ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਨਵ ਵਿਕਾਸ ਵਿਭਾਗ ਵੱਲੋਂ ਪਿੰਡ ਇਯਾਲੀ ਕਲਾਂ ਵਿਖੇ ਭਰੂਣ ਹੱਤਿਆ ਦੇ ਖਿਲਾਫ਼ ਚੇਤਨਾ ਫੈਲਾਉਣ ਲਈ ਲਗਾਏ ਕੈਂਪ ਨੂੰ ਸੰਬੋਧਨ ਕਰਦਿਆਂ ਸਥਾਨਕ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰ ਡਾ. ਅਨੁਰਾਗ ਚੌਧਰੀ ਨੇ ਕਿਹਾ ਹੈ ਕਿ ਭਰੂਣ ਹੱਤਿਆ ਨੂੰ ਸਮਾਜਕ ਕਲੰਕ ਵਾਂਗ ਜਾਨਣ ਦੀ ਲੋੜ ਹੈ । ਉਨ੍ਹਾਂ ਆਖਿਆ ਕਿ ਵਾਰ-ਵਾਰ ਗਰਭ ਗਿਰਾਉਣ ਨਾਲ ਔਰਤਾਂ ਦੀ ਪ੍ਰਜਨਣ ਸ਼ਕਤੀ ਵੀ ਖਤਰੇ ਹੇਠ ਪੈਂਦੀ ਹੈ ਅਤੇ ਆਮ ਸਿਹਤ ਵੀ ਡਿਗ ਪੈਂਦੀ ਹੈ । ਉਨ੍ਹਾਂ ਆਖਿਆ ਕਿ ਔਰਤਾਂ ਨੂੰ ਇਸ ਸਮਾਜਕ ਕੁਰੀਤੀ ਦੇ ਖਿਲਾਫ਼ ਖੁਦ ਵੀ ਤਕੜੇ ਹੋ ਕੇ ਸੰਘਰਸ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿ¤ਚ ਮਾਨਵ ਜਾਤੀ ਦੀ ਹੋਂਦ ਨੂੰ ਵੀ ਖਤਰਾ ਬਣ ਸਕਦਾ ਹੈ । ਡਾ. ਚੌਧਰੀ ਨੇ ਆਖਿਆ ਕਿ ਬੱਚੀਆਂ ਨੂੰ ਪੌਸ਼ਟਿਕ ਖੁਰਾਕ ਦੇਣਾ ਲਾਜ਼ਮੀ ਹੈ ਕਿਉਂਕਿ ਭਵਿੱਖ ਦੀਆਂ ਸਿਹਤਮੰਦ ਮਾਵਾਂ ਤਾਂ ਹੀ ਸਿਹਤਮੰਦ ਬੱਚੇ ਪੈਦਾ ਕਰ ਸਕਣਗੀਆਂ ।
ਲੁਧਿਆਣਾ ਜ਼ਿਲ੍ਹੇ ਦੀ ਐਡੀਸ਼ਨਲ ਡਿਸਟ੍ਰਿਕਟ ਅਟਾਰਨੀ ਸ੍ਰੀਮਤੀ ਰੀਤੂ ਜੈਨ ਨੇ ਔਰਤਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਆਪਣੇ ਹੱਕਾਂ ਦੀ ਰਾਖੀ ਲਈ ਖੁਦ ਹੀ ਯਤਨਸ਼ੀਲ ਹੋਣਾ ਪੈਣਾ ਹੈ । ਉਨ੍ਹਾਂ ਆਖਿਆ ਕਿ ਔਰਤ ਨੂੰ ਫੈਸਲੇ ਮੰਨਣ ਦੀ ਥਾਂ ਫੈਸਲੇ ਕਰਨ ਵਾਲੀ ਸਥਿਤੀ ਵਿੱਚ ਪਹੁੰਚਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਦੇ ਆਕਾਰ ਦੀ ਯੋਜਨਾਕਾਰੀ ਵਿੱਚ ਆਪਣੇ ਜੀਵਨ ਸਾਥੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਧੀਆਂ ਹਨ ਜਾਂ ਪੁੱਤਰ ।
ਮਾਨਵ ਵਿਕਾਸ ਵਿਭਾਗ ਦੀ ਮੁਖੀ ਡਾ. ਜਤਿੰਦਰ ਗੁਲਾਟੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਗੁਰੁ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਵਰਤਮਾਨ ਨੰਨੀ ਛਾਂ ਲਹਿਰ ਤੀਕ ਸਮਾਜ ਨੂੰ ਇਹ ਗੱਲ ਦੱਸੀ ਜਾ ਰਹੀ ਹੈ ਕਿ ਔਰਤ ਜਨਣੀ ਹੈ ਅਤੇ ਜਣਨੀ ਦੇ ਸਤਿਕਾਰ ਬਿਨਾਂ ਸਮਾਜ ਵਿਕਾਸ ਨਹੀਂ ਕਰ ਸਕਦਾ ਪਰ ਸਾਡੀਆਂ ਸਮਾਜਕ ਕਦਰਾਂ ਕੀਮਤਾਂ ਵਿੱਚ ਮਰਦ ਪ੍ਰਧਾਨਗੀ ਹੋਣ ਕਾਰਨ ਭਰੂਣ ਹੱਤਿਆ ਵਰਗਾ ਸਮਾਜਕ ਕਲੰਕ ਪੰਜਾਬੀਆਂ ਦੇ ਮੱਥੇ ਤੋਂ ਲਹਿਣ ਦਾ ਨਾਮ ਨਹੀਂ ਲੈ ਰਿਹਾ । ਡਾ. ਗੁਲਾਟੀ ਨੇ ਭਰੂਣ ਹੱਤਿਆ ਹੋਣ ਦੇ ਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਵਿਸ਼ਵ ਵਿੱਚ ਇਹ ਕਲੰਕ ਸਭ ਤੋਂ ਵੱਧ ਏਸ਼ੀਆਈ ਲੋਕਾਂ ਨੇ ਖਟਿਆ ਹੈ ਅਤੇ ਏਸ਼ੀਆ ਵਿਚੋਂ ਭਾਰਤ ਅਤੇ ਭਾਰਤ ਵਿੱਚੋਂ ਪੰਜਾਬ ਇਸ ਮੰਦੇ ਕੰਮ ਵਿੱਚ ਸਭ ਤੋਂ ਅੱਗੇ ਹੈ । ਉਨ੍ਹਾਂ ਆਖਿਆ ਕਿ ਔਰਤ ਦੀ ਹੋਂਦ ਨਾਲ ਘਰਾਂ ਵਿੱਚ ਸੰਵੇਦਨਸ਼ੀਲਤਾ ਜਿਉਂਦੀ ਹੈ ਅਤੇ ਮਾਦਾ ਭਰੂਣ ਹੱਤਿਆ ਨੂੰ ਰੋਕ ਕੇ ਹੀ ਸੰਵੇਦਨਾ ਨੂੰ ਜਿਉਂਦਾ ਰੱਖਿਆ ਜਾ ਸਕਦਾ ਹੈ ।
ਡਾ. ਗੁਲਾਟੀ ਨੇ ਦੱਸਿਆ ਕਿ ਸ੍ਰੀਮਤੀ ਵੰਦਨਾ ਕੰਵਰ ਵੱਲੋਂ ਉਨ੍ਹਾਂ ਦੀ ਅਗਵਾਈ ਹੇਠ ਭਰੂਣ ਹੱਤਿਆ ਦੇ ਖਿਲਾਫ਼ ਖੋਜ ਕਾਰਜ ਕੀਤਾ ਗਿਆ ਹੈ ਅਤੇ ਇਹ ਲੋਕ ਚੇਤਨਾ ਕੈਂਪ ਵੀ ਉਸੇ ਦੀ ਲੜੀ ਅਧੀਨ ਹੈ । ਇਸ ਮੌਕੇ ਮਾਨਵ ਵਿਕਾਸ ਵਿਭਾਗ ਦੀ ਐਮ ਐਸ ਸੀ ਵਿਦਿਆਰਥਣ ਰੁਪਿੰਦਰ ਕੌਰ ਨੇ ਯੂਨੀਵਰਸਿਟੀ ਅਧਿਆਪਕ ਗੁਰਭਜਨ ਗਿੱਲ ਦੁਆਰਾ ਲਿਖੀ ਕਵਿਤਾ ਰੱਖੜੀ ਦੀ ਤੰਦ ਖਤਰੇ ਵਿੱਚ ਹੈ, ਸੁਣਾਈ । ਸ੍ਰੀਮਤੀ ਵੰਦਨਾ ਕੰਵਰ ਨੇ ਆਏ ਮਹਿਮਾਨਾਂ ਦਾ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ । ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਸ੍ਰੀ ਜੀਵਨ ਕੁਮਾਰ ਨੇ ਇਸ ਕੈਂਪ ਦੇ ਆਯੋਜਨ ਲਈ ਮਾਨਵ ਵਿਕਾਸ ਵਿਭਾਗ ਦਾ ਭਰਵਾਂ ਸਹਿਯੋਗ ਦਿੱਤਾ ।