ਜਲੰਧਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਇਥੋਂ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਅੱਜ ਪੁਰਸ਼ ਵਰਗ ਦੇ ਆਖਰੀ ਲੀਗ ਮੁਕਾਬਲੇ ਖੇਡੇ ਗਏ ਜਿਨ੍ਹਾਂ ਵਿੱਚ ਪਾਕਿਸਤਾਨ ਨੇ ਸਪੇਨੇ ਨੂੰ 62-14 ਅਤੇ ਇਟਲੀ ਨੇ ਸ੍ਰੀਲੰਕਾ ਨੂੰ74-16 ਨਾਲ ਹਰਾਇਆ। ਪਾਕਿਸਤਾਨ ਨੇ ਪੰਜ ਜਿੱਤਾਂ ਨਾਲ ਆਪਣੇ ਪੂਲ ‘ਬੀ’ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਿਆ। ਮਹਿਲਾ ਵਰਗ ਵਿੱਚ ਇੰਗਲੈਂਡ ਨੇ ਤੁਰਕਮੇਸਿਤਾਨ ਨੂੰ 56-17 ਨਾਲ ਹਰਾ ਕੇ ਫਾਈਨਲ ਦੀ ਦੌੜ ਵਿੱਚ ਬਰਕਰਾਰ ਰੱਖਿਆ।
ਅੱਜ ਦੇ ਮੁਕਾਬਲਿਆਂ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਤੀਕਸ਼ਣ ਸੂਦ, ਮਾਲ ਤੇ ਮੁੜ ਵਸੇਬਾ ਮੰਤਰੀ ਸ. ਅਜੀਤ ਸਿੰਘ ਕੋਹਾੜ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਭਗਤ ਚੁੰਨੀ ਲਾਲ ਮੁੱਖ ਮਹਿਮਾਨ ਵਜੋਂ ਜਦੋਂ ਕਿ ਅੱਜ ਦੇ ਮੈਚਾਂ ਦੀ ਪ੍ਰਧਾਨਗੀ ਮੁੱਖ ਸੰਸਦੀ ਸਕੱਤਰ ਸ੍ਰੀ ਅਵਿਨਾਸ਼ ਚੰਦਰ, ਸ੍ਰੀ ਕੇ.ਡੀ.ਭੰਡਾਰੀ ਤੇ ਸ. ਸਰਵਣ ਸਿੰਘ ਫਿਲੌਰ, ਵਿਧਾਇਕ ਸ੍ਰੀਮਤੀ ਰਾਜਵਿੰਦਰ ਕੌਰ ਭੁੱਲਰ ਤੇ ਸ. ਸਰਬਜੀਤ ਸਿੰਘ ਮੱਕੜ, ਨਗਰ ਸੁਧਾਰ ਟਰੱਸਟਦੇ ਚੇਅਰਮੈਨ ਸ. ਬਲਜੀਤ ਸਿੰਘ ਨੀਲਾ ਮਹਿਲ ਨੇ ਕੀਤੀ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਇਸ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਉਦਮ ਸਦਕਾ ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਵਿਸ਼ਵ ਕੱਪ ਆਪਣੇ ਸਿਖਰਾਂ ਨੂੰ ਛੂੰਹ ਰਿਹਾ ਹੈ ਅਤੇ ਇਸ ਨਾਲ ਕਬੱਡੀ ਖੇਡ ਦਾ ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿੱਚ ਦਾਖਲੇ ਦਾ ਦਾਅਵਾ ਮਜ਼ਬੂਤ ਹੋਇਆ ਹੈ।
ਸ੍ਰੀ ਸੂਦ ਨੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪ੍ਰਫੁੱਲਤ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਨਵੇਂ ਅਤਿ ਆਧੁਨਿਕ ਸਹੂਲਤਾਂ ਵਾਲੇ ਕੌਮਾਂਤਰੀ ਪੱਧਰ ਦੇ ਖੇਡ ਸਟੇਡੀਅਮ ਉਸਾਰੇ ਗਏ ਹਨ ਅਤੇ ਜਲੰਧਰ ਵਾਸੀਆਂ ਨੂੰ ਵੀ ਫਲੱਡ ਲਾਈਟਾਂ ਵਾਲਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਨਸੀਬ ਹੋਇਆ ਹੈ। ਸੁਰਜੀਤ ਹਾਕੀ ਸਟੇਡੀਅਮ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲਧੰਰ ਦਾ ਦੂਜਾ ਫਲੱਡ ਲਾਈਟਾਂ ਵਾਲਾ ਸਟੇਡੀਅਮ ਹੈ।
ਅੱਜ ਦੇ ਮੁਕਾਬਲਿਆਂ ਵਿੱਚ ਸਭ ਤੋਂ ਦਿਲ ਖਿੱਚਵਾਂ ਮੁਕਾਬਲਾ ਮਹਿਲਾ ਵਰਗ ਵਿੱਚ ਇੰਗਲੈਂਡ ਤੇ ਤੁਰਕਮੇਸਿਤਾਨ ਵਿਚਾਲੇ ਹੋਇਆ। ਇੰਗਲੈਂਡ ਨੇ ਭਾਵੇਂ ਵੱਡੇ ਫਰਕ ਨਾਲ 56-17 ਨਾਲ ਮੈਚ ਜਿੱਤਿਆ ਪਰ ਤੁਰਕਮੇਸਿਤਾਨ ਵੱਲੋਂ ਕੀਤੀ ਜਦੋ ਜਹਿਦ ਅਤੇ ਦਰਸ਼ਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਨੇ ਇਸ ਮੈਚ ਨੂੰ ਯਾਦਗਾਰ ਬਣਾ ਦਿੱਤਾ। ਇੰਗਲੈਂਡ ਟੀਮ ਨੇ ਇਸ ਜਿੱਤ ਨਾਲ ਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ। ਅੱਧੇ ਸਮੇਂ ਤੱਕ ਇੰਗਲੈਂਡ ਟੀਮ 28-6 ਨਾਲ ਅੱਗੇ ਸੀ। ਇੰਗਲੈਂਡ ਦੀ ਰੇਡਰ ਲਾਉਮੀ ਮਿਨੀਅਸ ਨੇ 6 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਚੈਨਲ ਐਸੂਮ ਨੇ 10 ਅਤੇ ਮਿਸ ਟਰੇਸੀਆ ਬਰੂਅਜ਼ ਨੇ 9 ਜੱਫੇ ਲਾਏ। ਤੁਰਕਮੇਸਿਤਾਨ ਵੱਲੋਂ ਰੇਡਰ ਟੁਰ ਨਾਰਗੁਲ ਤੇ ਯੇਜੀਨੀਆ ਨੇ 4-4 ਅੰਕ ਲਾਏ।
ਦਿਨ ਦੇ ਆਖਰੀ ਤੇ ਤੀਜੇ ਮੈਚ ਵਿੱਚ ਪਾਕਿਸਤਾਨ ਨੇ ਸਪੇਨ ਨੂੰ 62-14 ਨਾਲ ਹਰਾ ਕੇ ਲੀਗ ਦੀ ਪੰਜਵੀਂ ਜਿੱਤ ਦਰਜ ਕੇ ਸ਼ਾਨ ਨਾਲ ਪਹਿਲੇ ਨੰਬਰ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਪਾਕਿਸਤਾਨ ਟੀਮ ਅੱਧੇ ਸਮੇਂ ਤੱਕ 40-3 ਨਾਲ ਅੱਗੇ ਸੀ। ਪਾਕਿਸਤਾਨ ਦੇ ਰੇਡਰਾਂ ਵਿੱਚੋਂ ਲਾਲਾ ਉਬੈਦਉੱਲਾ ਨੇ 10 ਤੇ ਮੁਹੰਮਦ ਅਫਜ਼ਲ ਸਦੀਕ ਬੱਟੇ ਨੇ 9 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਮੁਹੰਮਦ ਮੁਨਸ਼ਾ ਤੇ ਰਾਸ਼ਿਦ ਇਸਮਾਇਲ ਨੇ 7-7 ਅਤੇ ਆਸਿਫ ਅਲੀ ਮੌਲਾ ਨੇ 6 ਜੱਫੇ ਲਾਏ। ਸਪੇਨ ਵੱਲੋਂ ਰੇਡਰ ਸੁਖਜਿੰਦਰ ਸੈਫਲਾਬਾਦ ਨੇ 5 ਅੰਕ ਬਟੋਰੇ।
ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਮੈਚ ਵਿੱਚ ਇਟਲੀ ਨੇ ਸ੍ਰੀਲੰਕਾ ਨੂੰ 74-16 ਨਾਲ ਹਰਾਇਆ। ਅੱਧੇ ਸਮੇਂ ਤੱਕ ਇਟਲੀ ਦੀ ਟੀਮ 38-6 ਨਾਲ ਅੱਗੇ ਸੀ। ਇਟਲੀ ਵੱਲੋਂ ਰੇਡਰ ਧਰਮਿੰਦਰ ਸਿੰਘ ਭਿੰਦਾ, ਪਰਮਿੰਦਰ ਸਿੰਘ ਪਿੰਦਰੀ ਤੇ ਕਰਨ ਘੁੱਗਸ਼ੋਰ ਨੇ 10-10 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਕੁਲਵਿੰਦਰ ਸਿੰਘ ਜੀਤ ਨੇ 7, ਪਰਮਜੀਤ ਸਿੰਘ ਬਿੱਟੀ ਨੇ 6 ਅਤੇ ਮੇਜਰ ਢੰਡੋਵਾਲ ਨੇ 5 ਜੱਫੇ ਲਾਏ। ਸ੍ਰੀਲੰਕਾ ਦੇ ਰੇਡਰਾਂ ਵਿੱਚੋਂ ਰਿਵਾਨ ਨੇ 4, ਅਨੁਰਾਧਿਕਾ ਨੇ 3 ਅਤੇ ਸ਼ਸ਼ਅਨਥਾ ਨੇ 1 ਅੰਕ ਲਿਆ।
ਅੱਜ ਦੇ ਮੈਚਾਂ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਦੇ ਚੇਅਰਮੈਨ ਸ੍ਰੀ ਪਵਨ ਟੀਨੂੰ, ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਮਹਿੰਦਰ ਭਗਤ, ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਿਅੰਕ ਭਾਰਤੀ, ਏ.ਡੀ.ਸੀ.ਪੀ. ਗਗਨਅਜੀਤ ਸਿੰਘ, ਐਸ.ਡੀ.ਐਮ. ਸ. ਇਕਬਾਲ ਸਿੰਘ ਸੰਧੂ, ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰੈਸ ਸਕੱਤਰ ਸ. ਸੁਰਿੰਦਰ ਸਿੰਘ ਭਾਪਾ ਆਦਿ ਹਾਜ਼ਰ ਸਨ।