ਪੇਂਟਾਗਨ- ਅਮਰੀਕਾ ਨੇ ਇੱਕ ਅਜਿਹੇ ‘ਹਾਈਪਰਸੋਨਿਕ’ ਬੰਬ ਵਾਹਣ ਦਾ ਸਫ਼ਲ ਟੈਸਟ ਕੀਤਾ ਹੈ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਤੇਜ਼ੀ ਨਾਲ ਉਡ ਸਕਦਾ ਹੈ। ਇਸ ਯੰਤਰ ਦਾ ਪ੍ਰੀਖਣ ਹਵਾਈ ਦੇ ਇੱਕ ਮਿਸਾਈਲ ਪ੍ਰੀਖਿਆ ਕੇਂਦਰ ਵਿੱਚ ਕੀਤਾ ਗਿਆ ਅਤੇ ਇਸ ਨੇ 2300 ਕਿਲੋਮੀਟਰ ਦੀ ਦੂਰੀ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਤੈਅ ਕਰ ਲਈ।
ਪੇਂਟਾਗਨ ਨੇ ਵੀਰਵਾਰ ਨੂੰ ਇੱਕ ਅਜਿਹਾ ਪ੍ਰੀਖਣ ਕੀਤਾ ਹੈ, ਜਿਸ ਨੂੰ ‘ਐਡਵਾਂਸਡ ਹਾਈਪਰਸੋਨਿਕ ਵੈਪਨ’ ਦਾ ਨਾਂ ਦਿੱਤਾ ਗਿਆ ਹੈ। ਪੇਂਟਾਗਨ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਹਵਾਈ ਤੋਂ ਇਸ ਨੂੰ ਇੱਕ ਰਾਕਟ ਰਾਹੀਂ ਛੱਡਿਆ ਗਿਆ ਅਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਾਯੂਮੰਡਲ ਦੀ ਉਪਰਲੀ ਸਤਾ ਤੋਂ ਹੁੰਦੇ ਹੋਏ ਦੱਖਣੀਪੱਛਮੀ ਹਿੱਸੇ ਵਿੱਚ ਸਥਿਤ ਕਵਾਜਾਲੀਨ ਐਟਾਲ ਵਿੱਚ ਉਦੇਸ਼ ਤੱਕ ਪਹੁੰਚਿਆ।” ਪੇਂਟਾਗਨ ਨੇ ਇਸ ਪ੍ਰੋਜੈਕਟ ਤੇ 24 ਕਰੋੜ ਡਾਲਰ ਖਰਚ ਕੀਤੇ ਹਨ। ਵੀਰਵਾਰ ਨੂੰ ਜਿਸ ਬੰਬ ਵਾਹਣ ਦਾ ਟੈਸਟ ਕੀਤਾ ਗਿਆ ਉਸ ਉਪਰ 6.9 ਕਰੋੜ ਡਾਲਰ ਦਾ ਖਰਚ ਆਇਆ ਹੈ।
ਵਿਗਿਆਨਕਾਂ ਦਾ ਕਹਿਣਾ ਹੈ ਕਿ ‘ਹਾਈਪਰਸੋਨਿਕ’ ਉਸ ਗਤੀ ਨੂੰ ਕਿਹਾ ਜਾਂਦਾ ਹੇ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਹੋਵੇ, ਜੋ ਇੱਕ ਘੰਟੇ ਵਿੱਚ 6000 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰ ਸਕੇ।ਇਸ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਜਰੂਰਤ ਪੈਣ ਤੇ ਅਮਰੀਕਾ ਇੱਕ ਘੰਟੇ ਵਿੱਚ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹਮਲਾ ਕਰ ਸਕਦਾ ਹੈ।