ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਖੇਡਾਂ ਦੇ ਐਮੇਚਿਓਰ ਮੁਕਾਬਲਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮ ਰਾਸ਼ੀ 2 ਕਰੋੜ ਰੁਪਏ ਅਤੇ ਕਬੱਡੀ ਵਿਸ਼ਵ ਚੈਂਪੀਅਨ ਦੇ ਖਿਤਾਬ ਲਈ ਭਾਰਤ ਤੇ ਕੈਨੇਡਾ ਦੀਆਂ ਟੀਮਾਂ ਭਲਕੇ 20 ਨਵੰਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਭਿੜਨਗੀਆਂ। ਮਹਿਲਾ ਵਰਗ ਦੇ ਪਹਿਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਲਈ ਜਦੋ ਜਹਿਦ ਕਰਨਗੀਆਂ।
ਪੁਰਸ਼ ਵਰਗ ਵਿੱਚ ਤੀਜੇ ਤੇ ਚੌਥੇ ਸਥਾਨ ਵਾਲੇ ਮੈਚ ਵਿੱਚ ਪਾਕਿਸਤਾਨ ਤੇ ਇਟਲੀ ਅਤੇ ਮਹਿਲਾ ਵਰਗੇ ਵਿੱਚ ਤੀਜੇ ਤੇ ਚੌਥੇ ਸਥਾਨ ਵਾਲੇ ਮੈਚ ਵਿੱਚ ਅਮਰੀਕਾ ਤੇ ਤੁਰਕਮੇਸਿਤਾਨ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ। ਭਲਕੇ 4.11 ਕਰੋੜ ਰੁਪਏ ਦੇ ਇਨਾਮਾਂ ਸਮੇਤ ਸਰਵੋਤਮ ਰੇਡਰ ਤੇ ਜਾਫੀ ਨੂੰ ਇਕ-ਇਕ ਪ੍ਰੀਤ ਟਰੈਕਟਰ ਦਾ ਖਿਤਾਬ ਮਿਲੇਗਾ। ਪੁਰਸ਼ ਵਰਗ ਦੀ ਜੇਤੂ ਟੀਮ ਨੂੰ 2 ਕਰੋੜ ਰੁਪਏ, ਉਪ ਜੇਤੂ ਨੂੰ 1 ਕਰੋੜ ਰੁਪਏ, ਤੀਜੇ ਸਥਾਨ ਵਾਲੀ ਟੀਮ ਨੂੰ 50 ਲੱਖ ਰੁਪਏ ਅਤੇ ਚੌਥੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪਏ ਮਿਲਣਗੇ ਜਦੋਂ ਕਿ ਮਹਿਲਾ ਵਰਗ ਦੀ ਜੇਤੂ ਟੀਮ ਨੂੰ 25 ਲੱਖ ਰੁਪਏ ਤੇ ਉਪ ਜੇਤੂ ਨੂੰ 20 ਲੱਖ ਰੁਪਏ ਮਿਲਣਗੇ।
ਬਠਿੰਡਾ ਵਿਖੇ ਹੋਏ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਭਾਰਤ ਤੇ ਕੈਨੇਡਾ ਦੀਆਂ ਪੁਰਸ਼ ਟੀਮਾਂ ਨੇ ਆਪੋ-ਆਪਣੇ ਖੇਡੇ ਸੈਮੀ ਫਾਈਨਲਾਂ ਵਿੱਚ ਕ੍ਰਮਵਾਰ ਇਟਲੀ ਤੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾਂ ਪੱਕੀ ਕੀਤੀ। ਇਸ ਦੇ ਨਾਲ ਹੀ ਕਬੱਡੀ ਉਪਰ ਏਸ਼ਿਆਈ ਮੁਲਕਾਂ ਦੀ ਮੁਕੰਮਲ ਸਰਦਾਰੀ ਵੀ ਖਤਮ ਹੋ ਗਈ ਜਦੋਂ ਕੈਨੇਡਾ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਆਪਣੀ ਪੂਰੀ ਜਿੰਦ ਜਾਨ ਲਗਾ ਕੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਇਸ ਤੋਂ ਪਹਿਲਾਂ ਪਿਛਲੇ ਸਾਲ ਖੇਡੇ ਗਏ ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ ਸਨ। ਕੈਨੇਡਾ ਪਹਿਲਾ ਗੈਰ ਏਸ਼ੀਅਨ ਮੁਲਕ ਹੈ ਜਿਸ ਨੇ ਫਾਈਨਲ ਵਿੱਚ ਸਥਾਨ ਬਣਾਇਆ ਹੈ।
ਕੈਨੇਡਾ ਵਿਰੁੱਧ ਭਾਰਤ ਦਾ ਮਜ਼ਬੂਤ ਪੱਖ ਮਜ਼ਬੂਤ ਬੈਂਚ ਸਮੱਰਥਾ ਹੈ ਜਦੋਂ ਕਿ ਕੈਨੇਡਾ ਸਿਰਫ ਆਪਣੇ 7 ਖਿਡਾਰੀਆਂ ’ਤੇ ਨਿਰਭਰ ਹੈ। ਭਾਰਤ ਦੇ ਧਾਵੀਆਂ ਵਿੱਚ ਕਪਤਾਨ ਸੁਖਬੀਰ ਸਿੰਘ ਸਰਾਵਾਂ, ਉਪ ਕਪਤਾਨ ਦੁੱਲਾ ਸੁਰਖਪੁਰੀਆ, ਗੁਰਲਾਲ ਘਨੌਰ, ਸੰਦੀਪ ਦਿੜ੍ਹਬਾ, ਗਗਨਦੀਪ ਸਿੰਘ ਗੱਗੀ ਖੀਰਾਵਾਲੀ ਅਤੇ ਜਾਫੀਆਂ ਵਿੱਚ ਏਕਮ ਹਠੂਰ, ਨਰਿੰਦਰ ਰਾਮ ਬਿੱਟੂ ਦੁਗਾਲ ਤੇ ਮੰਗਤ ਸਿੰਘ ਮੰਗੀ ਬਹੁਤ ਵਧੀਆ ਫਾਰਮ ਵਿੱਚ ਹੈ। ਕੈਨੇਡਾ ਦੇ ਧਾਵੀ ਜੱਸਾ ਸਿੱਧਵਾਂ, ਕੀਪਾ ਬੱਧਨੀ ਤੇ ਕਿੰਦਾ ਬਿਹਾਰੀਪੁਰੀਆ ਬਹੁਤ ਵਧੀਆ ਖੇਡ ਦਿਖਾ ਰਹੇ ਹਨ ਜਦੋਂ ਕਿ ਕੈਨੇਡਾ ਦੇ ਜਾਫੀ ਹੋਰ ਵੀ ਵਧੀਆ ਫਾਰਮ ਵਿੱਚ ਹੈ। ਬਲਜੀਤ ਸੈਦੋਕੇ, ਸੰਦੀਪ ਗੁਰਦਾਸਪੁਰੀਆ ਤੇ ਹਰਦੀਪ ਤਾਊ ਦੀ ਤਿੱਕੜੀ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਧੱਕੜ ਧਾਵੀਆਂ ਨੂੰ ਡੱਕਿਆ ਉਸ ਲਿਹਾਜ਼ ਨਾਲ ਭਾਰਤ ਦੇ ਰੇਡਰਾਂ ਦੀ ਰਾਹ ਆਸਾਨ ਨਹੀਂ ਹੋਵੇਗੀ।
ਮਹਿਲਾ ਵਰਗ ਵਿੱਚ ਭਾਰਤੀ ਟੀਮ ਤਿੰਨ ਮੈਚ ਜਿੱਤ ਕੇ ਸ਼ਾਨ ਨਾਲ ਫਾਈਨਲ ਵਿੱਚ ਪੁੱਜੀ ਹੈ। ਭਾਰਤੀ ਟੀਮ ਬਠਿੰਡਾ ਵਿਖੇ ਵਾਪਰੇ ਹਾਦਸੇ ਤੋਂ ਉਭਰਦਿਆਂ ਭਾਰਤੀ ਕੁੜੀਆ ਨੇ ਬੀਤੀ ਸ਼ਾਮ ਅਮਰੀਕਾ ਨੂੰ ਵੱਡੇ ਫਰਕ ਨਾਲ ਹਰਾਇਆ। ਭਾਰਤ ਦੀ ਰੇਡਰ ਤੇ ਜਾਫੀ ਪੰਕਤੀ ਚੰਗੀ ਖੇਡ ਦਿਖਾ ਰਹੀਆਂ ਹਨ ਜਿਨ੍ਹਾਂ ਵਿੱਚ ਪ੍ਰਿਅੰਕਾ ਦੇਵੀ, ਰਾਜਵਿੰਦਰ ਕੌਰ ਰਾਜੂ, ਜਤਿੰਦਰ ਕੌਰ, ਅਨੂ ਰਾਣੀ ਪੂਰੀ ਫਾਰਮ ਵਿੱਚ ਹਨ। ਇੰਗਲੈਂਡ ਦੀ ਟੀਮ ਦਾ ਪਲੜਾ ਭਾਵੇਂ ਕੁਝ ਹਲਕਾ ਹੈ ਪਰ ਇਸ ਟੀਮ ਵਿੱਚ ਜੂਝਣ ਦੀ ਭਾਵਨਾ ਕਾਬਲੇਗੌਰ ਹੈ। ਇੰਗਲੈਂਡ ਦੀ ਮੁੱਖ ਟੇਕ ਆਪਣੀ ਹਰਫਨਮੌਲਾ ਖਿਡਾਰਨ ਮਿਸ ਟਰੇਸੀਆ ’ਤੇ ਹੈ।
ਭਲਕੇ ਦੇ ਮੁਕਾਬਲਿਆਂ ਤੋਂ ਬਾਅਦ ਰੰਗਾਰੰਗ ਸਮਾਪਤੀ ਸਮਾਰੋਹ ਹੋਵੇਗਾ ਜਿਸ ਵਿੱਚ ਧੂਮ ਧੜੱਕੇ ਨਾਲ ਕਬੱਡੀ ਵਿਸ਼ਵ ਕੱਪ ਨੂੰ ਸਿਖਰ ’ਤੇ ਲਿਜਾਇਆ ਜਾਵੇਗਾ। ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਤੇ ਦੀਪਿਕਾ ਪਾਦੂਕੋਣ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰਜੰਨ ਕਰਨਗੇ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਕਬੱਡੀ ਉਪਰ ਵਿਸ਼ੇਸ਼ ਗੀਤ ਗਾਉਣਗੇ।