ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਐਸ ਆਯੱਪਨ ਨੇ ਅੱਜ ਆਈ ਸੀ ਏ ਆਰ ਦੇ ਜੋਨਲ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਕੀਤੀ ਖੇਤੀ ਖੋਜ ਅਤੇ ਪਸਾਰ ਸੰਬੰਧੀ ਪਹਿਲਕਦਮੀ ਦਾ ਸੁਨੇਹਾ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪਹੁੰਚ ਗਿਆ ਹੈ ਜਿਸ ਤੋਂ ਨੇੜ ਭਵਿੱਖ ਵਿੱਚ ਚੰਗੇ ਨਤੀਜੇ ਮਿਲਣਗੇ। ਉਨ੍ਹਾਂ ਆਖਿਆ ਕਿ ਖੇਤੀਬਾੜੀ ਗਿਆਨ ਪਸਾਰ ਲਈ ਡਾ: ਤਖਤ ਸਿੰਘ ਸੋਹਲ ਦੇ ਮਾਡਲ ਨੂੰ ਅਪਣਾਉਣ ਦੀ ਲੋੜ ਹੈ ਜਿਸ ਵਿੱਚ ਕਿਸਾਨ ਦੇ ਮੰਜੇ ਤੇ ਬੈਠ ਕੇ ਉਸ ਨਾਲ ਉਸ ਦੀ ਜ਼ੁਬਾਨ ਵਿੱਚ ਹੀ ਗੱਲ ਕੀਤੀ ਜਾਵੇ।
ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਇਸ ਯੂਨੀਵਰਸਿਟੀ ਦੇ ਵਿਗਿਆਨੀ ਕਿਸਾਨਾਂ ਦੀ ਵਰਤੋਂ ਵਾਲੀ ਆਮ ਬੋਲਚਾਲ ਦੀ ਭਾਸ਼ਾ ਵਿੱਚ ਹੀ ਗਿਆਨ ਵਿਗਿਆਨ ਦੀ ਗੱਲ ਪਿਛਲੇ ਪੰਜ ਦਹਾਕਿਆਂ ਤੋਂ ਕਰ ਰਹੇ ਹਨ ਅਤੇ ਹਰ ਸਾਲ ਲਗਪਗ 75 ਲੱਖ ਰੁਪਏ ਦਾ ਖੇਤੀਬਾੜੀ ਸਾਹਿਤ ਪੰਜਾਬ ਦੇ ਕਿਸਾਨ ਇਸ ਯੂਨੀਵਰਸਿਟੀ ਤੋਂ ਖਰੀਦਦੇ ਹਨ। ਇਹ ਗੱਲ ਸਾਡੇ ਸਭ ਲਈ ਮਾਣ ਵਾਲੀ ਹੈ ਕਿ ਇਸ ਯੂਨੀਵਰਸਿਟੀ ਵੱਲੋਂ ਪੈਦਾ ਕੀਤਾ ਜਾਂਦਾ ਗਿਆਨ ਵਿਗਿਆਨ ਸੂਰਜ ਚੜ੍ਹਨ ਤੋਂ ਪਹਿਲਾਂ ਰੇਡੀਓ, ਟੈਲੀਵੀਜ਼ਨ ਅਤੇ ਅਖ਼ਬਾਰਾਂ ਰਾਹੀਂ ਪਿੰਡ ਪਿੰਡ ਪਹੁੰਚ ਜਾਂਦਾ ਹੈ। ਇਸ ਮੌਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਖੇਤੀ ਇੰਜੀਨੀਅਰਿੰਗ ਸੰਬੰਧੀ ਡਿਪਟੀ ਡਾਇਰੈਕਟਰ ਜਨਰਲ ਡਾ: ਕੇ ਡੀ ਕੋਕਾਟੇ ਵੀ ਹਾਜ਼ਰ ਸਨ।