ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਸ਼੍ਰੀ ਓਮ ਪਰਕਾਸ਼ ਭਸੀਨ ਫਾਉਂਡੇਸ਼ਨ ਫਾਰ ਸਾਇੰਸ ਅਤੇ ਤਕਨਾਲੋਜੀ ਵੱਲੋਂ ਸ਼੍ਰੀ ਓਮ ਪਰਕਾਸ਼ ਭਸੀਨ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਫਾਉਂਡੇਸ਼ਨ ਵੱਲੋਂ ਭਾਰਤ ਅੰਤਰ ਰਾਸ਼ਟਰੀ ਕੇਂਦਰ ਨਵੀਂ ਦਿੱਲੀ ਵਿਖੇ 15 ਨਵੰਬਰ ਨੂੰ ਆਯੋਜਿਤ ਐਵਾਰਡ ਸਮਾਰੋਹ ਦੌਰਾਨ ਡਾ: ਢਿੱਲੋਂ ਵੱਲੋਂ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਪਾਏ ਅੰਤਰ ਰਾਸ਼ਟਰੀ ਯੋਗਦਾਨ ਦੀ ਮਾਨਤਾ ਵਜੋਂ ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਸ਼੍ਰੀ ਹਮਿਦ ਅਨਸਾਰੀ ਵੱਲੋਂ ਪ੍ਰਦਾਨ ਕੀਤਾ ਗਿਆ।
ਵਰਨਣਯੋਗ ਹੈ ਕਿ ਪਲਾਂਟ ਬ੍ਰੀਡਿੰਗ ਦੇ ਖੇਤਰ ਵਿੱਚ ਡਾ: ਢਿੱਲੋਂ ਨੇ ਇਕ ਖੇਤੀ ਵਿਗਿਆਨੀ ਵਜੋਂ ਅਹਿਮ ਖੋਜ ਕਾਰਜ ਕੀਤੇ ਹਨ ਅਤੇ ਨਾਲ ਦੀ ਨਾਲ ਵੱਖ ਵੱਖ ਪ੍ਰਸਾਸ਼ਨਿਕ ਅਹੁਦਿਆਂ ਤੇ ਰਹਿੰਦਿਆਂ ਪ੍ਰਸਾਸ਼ਨਿਕ ਸੁਧਾਰਾਂ ਪ੍ਰਤੀ ਵੀ ਆਪਣੀ ਕਾਰਗੁਜ਼ਾਰੀ ਦਾ ਲੋਹਾ ਮਨਵਾਇਆ ਹੈ।
ਮੱਕੀ ਦੇ ਪ੍ਰਸਿੱਧ ਵਿਗਿਆਨੀ ਵਜੋਂ ਵਿਸ਼ਵ ਪ੍ਰਸਿੱਧ ਪਹਿਚਾਣ ਵਾਲੇ ਡਾ: ਢਿੱਲੋਂ ਨੇ ਹੁਣ ਤੱਕ ਸੋਲਾਂ ਮੱਕੀ ਦੇ ਹਾਈਬਰਿਡ ਖੋਜ ਕੀਤੇ ਹਨ। ਮੱਕੀ ਦੀ ਕਾਸ਼ਤ ਵਿੱਚ ਹੋਏ ਹੁਣ ਤਕ ਦੇ ਖੋਜ ਕਾਰਜਾਂ ਲਈ ਡਾ: ਢਿੱਲੋਂ ਪਹਿਲੀ ਕਤਾਰ ਦੇ ਖੇਤੀ ਵਿਗਿਆਨੀ ਹਨ ਜਿਨ੍ਹਾਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਖੇਤੀ ਖੋਜ ਸੇਵਾਵਾਂ ਸਫਲਤਾ ਨਾਲ ਕੀਤੀਆਂ ਹਨ।