ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਭਾਰਤੀ ਕਬੱਡੀ ਟੀਮ ਨੇ ਆਪਣੀ ਚੜ੍ਹਤ ਕਾਇਮ ਰੱਖਦਿਆਂ ਕੈਨੇਡਾ ਨੂੰ 59-25 ਅੰਕਾਂ ਦੇ ਵੱਡੇ ਫਰਕ ਨਾਲ ਦਰੜ ਕੇ ਵਿਸ਼ਵ ਕੱਪ ਕਬੱਡੀ ’ਤੇ ਕਬਜ਼ਾ ਕਰਦਿਆਂ ਕਬੱਡੀ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ 2 ਕਰੋੜ ਰੁਪਏ ਜਿੱਤ ਲਈ ਹੈ। ਦੂਜੇ ਪਾਸੇ ਭਾਰਤੀ ਲੜਕੀਆਂ ਦੀ ਟੀਮ ਨੇ ਵੀ ਭਿਆਨਕ ਸੜਕ ਹਾਦਸੇ ਦੀ ਮਾਨਸਿਕ ਪੀੜਾਂ ਤੋਂ ਉਭਰਦਿਆਂ ਇੰਗਲੈਂਡ ਨੂੰ 44-17 ਦੇ ਵੱਡੇ ਫਰਕ ਨਾਲ ਹਰਾ ਕੇ 25 ਲੱਖ ਰੁਪਏ ਅਤੇ ਪਹਿਲੇ ਮਹਿਲਾ ਵਿਸ਼ਵ ਕਬੱਡੀ ਕੱਪ ’ਤੇ ਕਬਜ਼ਾ ਜਮਾਇਆ। ਪੁਰਸ਼ ਵਰਗ ਵਿੱਚ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਪਾਕਿਸਤਾਨ ਨੇ ਇਟਲੀ ਨੂੰ 60-22 ਨਾਲ ਹਰਾ ਕੇ 50 ਲੱਖ ਦੀ ਇਨਾਮ ਰਾਸ਼ੀ ’ਤੇ ਕਬਜ਼ਾ ਜਮਾਇਆ। ਮਹਿਲਾ ਵਰਗ ਵਿੱਚ ਅੰਕਾਂ ਦੇ ਆਧਾਰ ’ਤੇ ਅਮਰੀਕਾ ਨੇ ਤੀਜਾ ਤੇ ਤੁਰਕਮੇਸਿਤਾਨ ਨੇ ਚੌਥਾ ਸਥਾਨ ਹਾਸਲ ਕੀਤਾ। ਭਾਰਤ ਦਾ ਗਗਨਦੀਪ ਸਿੰਘ ਗੱਗੀ ਖੀਰਾਂਵਾਲੀ ਨੂੰ ਸਰਵੋਤਮ ਰੇਡਰ ਅਤੇ ਭਾਰਤ ਦੇ ਹੀ ਮੰਗਤ ਸਿੰਘ ਮੰਗੀ ਬੱਗਾ ਨੂੰ ਸਰਵੋਤਮ ਜਾਫੀ ਐਲਾਨਦਿਆਂ ਇਕ-ਇਕ ਪ੍ਰੀਤ ਟਰੈਕਟਰ ਨਾਲ ਸਨਮਾਨਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਮੰਗਤ ਸਿੰਘ ਮੰਗੀ ਸਰਵੋਤਮ ਜਾਫੀ ਬਣਿਆ ਸੀ।
ਪੁਰਸ਼ ਵਰਗ ਵਿੱਚ ਭਾਰਤ ਨੇ ਕੈਨੇਡਾ ਵਿਰੁੱਧ ਫਾਈਨਲ ਨੂੰ ਇਕਪਾਸੜ ਬਣਾਉਂਦਿਆ 59-25 ਨਾਲ ਮੁਕਾਬਲਾ ਜਿੱਤ ਕੇ 2 ਕਰੋੜ ਰੁਪਏ ਅਤੇ ਵਿਸ਼ਵ ਖਿਤਾਬ ’ਤੇ ਕਬਜ਼ਾ ਕੀਤਾ। ਭਾਰਤੀ ਟੀਮ ਅੱਧੇ ਸਮੇਂ ਤੱਕ 28-13 ਨਾਲ ਅੱਗੇ ਸੀ। ਭਾਰਤ ਦੇ ਰੇਡਰਾਂ ਵਿੱਚੋਂ ਗਗਨਦੀਪ ਸਿੰਘ ਖੀਰਾਂਵਾਲੀ ਨੇ 13 ਤੇ ਸੰਦੀਪ ਦਿੜ੍ਹਬਾ ਨੇ 10, ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਮੰਗਤ ਸਿੰਘ ਮੰਗੀ ਬੱਗਾ ਨੇ 10, ਗੁਰਵਿੰਦਰ ਸਿੰਘ ਕਾਹਲਮਾਂ, ਏਕਮ ਹਠੂਰ ਤੇ ਨਰਿੰਦਰ ਰਾਮ ਬਿੱਟੂ ਦੁਗਾਲ ਨੇ 3-3 ਜੱਫੇ ਲਾਏ। ਕੈਨੇਡਾ ਵੱਲੋਂ ਕੁਲਵਿੰਦਰ ਸਿੰਘ ਕਿੰਦਾ ਬਿਹਾਰਪੁਰੀਆ ਨੇ 13 ਅੰਕ ਲਏ ਜਦੋਂ ਕਿ ਜਾਫੀਆਂ ਵਿੱਚਂ ਸੰਦੀਪ ਗੁਰਦਾਸਪੁਰੀਆ ਤੇ ਪਰਮਜੀਤ ਸਿੰਘ ਪੰਮਾ ਝੰਡੇਰ ਨੇ 2-2 ਜੱਫੇ ਲਾਏ।
ਮਹਿਲਾ ਵਰਗ ਦੇ ਫਾਈਨਲ ਵਿੱਚ ਇੰਗਲੈਂਡ ਦੀਆਂ ਖਿਡਾਰਾਨਾਂ ਭਾਵੇਂ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਭਾਰਤੀ ਟੀਮ ਨੇ ਇਕਪਾਸੜ ਮੁਕਾਬਲਾ ਬਣਾਉਂਦਿਆ 44-17 ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਦੇ ਖਿਤਾਬ ’ਤੇ ਕਬਜ਼ਾ ਕੀਤਾ। ਭਾਰਤੀ ਟੀਮ ਅੱਧੇ ਸਮੇਂ ਤੱਕ 24-6 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਦੇਵੀ ਨੇ 8 ਅਤੇ ਸੁਖਵਿੰਦਰ ਕੌਰ ਸੁੱਖੀ ਨੇ 5 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋ ਜਤਿੰਦਰ ਕੌਰ ਨੇ 10 ਅਤੇ ਅਨੂ ਰਾਣੀ ਨੇ 5 ਜੱਫੇ ਲਾਏ। ਇੰਗਲੈਂਡ ਵੱਲੋਂ ਰੇਡਰ ਮਿਸ ਜਾਰਡਨ ਬਰਨਾਰਡ ਤੇ ਲੋਰਾ ਅਨਮਾਰਗ ਨੇ 2-2 ਅੰਕ ਲਏ ਜਦੋਂ ਕਿ ਜਾਫੀ ਮਿਸ ਬੈਂਕਸ ਤੇ ਮਿਸ ਚੈਨਲ ਨੇ 3-3 ਜੱਫੇ ਲਾਏ।
ਤੀਜੇ ਸਥਾਨ ਲਈ ਹੋਏ ਮੈਚ ਵਿੱਚ ਪਾਕਿਸਤਾਨ ਨੇ ਇਟਲੀ ਨੂੰ 60-22 ਨਾਲ ਹਰਾਇਆ। ਪਾਕਿਸਤਾਨ ਦੀ ਟੀਮ ਅੱਧੇ ਸਮੇਂ ਤੱਕ 23-6 ਨਾਲ ਅੱਗੇ ਸੀ। ਪਾਕਿਸਤਾਨ ਵੱਲੋਂ ਕਾਸਿਫ ਰਿਆਜ਼ ਤੇ ਆਮਿਰ ਇਸਮਾਇਲ ਨੇ 12-12 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਰਾਸ਼ਿਦ ਇਸਮਾਇਲ ਤੇ ਮੁਹੰਮਦ ਕਾਸਿਫ ਖਾਨ ਨੇ 5-5 ਅੰਕ ਜੱਫੇ ਲਾਏ। ਇਟਲੀ ਵੱਲੋਂ ਰੇਡਰ ਧਰਮਿੰਦਰ ਸਿੰਘ ਹਿੰਮਤਪੁਰਾ ਨੇ 10 ਅਤੇ ਬਲਜਿੰਦਰ ਸਿੰਘ ਖੀਰਾਂਵਾਲੀ ਨੇ 8 ਅੰਕ ਲਏ।