ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਦੂਜੇ ਵਿਸ਼ਵ ਕੱਪ ਕਬੱਡੀ ਦੇ ਬੇਹੱਦ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਨਾਲ 20 ਦਿਨਾਂ ਦੇ ਲੰਬੇ ਰਿਕਾਰਡ ਅਰਸੇ ਤੱਕ ਚੱਲਿਆ ਕਬੱਡੀ ਦਾ ਮਹਾਂਕੁੰਭ ਸੰਪੂਰਨ ਹੋ ਗਿਆ। ਕੁਲ 4.11 ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਵਾਲੇ ਇਨ੍ਹਾਂ ਵਿਸ਼ਵ ਕਬੱਡੀ ਕੱਪਾਂ ਵਿੱਚ ਪੁਰਸ਼ਾਂ ਦੇ ਵਰਗ ਵਿੱਚ 14 ਮੁਲਕਾਂ ਅਤੇ ਔਰਤਾਂ ਦੇ ਵਰਗ ਵਿੱਚ 4 ਟੀਮਾਂ ਨੇ ਹਿੱਸਾ ਲਿਆ।
ਸਮਾਪਤੀ ਸਮਾਰੋਹ ਲਈ ਜਿਉਂ ਹੀ ਰੌਸ਼ਨੀ ਅਤੇ ਆਵਾਜ਼ ’ਤੇ ਆਧਾਰਤ ਸ਼ੋਅ ਨੇ ਸਮਾਂ ਬੰਨ੍ਹਿਆਂ ਤਾਂ ਕਾਊਂਟ ਡਾਊਨ ਵੀਡਿਓ ਰਾਹੀਂ ਸਮੁੱਚੇ ਵਿਸ਼ਵ ਕੱਪ ਦੇ ਹਮੇਸ਼ਾ ਯਾਦ ਰੱਖਣਯੋਗ ਪਲਾਂ ਜਿਨ੍ਹਾਂ ਸਦਕਾ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵਿਸ਼ਵ ਮੰਚ ’ਤੇ ਉਭਾਰੀ ਹੈ, ਨੂੰ ਇਕ ਵਾਰ ਫੇਰ ਦਰਸ਼ਕਾਂ ਦੀ ਨਜ਼ਰ ਕੀਤਾ ਗਿਆ। ਸਟੇਡੀਅਮ ਦੇ ਚਾਰੇ ਕੋਨਿਆਂ ਵਿੱਚ ਲੱਗੀਆਂ ਵਿਸ਼ਾਲ ਵੀਡਿਓ ਸਕਰੀਨਾਂ ’ਤੇ ਦਰਸ਼ਕਾਂ ਨੂੰ ਜਿੱਤ ਦਾ ਰੁਮਾਂਚ ਅਤੇ ਹਾਰ ਦਾ ਦੁੱਖ ਵੀ ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਹੀ ਬੀਤੇ ਪਲਾਂ ਨੂੰ ਦੁਹਰਾਉਣ ਦਾ ਸਿਲਸਿਲਾ ਸਮਾਪਤ ਹੋਇਆ, ਲੁਧਿਆਣਾ ਦਾ ਸਮੁੱਚਾ ਆਕਾਸ਼ ਰੰਗ ਬਿਰੰਗੀਆਂ ਆਤਿਸ਼ਬਾਜ਼ੀਆਂ ਨਾਲ ਭਰ ਗਿਆ। ਇਸ ਤੋਂ ਬਾਅਦ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਕੋਰੀਓਗ੍ਰਾਫ ਕੀਤੇ ਗਏ ‘ਜੈ ਹੋ’ ਗੀਤ ਦੀ 295 ਕਲਾਕਾਰਾਂ ਵੱਲੋਂ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੰਤਰ ਮੁੰਗਧ ਕਰ ਦਿੱਤਾ। ਲੋਕ ਗਾਇਕ ਤੇ ਪੰਜਾਬੀ ਫਿਲਮ ਅਦਾਕਾਰ ਹਰਭਜਨ ਮਾਨ ਦੇ ਕਬੱਡੀ ਬਾਰੇ ਵਿਸ਼ੇਸ਼ ਗੀਤ ਨਾਲ ਸਮੁੱਚਾ ਸਟੇਡੀਅਮ ਝੂਮ ਉੱਠਿਆ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦਰਸ਼ਕਾਂ ਨੂੰ ਮੁਖਾਤਬ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਟੀਮਾਂ ਦੇ ਮੈਂਬਰਾਂ ਤੇ ਪ੍ਰਬੰਧਕਾਂ ਦਾ ਇਸ ਚੈਂਪੀਅਨਸ਼ਿਪ ਨੂੰ ਵੱਡੇ ਪੱਧਰ ’ਤੇ ਸਫਲ ਬਣਾਉਣ ਅਤੇ ਕੌਮਾਂਤਰੀ ਮੰਚ ’ਤੇ ਉਭਾਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਕਬੱਡੀ ਨੂੰ ਓਲੰਪਿਕ ਪੱਧਰ ’ਤੇ ਲਿਜਾਣ ਦਾ ਸੁਫਨਾ ਹੈ ਅਤੇ ਉਹ ਇਸ ਨੂੰ ਸੰਨ੍ਹ 2016 ਦੀਆਂ ਰੀਓ ਡੀਓ ਜਨੇਰੋ (ਬਰਾਜ਼ੀਲ) ਓਲੰਪਿੰਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਦ੍ਰਿੜ ਸੰਕਲਪ ਹਨ।
ਉਪ ਮੁੱਖ ਮੰਤਰੀ ਸ. ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਖਿਡਾਰੀਆਂ ਨੂੰ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਖਿਡਾਰੀਆਂ ਲਈ ਤਿੰਨ ਫੀਸਦੀ ਅਸਾਮੀਆਂ ਦੇ ਕੋਟੇ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਅੰਦਰ 14 ਸਟੇਡੀਅਮਾਂ ਦੇ ਨਿਰਮਾਣ/ਨਵੀਨੀਕਰਨ ’ਤੇ 200 ਕਰੋੜ ਰੁਪਏ ਖਰਚ ਕੀਤੇ ਗਏ ਹਨ ਤਾਂ ਜੋ ਜਿੱਥੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਉਥੇ ਹਰ ਖੇਡ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵੀ ਪ੍ਰਦਾਨ ਕੀਤਾ ਜਾਵੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਸੁਜਾਤ ਹੁਸੈਨ ਟਿੰਮ ਉਪਲ ਨੇ ਪੰਜਾਬ ਸਰਕਾਰ ਵੱਲੋਂ ਵਿਸ਼ਵ ਕਬੱਡੀ ਕੱਪ ਲਈ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਕਬੱਡੀ ਲਈ ਪਾਕਿਸਤਾਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਜਿਸ ਤਰ੍ਹਾਂ ਭਾਸ਼ਣਾਂ ਦਾ ਸਿਲਸਿਲਾ ਮੁਕੰਮਲ ਹੋਇਆ ਤਾਂ ਹਜ਼ਾਰਾਂ ਪੰਜਾਬੀਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਦੇਖ ਕੇ ਭਾਵੁਕ ਹੋਏ ਅਕਸ਼ੈ ਕੁਮਾਰ ਨੇ ਕਿਹਾ ਕਿ ਕਬੱਡੀ ਦਾ ਪਿਆਰ ਹੀ ਉਨ੍ਹਾਂ ਨੂੰ ਦੂਜੀ ਵਾਰ ਇੱਥੇ ਖਿੱਚ ਲਿਆਇਆ ਹੈ ਅਤੇ ਉਹ ਇਸ ਗੱਲ ਨੂੰ ਬੇਹੱਦ ਖੁਸ਼ ਹਨ ਕਿ ਸ. ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਦੇ ਜੋਸ਼ ਨੂੰ ਖੇਡਾਂ ਵੱਲ ਮੋੜਾ ਦਿੰਦਿਆਂ ਨਸ਼ਿਆਂ ਦੇ ਰਾਹ ਤੁਰਨ ਤੋਂ ਰੋਕਣ ਲਈ ਵੱਡਾ ਹੰਭਲਾ ਮਾਰਿਆ ਹੈ। ਅਕਸ਼ੈ ਕੁਮਾਰ ਨੇ ਸ. ਸੁਖਬੀਰ ਸਿੰਘ ਬਾਦਲ ਨਾਲ ਕਾਰ ’ਤੇ ਬੈਠ ਕੇ ਪੂਰੇ ਗਰਾਊਂਡ ਦਾ ਗੇੜਾ ਵੀ ਲਾਇਆ।
ਸਮਾਪਤੀ ਸਮਾਰੋਹ ਉਸ ਸਮੇਂ ਆਪਣੀਆਂ ਸਿਖਰਾਂ ਛੂੰਹ ਗਿਆ ਜਦੋਂ ਅਕਸ਼ੈ ਕੁਮਾਰ ਨੇ ਵਿਸ਼ਵ ਪ੍ਰਸਿੱਧ ਪੰਜਾਬੀ ਬੈਂਡ ਆਰ.ਡੀ.ਬੀ. ਦੀਆਂ ਧੁੰਨਾਂ ਅਤੇ ਦੇਸੀ ਬੁਆਏਜ਼ ਨਾਲ ਸਬੰਧਤ ਅਦਾਕਾਰੀ ਅਤੇ ਡਾਂਸ ’ਤੇ ਜਲਵੇ ਵਿਖਾਏ। ਅਕਸ਼ੈ ਜਿਉਂ ਹੀ ਦੀਪਿਕਾ ਪਾਦੂਕੋਣ ਤੇ ਚਿਤਰਾਂਗਦਾ ਸਿੰਘ ਨੂੰ ਨਾਲ ਲੈ ਕੇ ਨੱਚਿਆ ਤਾਂ ਸਮੂਹ ਦਰਸ਼ਕ ਪੱਬਾਂ ਭਾਰ ਹੋ ਗਏ। ਇਸ ਤੋਂ ਬਾਅਦ ਸਿਕਸ ਏ ਸਾਈਡ ਲੇਜ਼ਰ ਸ਼ੋਅ ਦੀ ਲਾਜਵਾਬ ਪੇਸ਼ਕਾਰੀ ਨਾਲ ਹੀ ਵਿਸ਼ਵ ਕੱਪ ਕਬੱਡੀ ਖੇਡਾਂ ਦੇ ਇਤਿਹਾਸ ਵਿੱਚ ਇਕ ਨਵਾਂ ਇਤਿਹਾਸ ਸਿਰਜਦਿਆਂ ਖੇਡ ਪ੍ਰੇਮੀਆਂ ਨੂੰ ਤੀਸਰੇ ਵਿਸ਼ਵ ਕੱਪ ਕਬੱਡੀ ਵਿੱਚ ਮਿਲਣ ਦੇ ਵਾਅਦੇ ਨਾਲ ਲੋਕ ਮਨਾਂ ’ਤੇ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਇਸ ਮੌਕੇ ਪਾਕਿਸਤਾਨ ਦੇ ਸਾਬਕਾ ਸਿੱਖਿਆ ਮੰਤਰੀ ਮਿਆਨ ਇਮਰਾਨ ਮਸੂਦ, ਜਰਮਨੀ ਦੇ ਕਾਰਜਕਾਰੀ ਰਾਜਦੂਤ ਮਿਸਟਰ ਫੋਰਡ ਮਿਲਾਰਡ, ਕੈਨੇਡਾ ਦੇ ਸੰਸਦ ਮੈਂਬਰ ਸ. ਪਰਮ ਗਿੱਲ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਤੀਕਸ਼ਣ ਸੂਦ, ਜੇਲ੍ਹ ਤੇ ਸੱਭਿਆਚਾਰ ਮੰਤਰੀ ਸ. ਹੀਰਾ ਸਿੰਘ ਗਾਬੜੀਆ, ਸਿਹਤ ਮੰਤਰੀ ਸ੍ਰੀ ਸੱਤਪਾਲ ਗੋਸਾਈਂ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ ਆਦਿ ਹਾਜ਼ਰ ਸਨ