ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਸਿੱਖਾਂ ਦੀਆਂ ਧਾਰਮਿਕ ਧਰੋਹਰਾਂ ਨੂੰ ਨਸ਼ਟ ਕੀਤੇ ਜਾਣ ਦੇ ਖਿਲਾਫ਼ ਜਨਹਿੱਤ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਮੋਹਾਲੀ ਦੀ ਸੁਰਿੰਦਰ ਕੌਰ ਨਿਹਾਲ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਦਸਿਆ ਕਿ ਸਿੱਖਾਂ ਦੀਆਂ ਕਈ ਹੱਥਲਿਖਤ ਲਿਪੀਆਂ, ਗਰੰਥ ਅਤੇ ਬੀੜਾਂ ਗੁਰੂਆਂ ਦੁਆਰਾ ਲਿਖੀਆਂ ਗਈਆਂ ਹਨ। ਜਿਨ੍ਹਾਂ ਨੂੰ ਸੁਰੱਖਿਅਤ ਰੱਖਣਾ ਅਤੇ ਬਚਾਉਣਾ ਜਰੂਰੀ ਹੈ। ਸੇਵਾ ਦੇ ਨਾਂ ਤੇ ਇਨ੍ਹਾਂ ਅਨਮੋਲ ਲਿਖਤਾਂ ਨੂੰ ਅੰਗੀਠਾ ਸਾਹਿਬ ਵਿੱਚ ਨਸ਼ਟ ਕੀਤਾ ਜਾ ਰਿਹਾ ਹੈ। ਪੁਰਾਤਨ ਗਰੰਥ ਸਿੱਖਾਂ ਦੀਆਂ ਮਹਾਨ ਪਰੰਪਰਾਵਾਂ ਨੂੰ ਸੰਜੋਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਦਾ ਗਠਨ ਇਸ ਕਰਕੇ ਕੀਤਾ ਗਿਆ ਸੀ ਕਿ ਉਹ ਸਿੱਖ ਧਰੋਹਰਾਂ ਨੂੰ ਸੰਭਾਲ ਕੇ ਰੱਖੇ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਨੰਦਪੁਰ ਸਾਹਿਬ ਦੇ ਉਸ ਗੁਰਦੁਆਰੇ ਨੂੰ ਵੀ ਸੰਭਾਲ ਕੇ ਨਹੀਂ ਰੱਖਿਆ ਗਿਆ, ਜਿੱਥੇ ਪੰਜ ਪਿਆਰੇ ਸਾਜੇ ਗਏ ਸਨ। ਫਤਿਹਗੜ੍ਹ ਸਾਹਿਬ ਵਿੱਚ ਵੀ ਜਿੱਥੇ ਸਾਹਿਬਜਾਦਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਗਿਆ ਸੀ, ਉਸ ਦੇ ਵਾਸਤਵਿਕ ਸਵਰੂਪ ਨੂੰ ਵੀ ਬਦਲ ਦਿੱਤਾ ਗਿਆ ਹੈ। ਠੰਢਾ ਬੁਰਜ ਨੂੰ ਵੀ ਕਾਰ ਸੇਵਾ ਦੇ ਨਾਂ ਤੇ ਨਸ਼ਟ ਕਰ ਦਿੱਤਾ ਗਿਆ ਹੈ।