਕਿਸੇ ਹੋਰ ਦੇ ਕਬਜ਼ੇ ਵਿੱਚ ਨਹੀਂ ਜਾਣ ਦੇਣੀਆਂ ਚਾਹੀਦੀਆਂ ਕਿਉਂਕਿ ਇਹ ਪੰਜਾਬ ਦੇ ਇਤਿਹਾਸ ਦੀ ਅਮਾਨਤ ਹੈ।
ਮੌਕੇ ਤੇ ਹਾਜ਼ਰ ਇਲਾਕੇ ਦੇ ਸੈਂਕੜੇ ਪੰਚਾਂ ਸਰਪੰਚਾਂ ਅਤੇ ਨਗਰ ਪਾਲਿਕਾ ਰਾਏਕੋਟ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਐਲ ਕੇ ਗੁਪਤਾ ਨੇ ਦੱਸਿਆ ਕਿ ਬੱਸੀਆਂ ਕੋਠੀ ਦੀ ਮੁੜ ਉਸਾਰੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪੰਜਾਬ ਸਰਕਾਰ ਨੇ ਪਹਿਲੇ ਪੜਾਅ ਲਈ ਜਿੰਮੇਂਵਾਰੀ ਨਿਭਾਉਣ ਵਾਸਤੇ ਇਨਟੈਕ ਨੂੰ 2.6 ਕਰੋੜ ਰੁਪਏ ਦੀ ਧਨ ਰਾਸ਼ੀ ਦੇਣੀ ਹੈ ਜਦ ਕਿ ਦੂਜਾ ਪੜਾਅ ਬਾਅਦ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਵੱਡੇ ਰਕਬੇ ਨੂੰ ਵਾਤਾਵਰਨ ਸੰਭਾਲ ਪੱਖੋਂ ਸੰਵਾਰਨ ਲਈ ਜੇਕਰ ਕੋਈ ਸੰਤ ਮਹਾਂਪੁਰਸ਼ ਕਾਰ ਸੇਵਾ ਕਰਨ ਲਈ ਅੱਗੇ ਆਵੇ ਤਾਂ ਇਹ ਵੀ ਵਧੀਆ ਰਹੇਗਾ ਕਿਉਂਕਿ ਇਸ ਦੀ ਮੁੜ ਉਸਾਰੀ ਦਾ ਕੰਮ 26 ਜਨਵਰੀ ਤੀਕ ਸੰਪੂਰਨ ਹੋ ਜਾਣਾ ਹੈ। ਇਸ ਤੋਂ ਬਾਅਦ ਦੂਸਰਾ ਪੜਾਅ ਸ਼ੁਰੂ ਹੋਵੇਗਾ। ਉਨ੍ਹਾਂ ਇਸ ਇਲਾਕੇ ਦੀ ਸਭਿਆਚਾਰਕ ਵਿਰਾਸਤ ਬਾਰੇ ਵੀ ਸ: ਜਗਦੇਵ ਸਿੰਘ ਜੱਸੋਵਾਲ ਪਾਸੋਂ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਜਨਰਲ ਗੁਪਤਾ ਨੂੰ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਸ: ਜਗਦੇਵ ਸਿੰਘ ਜੱਸੋਵਾਲ, ਸ: ਜਗਜੀਤ ਸਿੰਘ ਤਲਵੰਡੀ ਅਤੇ ਹੋਰ ਸਹਿਯੋਗੀਆਂ ਨੇ ਮਹਾਰਾਜਾ ਦਲੀਪ ਸਿੰਘ ਦੀ ਫੋਟੋ, ਉਨ੍ਹਾਂ ਬਾਰੇ ਸ: ਅਵਤਾਰ ਸਿੰਘ ਗਿੱਲ ਵੱਲੋਂ ਲਿਖੀ ਪੁਸਤਕ ਅਤੇ ਬੱਸੀਆਂ ਕੋਠੀ ਵਿਖੇ ਕਰਵਾਏ ਮੇਲੇ ਦੀ ਵੀਡੀਓ ਸੀਡੀ ਵੀ ਭੇਂਟ ਕੀਤੀ ਗਈ। ਸ: ਜਗਦੇਵ ਸਿੰਘ ਜੱਸੋਵਾਲ ਨੇ ਆਖਿਆ ਕਿ ਬੱਸੀਆਂ ਕੋਠੀ ਸਾਡੀ ਸਾਂਝੀ ਵਿਰਾਸਤ ਹੈ ਅਤੇ ਕਿਸੇ ਵੀ ਸਿਆਸੀ ਤਰ੍ਹਾਂ ਦੇ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਇਸ ਦੀ ਉਸਾਰੀ ਲਈ ਸਮਾਜਿਕ ਆਗੂਆਂ, ਧਾਰਮਿਕ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਸ: ਅਮਨਦੀਪ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ।