ਬਠਿੰਡਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤ ਤੇ ਕੈਨੇਡਾ ਦੀਆਂ ਕਬੱਡੀ ਟੀਮਾਂ ਨੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੁਰਸ਼ ਵਰਗ ਦੇ ਆਪੋ-ਆਪਣੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਮੁੜ ਫਾਈਨਲ ਵਿੱਚ ਸਥਾਨ ਬਣਾ ਲਿਆ। ਕੈਨੇਡਾ ਨੇ ਫਸਵੇਂ ਮੁਕਾਬਲੇ ਵਿੱਚ ਪਿਛਲੇ ਸਾਲ ਦੇ ਉਪ ਜੇਤੂ ਪਾਕਿਸਤਾਨ ਨੂੰ ਹਰਾ ਕੇ ਬਠਿੰਡਾ ਦੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਪਹਿਲਾਂ ਬਠਿੰਡਾ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਸ. ਪਰਕਾਸ਼ ਸਿੰਘ ਬਾਦਲ ਨੇ ਪਹਿਲੇ ਸੈਮੀ ਫਾਈਨਲ ਵਿੱਚ ਖੇਡਣ ਵਾਲੀਆਂ ਭਾਰਤ ਤੇ ਇਟਲੀ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਅੱਜ ਦੇ ਮੈਚਾਂ ਦੀ ਸ਼ੁਰੂਆਤ ਕੀਤੀ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮਹਿਲਾ ਵਰਗ ਵਿੱਚ ਖੇਡ ਰਹੀਆਂ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਅਤੇ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਆਏ ਉਥੋਂ ਦੇ ਮੰਤਰੀ ਸ. ਟਿੰਮ ਉਪਲ ਨੇ ਦੂਜੇ ਸੈਮੀ ਫਾਈਨਲ ਵਿੱਚ ਖੇਡ ਰਹੀਆਂ ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰਵਾਈ। ਇਸ ਤੋਂ ਪਹਿਲਾਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਟੇਡੀਅਮ ਵਿੱਚ ਹਾਜ਼ਰ ਮਹਿਮਾਨਾਂ, ਖਿਡਾਰੀਆਂ, ਅਧਿਕਾਰੀਆਂ, ਦਰਸ਼ਕਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਰੱਖ ਕੇ ਬੀਤੀ ਸ਼ਾਮ ਵਾਪਰੇ ਭਿਆਨਕ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਹੈਡ ਕਾਂਸਟੇਬਲ ਤੇ ਡਰਾਈਵਰ ਨੂੰ ਸ਼ਰਧਾਂਜਲੀ ਦਿੱਤੀ ਗਈ।
ਅੱਜ ਖੇਡੇ ਗਏ ਪਹਿਲੇ ਸੈਮੀ ਫਾਈਨਲ ਵਿੱਚ ਭਾਰਤ ਨੇ ਇਟਲੀ ਨੂੰ 74-15 ਅਤੇ ਕੈਨੇਡਾ ਨੇ ਪਾਕਿਸਤਾਨ ਨੂੰ ਫਸਵੇਂ ਮੁਕਾਬਲੇ ਵਿੱਚ 44-39 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ। ਮਹਿਲਾ ਵਰਗ ਦੇ ਆਖਰੀ ਲੀਗ ਮੈਚ ਵਿੱਚ ਭਾਰਤ ਨੇ ਅਮਰੀਕਾ ਨੂੰ 57-7 ਹਰਾਇਆ। ਮਹਿਲਾ ਵਰਗ ਦਾ ਫਾਈਨਲ ਮੈਚ ਵਿੱਚ ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ। ਪਿਛਲੇ ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਨੇ ਫਾਈਨਲ ਵਿੱਚ ਜਗ੍ਹਾਂ ਬਣਾਈ ਸੀ ਪਰ ਇਸ ਵਾਰ ਪਾਕਿਸਤਾਨ ਅਸਫਲ ਰਿਹਾ ਅਤੇ ਕੈਨੇਡਾ ਨੇ ਪਹਿਲੀ ਫਾਈਨਲ ਵਿੱਚ ਜਗ੍ਹਾਂ ਪੱਕੀ ਕੀਤੀ।
ਪਹਿਲੇ ਸੈਮੀ ਫਾਈਨਲ ਵਿੱਚ ਪੂਲ ‘ਏ’ ਦੀ ਜੇਤੂ ਟੀਮ ਭਾਰਤ ਨੇ ਇਟਲੀ ਵਿਰੁੱਧ ਆਪਣੀ ਪੂਰੀ ਫਾਰਮ ਨਾਲ ਖੇਡਦਿਆਂ 74-15 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤੀ ਟੀਮ ਦੇ ਰੇਡਰਾਂ ਵਿੱਚੋ ਸੰਦੀਪ ਦਿੜ੍ਹਬਾ ਤੇ ਗਗਨਦੀਪ ਸਿੰਘ ਗੱਗੀ ਖੀਰਾਵਾਲੀ ਨੇ 11-11 ਅਤੇ ਕਪਤਾਨ ਸੁਖਬੀਰ ਸਿੰਘ ਸਰਾਵਾਂ ਨੇ 8 ਅੰਕ ਹਾਸਲ ਕੀਤੇ। ਭਾਰਤ ਦੇ ਜਾਫੀਆਂ ਵਿੱਚੋਂ ਏਕਮ ਹਠੂਰ ਨੇ 9, ਅਤੇ ਮੰਗਤ ਸਿੰਘ ਮੰਗੀ ਬੱਗਾ ਤੇ ਗੁਰਵਿੰਦਰ ਸਿੰਘ ਕਾਹਲਵਮਾਂ ਨੇ 6-6 ਜੱਫੇ ਲਾਏ। ਇਟਲੀ ਟੀਮ ਵੱਲੋਂ ਰੇਡਰ ਬਲਜਿੰਦਰ ਹਿੰਮਤਪੁਰੀਆ ਨੇ 7 ਅਤੇ ਭਿੰਦੀ ਖੀਰਾਵਾਲੀ ਨੇ 6 ਅੰਕ ਲਏ। ਇਟਲੀ ਵੱਲੋਂ ਇਕਲੌਤਾ ਜੱਫਾ ਮੇਜਰ ਢੰਡੋਵਾਲ ਨੇ ਲਗਾਇਆ।
ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਪੁਰਸ਼ ਵਰਗ ਦਾ ਦੂਜਾ ਸੈਮੀ ਫਾਈਨਲ ਬਹੁਤ ਫਸਵਾਂ ਅਤੇ ਇਕ-ਇਕ ਅੰਕ ਲਈ ਕਾਂਟੇ ਦੀ ਟੱਕਰ ਵਾਲਾ ਰਿਹਾ। ਪਾਕਿਸਤਾਨ ਨੂੰ ਮੈਚ ਵਿੱਚ 4 ਅੰਕ ਬੋਨਸ ਮਿਲੇ ਕਿਉਂਕਿ ਕੈਨੇਡਾ ਦੇ ਖਿਡਾਰੀ ਘੱਟ ਸਨ ਪਰ ਫਿਰ ਵੀ ਕੈਨੇਡਾ ਨੇ ਹਿੰਮਤ ਨਾ ਹਾਰਦਿਆਂ ਹਰਦੀਪ ਤਾਊ, ਸੰਦੀਪ ਗੁਰਦਾਸਪੁਰੀਆ ਤੇ ਬਲਜੀਤ ਸੈਦੋਕੇ ਦੀ ਜਾਫੀ ਤਿੱਕੜੀ ਦੀ ਵਧੀਆ ਖੇਡ ਸਦਕਾ ਲੀਡ ਲੈ ਲਈ। ਪਾਕਿਸਤਾਨ ਦੇ ਧੱਕੜ ਧਾਵੀ ਵਜੋਂ ਜਾਣ ਜਾਂਦੇ ਲਾਲਾ ਉਬੈਦਉੱਲਾ ਨੂੰ ਸ਼ੁਰੂਆਤ ਵਿੱਚ ਹੀ ਡੱਕ ਲਿਆ। ਪੂਰੇ ਮੈਚ ਵਿੱਚ ਟੀਮਾਂ ਕਈ ਵਾਰ ਬਰਾਬਰੀ ’ਤੇ ਆਈਆਂ ਪਰ ਆਖਰੀ ਪਲਾਂ ਵਿੱਚ ਕਿੰਦਾ ਬਿਹਾਰੀਪੁਰੀਆ ਦਾ ਤਜ਼ਰਬਾ ਤੇ ਬਲਜੀਤ ਸੈਦੋਕੇ ਦੇ ਜੱਫਿਆਂ ਨਾ ਪਾਸਾ ਪਲਟਦਿਆਂ ਕੈਨੇਡਾ ਨੂੰ ਪਾਕਿਸਤਾਨ ਉਪਰ 44-39 ਨਾਲ ਜੇਤੂ ਬਣਾਇਆ। ਅੱਧੇ ਸਮੇਂ ਤੱਕ ਦੋਵਾਂ ਟੀਮਾਂ 20-20 ਦੀ ਬਰਾਬਰੀ ’ਤੇ ਸਨ। ਕੈਨੇਡਾ ਵੱਲੋਂ ਰੇਡਰ ਕੁਲਦੀਪ ਸਿੰਘ ਕੀਪਾ ਬੱਧਨੀ ਨੇ 14, ਜਸਜੀਤ ਸਿੰਘ ਜੱਸਾ ਸਿੱਧਵਾਂ ਨੇ 11 ਤੇ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 7 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਬਲਜੀਤ ਸਿੰਘ ਸੈਦੋਕੇ ਨੇ 8, ਸੰਦੀਪ ਗੁਰਦਾਸਪੁਰੀਆ ਨੇ 2 ਤੇ ਹਰਦੀਪ ਸਿੰਘ ਤਾਊ ਨੇ 2 ਜੱਫੇ ਲਾਏ। ਪਾਕਿਸਤਾਨ ਵੱਲੋਂ ਰੇਡਰ ਮੁਹੰਮਦ ਅਫਜ਼ਲ ਸਦੀਕ ਬੱਟ ਨੇ 11 ਅੰਕ ਲਏ ਜਦੋਂ ਮੁਹੰਮਦ ਮੁਨਸ਼ਾ ਤੇ ਕਾਸਿਫ ਖਾਨ ਨੇ 3-3 ਜੱਫੇ ਲਾਏ। ਜੰਜੂਆ ਤੇ ਲਾਲਾ ਉਬੈਦਉੱਲਾ ਅੱਜ ਕੋਈ ਜੌਹਰ ਦਿਖਾਉਣ ਵਿੱਚ ਅਸਫਲ ਰਹੇ।
ਮਹਿਲਾ ਵਰਗ ਦੇ ਆਖਰੀ ਫਾਈਨਲ ਵਿੱਚ ਭਾਰਤੀ ਕੁੜੀਆਂ ਨੇ ਬੀਤੀ ਸ਼ਾਮ ਦੇ ਹਾਦਸੇ ਤੋਂ ਉਭਰਦਿਆਂ ਪ੍ਰਬੰਧਕਾਂ ਅਤੇ ਦਰਸ਼ਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਬਦੌਲਤ ਅਮਰੀਕਾ ਨੂੰ 57-7 ਨਾਲ ਹਰਾਇਆ। ਭਾਰਤੀ ਟੀਮ ਅੱਧੇ ਸਮੇਂ ਤੱਕ 27-3 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਦੇਵੀ ਤੇ ਰਾਜਵਿੰਦਰ ਕੌਰ ਰਾਜੂ ਨੇ 10-10 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਜਤਿੰਦਰ ਕੌਰ ਨੇ 9, ਜਸਬੀਰ ਕੌਰ ਨੇ 7 ਅਤੇ ਮਨਪ੍ਰੀਤ ਕੌਰ ਨੇ 6 ਜੱਫੇ ਲਾਏ। ਅਮਰੀਕਾ ਵੱਲੋਂ ਰੇਡਰ ਗੁਰੂ ਅੰਮ੍ਰਿਤ ਹਰੀ ਖਾਲਸਾ ਤੇ ਤ੍ਰਿਨਿਆ ਰੀਟੂਲਾ ਨੇ 2-2 ਅੰਕ ਲਾਏ ਜਦੋਂ ਕਿ ਅਮਰੀਕਾ ਟੀਮ ਵੱਲੋਂ ਜਾਫੀ ਗੁਰੂ ਸੁਰੀਆ ਖਾਲਸਾ ਨੇ ਇਕਲੌਤਾ ਜੱਫਾ ਲਾਇਆ।
ਅੱਜ ਦੇ ਮੈਚਾਂ ਦੌਰਾਨ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਬੀਤੀ ਸ਼ਾਮ ਵਾਪਰੇ ਭਿਆਨਕ ਹਾਦਸੇ ਕਾਰਨ ਸਿਰਫ ਧਾਰਮਿਕ ਗੀਤ ਗਏ।
ਅੱਜ ਦੇ ਮੈਚਾਂ ਦੌਰਾਨ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ, ਖੇਡ ਵਿਭਾਗ ਦੇ ਡਾਇਕਰੈਕਟ ਪਦਮ ਸ੍ਰੀ ਪਰਗਟ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਅਕਾਲੀ ਆਗੂ ਸ੍ਰੀ ਸਰੂਪ ਚੰਦ ਸਿੰਗਲਾ, ਆਈ.ਜੀ. ਸ. ਨਿਰਮਲ ਸਿੰਘ ਢਿੱਲੋਂ, ਡੀ.ਆਈ.ਜੀ. ਸ. ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਐਸ.ਐਸ.ਪੀ. ਸ. ਸੁਖਚੈਨ ਸਿੰਘ ਗਿੱਲ ਆਦਿ ਹਾਜ਼ਰ ਸਨ।