ਆਨੰਦਪੁਰ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਅੱਜ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਅੱਜ ਵਿਸ਼ਾਲ ਅਜਾਇਬ ਘਰ ਵਿਰਾਸਤ ਏ ਖਾਲਸਾ, ਜੋ ਕਿ ਗੁਰੂ ਨਾਨਕ ਸਾਹਿਬ ਦੇ ਯੁਗ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵਲੋ ਖਾਲਸਾ ਪੰਥ ਦੀ ਸਾਜਣਾ ਤਕ ਦੇ ਖਾਲਸਾ ਪੰਥ ਦੇ ਸਫਰ ਅਤੇ ਸਿੱਖਾ ਵਲੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੂੰ ਸੁੱਚਜੇ ਢੰਗ ਨਾਲ ਪੇਸ਼ ਕਰਦਾ ਹੈ, ਨੂੰ ਮਨੁੱਖਤਾ ਨੂੰ ਸਮਰਪਿਤ ਕਰਨ ਨਾਲ ਇਤਿਹਾਸ ਵਿੱਚ ਇਕ ਸੁਨਹਿਰਾ ਅਧਿਆਏ ਦਰਜ ਹੋ ਗਿਆ ਹੈ। ਜਿਵੇ ਹੀ ਪੰਜ ਸਿੰਘ ਸਾਹਿਬਾਨ ਅਤੇ ਸ੍ਰ ਬਾਦਲ ਵਲੋ ਸ਼ਾਨਾਮੱਤੇ ਸਿੱਖ ਇਤਿਹਾਸ ਨੂੰ ਪੇਸ਼ ਕਰਨ ਵਾਲੇ ਇਸ ਨਵੇਕਲੇ ਅਜਾਇਬ ਘਰ ਨੂੰ ਮਨੁੱਖਤਾ ਨੂੰ ਸਮਰਪਿਤ ਕੀਤਾ ਤਾਂ ਉਥੇ ਵੱਡੀ ਗਿਣਤੀ ਵਿਚ ਪਹੁੰਚੇ ਸਮੂੰਹ ਧਰਮਾਂ ਦੇ ਧਾਰਮਿਕ ਮੁਖੀਆਂ ਅਤੇ ਵਖ ਵਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦੇ ਨਾਲ ਨਾਲ ਦੁਨੀਆਂ ਦੇ ਕੋਨੇ ਕੋਨੇ ਤੋ ਆਏ ਲੋਕਾਂ ਨੇ ਇਸ ਨੂੰ ਵਿਸ਼ਵ ਵਿਆਪੀ ਭਾਈ ਚਾਰੇ ਅਤੇ ਆਪਸੀ ਪ੍ਰੇਮ ਨੂੰ ਬਾਖੁਬੀ ਪੇਸ਼ ਕਰਦਾ ਮਨਵਤਾ ਦਾ ਇਕ ਨਵਾਂ ਪ੍ਰਤੀਕ ਕਰਾਰ ਦਿੱਤਾ।
ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਇਸ ਵਿਸ਼ਵ ਪੱਧਰੀ ਪ੍ਰੋਜੈਕਟ ਨਾਲ ਜੁੜੇ ਲੋਕਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਵਿਰਾਸਤ ਏ ਖਾਲਸਾ ਨੂੰ ਦੁਨੀਆਂ ਦਾ ਅੱਠਵਾਂ ਅਜੂਬਾ ਕਰਾਰ ਦਿੰਦਿਆ ਕਿਹਾ ਕਿ ਇਸ ਨਾਲ ਸ੍ਰੀ ਆਨੰਦਪੁਰ ਸਾਹਿਬ ਸੰਸਾਰਕ ਸੈਲਾਨੀ ਨਕਸ਼ੇ ਤੇ ਵੀ ਆ ਗਿਆ ਹੈ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਇਤਿਹਾਸ ਦਾ ਇਕ ਮਹੱਤਵਪੁਰਨ ਦਿਨ ਕਰਾਰ ਦਿੱਤਾ ਜਦੋ ਖਾਲਸਾ ਪੰਥ ਦੇ ਇਤਿਹਾਸ ਅਤੇ ਇਸ ਦੀ ਸਾਜਣਾ ਨੂੰ ਪੇਸ਼ ਕਰਦਾ ਆਪਣੀ ਕਿਸਮ ਦਾ ਇਹ ਪਹਿਲਾ ਪ੍ਰੋਜੈਕਟ ਸੰਗਤਾਂ ਦੇ ਸਨਮੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਵਿਚ ਸਿੱਖਾ ਦੀਆਂ ਕੁਰਬਾਜਨੀਆਂ ਨੂੰ ਜਿਸ ਸ਼ਿਦਤ ਨਾਲ ਪੇਸ਼ ਕੀਤਾ ਗਿਆ ਹੈ ਉਸ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਨਾ ਕੇਵਲ ਆਪਣੇ ਵਿਰਸੇ ਬਾਰੇ ਬਲਕਿ ਭੱਵਿਖ ਲਈ ਵੀ ਪ੍ਰੇਰਣਾ ਮਿਲੇਗੀ।
ਇਸ ਮੌਕੇ ਬੋਲਦਿਆ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸਭ ਤੋ ਪਹਿਲਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਿਸ ਨੇ ਉਨ੍ਹਾ ਨੂੰ ਵਿਸ਼ਾਲ ਕਾਰਜ ਨੂੰ ਨੇਪਰੇ ਚਾੜ੍ਹਣ ਦੀ ਸਮੱਰਥਾ ਅਤੇ ਮੌਕਾ ਬਖਸ਼ਿਆ । ਉਨ੍ਹਾਂ ਕਿਹਾ ਕਿ ਇਹ ਮੈ ਸਿੱਖ ਪੰਥ ਅਤੇ ਮਨੁੱਖਤਾ ਪ੍ਰਤੀ ਆਪਣਾ ਨਿਮਾਨਾ ਜਿਹਾ ਫਰਜ ਨਿਭਾਇਆ ਹੈ। ਇਸ ਮੌਕੇ ਬੇਹਦ ਜਜਬਾਤੀ ਹੋਏ ਸ੍ਰ ਬਾਦਲ ਨੇ ਕਿਹਾ ਕਿ ਮੈ ਵਾਹਿਗੁਰੂ ਦਾ ਕੋਟਿਨ ਕੋਟਿ ਧੰਨਵਾਦੀ ਹਾਂ ਜਿਸ ਨੇ ਮੈਨੂੰ ਚਾਰ ਵਾਰ ਮੁੱਖ ਮੰਤਰੀ ਬਣਾਇਆ ਇਸ ਵਿਸ਼ਾਲ ਪ੍ਰੋਜੈਕਟ ਦੀ ਸਥਾਪਨਾ ਦੀ ਸੋਝੀ ਅਤੇ ਇਸ ਨੂੰ ਮੁਕੰਮਲ ਕਰਨ ਦਾ ਬਲ ਬਖਸ਼ਿਆ । ਇਸ ਤੋ ਇਲਾਵਾ ਤਿੰਨ ਹੋਰ ਵੱਡੀਆ ਯਾਦਗਾਰਾ ਜੋ ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਦੇ ਹਜਾਰਾ ਸ਼ਹੀਦਾ ਅਤੇ ਪਹਿਲੇ ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਨੂੰ ਸਮਰਪਿਤ ਹਨ ਨੂੰ ਮੁਕੰਮਲ ਕਰਨ ਦੀ ਸੇਵਾ ਬਖਸ਼ੀ । ਉਨ੍ਹਾਂ ਕਿਹਾ ਕਿ ਇਹ ਯਾਦਗਾਰਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਗਲ ਤੋ ਜਾਣੁ ਕਰਵਾਉਣ ਗਿਆ ਕਿ ਕਿਸ ਤਰ੍ਹਾ ਸਿੱਖਾ ਵਲੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਨਿਸਵਾਰਥ ਕੁਰਬਾਨੀਆਂ ਕੀਤੀਆਂ ਗਈਆ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਵਿਰਾਸਤ ਏ ਖਾਲਸਾ ਨੂੰ ਸਮੁਹ ਧਰਮਾਂ, ਰਾਜਨੀਤਕ ਦਲਾਂ ਅਤੇ ਜਾਤ ਪਾਤ ਜਿਹੇ ਮੁੱਦਿਆ ਤੋ ਉਪਰ ਉਠ ਕੇ ਦੇਖਣਾ ਚਾਹੀਦਾ ਹੈ ਕਿਉਕਿ ਇਹ ਸਮੁੱਚੀ ਮਨੁੱਖਤਾਂ ਨੂੰ ਸਮਰਪਿਤ ਹੈ ਅਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਦੇ ਸੰਦੇਸ਼ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਸੀ ਆਪਣੇ ਆਪ ਨੂੰ ਸਾਡੇ ਅਮੀਰ ਧਾਰਮਿਕ ਅਤੇ ਸਭਿਆਚਾਰਕ ਵਿਰਸੇ ਤੋ ਤੋੜ ਰਹੇ ਹਾਂ ਅਤੇ ਸਾਡੀ ਨੌਜਵਾਨ ਪੀੜੀ ਸਿੱਖਾ ਦੇ ਕੁਰਬਾਨੀਆਂ ਭਰੇ ਇਤਿਹਾਸ ਤੋ ਅਨਜਾਨ ਹੈ । ਉਨ੍ਹਾਂ ਕਿਹਾ ਕਿ ਅਸੀ ਬੜੀ ਮੁਸ਼ਕਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਖਾਲਸਾ ਪੰਥ ਦੀ ਸਥਾਪਨਾ ਦੇ 12 ਸਾਲ ਦੇ ਸੰਖੇਪ ਅਰਸੇ ਦੌਰਾਨ ਹੀ ਦੇਸ਼ ਅੰਦਰ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਤੰਤਰਤਾ ਸੰਗਰਾਮ ਦਾ ਪਹਿਲਾ ਸ਼ਹੀਦਾ ਕਰਾਰ ਦਿੰਦਿਆ ਸ੍ਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ 30 ਨਵੰਬਰ ਨੂੰ ਚੱਪੜਚਿੜੀ ਵਿਖੇ ਯਾਦਗਾਰ ਦਾ ਉਦਘਾਟਨ ਹੋ ਰਿਹਾ ਹੈ ਜੋ ਬਾਬਾ ਜੀ ਦੀ ਬੇਮਿਸਾਲ ਬਹਾਦਰੀ ਅਤੇ ਨਿਸਵਾਰਥ ਕੁਰਬਾਨੀ ਨੂੰ ਨੌਜਵਾਨ ਪਿੜੀ ਅੱਗੇ ਰੱਖੇਗੀ।
ਸ੍ਰ ਬਾਦਲ ਨੇ ਕਿਹਾ ਕਿ ਅਗਲੇ ਪੰਜ ਦਿਨ ਵਿਸ਼ਵ ਦੇ ਇਤਿਹਾਸ ਦੇ ਸਭ ਤੋ ਮਹੱਤਵਪੁਰਨ ਦਿਨ ਹਨ ਜਦੋ ਬੇਹਦ ਮਹੱਤਤਾ ਵਾਲੀਆਂ ਇਤਿਹਾਸ ਯਾਦਗਾਰਾ ਮਨੁੱਖਤਾ ਨੂੰ ਸਮਰਪਿਤ ਹੋਣ ਜਾ ਰਹੀਆਂ ਹਨ। ਸ੍ਰ ਬਾਦਲ ਨੇ ਕਿਹਾ ਕਿ ਕੁੱਪ ਰੋਹੀੜਾ ਵਿਖੇ ਵੱਡੇ ਘੱਲੂਘਾਰੇ ਜਿਸ ਦੌਰਾਨ 35000 ਤੋ ਵੀ ਜਿਆਦਾ ਸਿੰਘ , ਸਿੰਘਣੀਆਂ , ਬਜੁਰਗ ਅਤੇ ਬੱਚੇ ਸ਼ਹੀਦ ਹੋਏ ਸਨ ਅਤੇ ਕਾਹਨੂੰਵਾਨ ਛੰਭ ਵਿਖੇ ਛੋਟੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ 15000 ਸਿੱਖਾ ਦੀ ਯਾਦ ਨੂੰ ਸਦੀਵੀ ਬਨਾਉਣ ਲਈ ਇਹ ਯਾਦਗਾਰਾ ਬਣਾਇਆ ਜਾ ਰਾਹੀਆ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਦੀ ਮਿਹਰ ਹੀ ਸੀ ਜਿਸ ਨਾਲ ਉਨ੍ਹਾਂ ਨੂੰ ਅਜਿਹੇ ਪ੍ਰੋਜੈਕਟਾਂ ਨੂੰ ਚਿਤਵਨ ਅਤੇ ਹਕੀਕੀ ਰੂਪ ਦੇਣ ਦਾ ਮਾਣ ਮਿਲਿਆ ਹੈ। ਉਨ੍ਹਾ ਕਿਹਾ ਕਿ ਇਹ ਪ੍ਰਮਾਤਮਾ ਦੀ ਮਿਹਰ ਹੀ ਸੀ ਕਿ ਉਨ੍ਹਾਂ ਦਾ ਇਜ਼ਰਾਈਲ ਦੌਰੇ ਦੌਰਾਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਮੌਸ਼ੇ ਸੈਫਦੀ ਨੂੰ ਮਿਲਣ ਦਾ ਸਬੱਬ ਬਣਿਆ ਅਤੇ ਉਹ ਉਨ੍ਹਾਂ ਇਸ ਪ੍ਰੋਜੈਕਟ ਲਈ ਪ੍ਰੇਰ ਸਕੇ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਇਸ ਵਲੋ ਵੀ ਬੇਹਦ ਮਸ਼ਕੂਰ ਹਨ ਕਿ ਉਨਾਂ ਨੂੰ ਚਾਰ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਬਖਸ਼ਿਆ ਅਤੇ ਇਨ੍ਹਾਂ ਪ੍ਰੋਜੈਕਟਾ ਦੀ ਸੇਵਾ ਲਈ। ਉਨ੍ਹਾਂ ਇਸ ਮੌਕੇ ਆਪਣੇ ਲੰਬੇ ਸਿਆਸੀ , ਸਮਾਜਿਕ ਅਤੇ ਧਾਰਮਿਕ ਜੀਵਨ ਦੌਰਾਨ ਜਾਣੇ ਅਣਜਾਨੇ ਹੋਈ ਕਿਸੇ ਵੀ ਭੁਲ ਲਈ ਪ੍ਰਮਾਤਮਾ ਤੋ ਅੱਗੇ ਜੋਦੜੀ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਜੀਵਨ ਦੇ ਐਸੇ ਪੜ੍ਹਾਅ ਵਿਚ ਪਹੁੰਚ ਗਏ ਹਨ ਕਿ ਕਿਸੇ ਵੀ ਵਕਤ ਪ੍ਰਮਾਤਮਾ ਦਾ ਸੱਦਾ ਆ ਸਕਦਾ ਹੈ ਪਰ ਉਨ੍ਹਾਂ ਨੂੰ ਇਸ ਗਲ ਦੀ ਪੁਰਨ ਤਸੱਲੀ ਹੈ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਇਨ੍ਹਾਂ ਪ੍ਰੋਜੈਕਟਾਂ ਨੂੰ ਨੇਪਰੇ ਚਾੜ ਕੇ ਖਾਲਸਾ ਪੰਥ ਪ੍ਰਤੀ ਆਪਣਾ ਨਿਮਾਨਾ ਜਿਹਾ ਫਰਜ ਅਦਾ ਕਰ ਸਕੇ ਹਨ ।
ਇਸ ਮੌਕੇ ਬੋਲਦਿਆ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਨੇ ਖਾਲਸਾ ਪੰਥ ਦੇ 500 ਸਾਲ ਪੁਰਾਣੇ ਇਤਿਹਾਸ ਨੁੰ ਪੇਸ਼ ਕਰਦੇ ਵਿਰਾਸਤ ਏ ਖਾਲਸਾ ਅਜਾਇਬ ਘਰ ਦੇ ੳਦਘਾਟਨੀ ਮੌਕੇ ਹਾਜਰ ਹੋਣ ਦਾ ਮੌਕਾ ਮਿਲਣ ਤੇ ਬੇਹਦ ਖੁਸ਼ੀ ਪ੍ਰਗਟਾਈ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਤਖਤ ਸ੍ਰੀ ਹਜੂਰ ਸਾਹਿਬ ਨੰਨਦੇੜ ਨਾਲ ਜੁੜੇ ਹੋਏ ਹਨ ਅਤੇ ਹੁਣ ਇਸ ਪ੍ਰੋਜੈਕਟ ਨਾਲ ਜੋੜਣ ਲਈ ਉਹ ਸ੍ਰ ਬਾਦਲ ਦੇ ਤਹਿ ਦਿਲੋ ਧੰਨਵਾਦੀ ਹਨ। ਸ੍ਰੀ ਗਡਕਰੀ ਨੇ ਕਿਹਾ ਕਿ ਉਹ ਨਿਜੀ ਤੌਰ ਤੇ ਵੱਡੇ ਕਨਕਰੀਟ ਪ੍ਰੋਜੈਕਟਾਂ ਨੂੰ ਉਲੀਕਣ ਨਾਲ ਜੁੜੇ ਹੋਣ ਦੇ ਬਾਵਜੂਦ ਇਹ ਸਮਝਦੇ ਹਨ ਕਿ ਇਹ ਵਿਸ਼ਵ ਪੱਧਰੀ ਪ੍ਰੋਜੈਕਟ ਉਨ੍ਹਾਂ ਦੀ ਕਲਪਨਾ ਤੋ ਕਿਤੇ ਉਪਰ ਹੈ। ਉਨ੍ਹਾਂ ਇਸ ਪ੍ਰੋਜੈਕਟ ਨੁੰ ਚਿਤਵਨ ਅਤੇ ਨੇਪਰੇ ਚਾੜ੍ਹਨ ਲਈ ਸ੍ਰ ਬਾਦਲ ਨੂੰ ਵਧਾਈ ਦਿਤੀ ।
ਇਸ ਮੌਕੇ ਬੋਲਦਿਆ ਦੁਨੀਆ ਭਰ ਵਿਚ ਪ੍ਰਸਿੱਧ ਰੁਹਾਨੀ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਹਰ ਭਾਰਤੀ ਨਾਗਰਿਕ ਸਿੱਖਾ ਵਲੋ ਦੇਸ਼ ਦੀ ਅਜਾਦੀ ਅਤੇ ਏਕਤਾ ਅਤੇ ਅਖੰਡਤਾ ਲਈ ਕੀਤੀਆਂ ਗਈ ਅਣਗਿਣਤ ਅਤੇ ਨਿਸਵਾਰਥ ਕੁਰਬਾਨੀਆਂ ਲਈ ਖਾਲਸਾ ਪੰਥ ਦਾ ਰਿਣੀ ਹੈ ਉਨ੍ਹਾਂ ਕਿਹਾ ਕਿ ਵਿਰਾਸਤ ਏ ਖਾਲਸਾ ਅਜਾਇਬ ਘਰ ਸਾਡੀਆਂ ਆਉਣ ਵਾਲੀਆ ਪੀੜੀਆ ਨੂੰ ਸਾਡੇ ਵਿਰਸੇ ਨਾਲ ਜੋੜਨ ਦਾ ਕੰਮ ਕਰੇਗਾ ।ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਸਾਡੀ ਜੜ ਹੁੰਦੀ ਹੈ ਅਤੇ ਜਿਨੀ ਮਜਬੁਤ ਸਾਡੀ ਜੜ ਹੋਵੇਗੀ ਉਨ੍ਹੀ ਹੀ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਮਜਬੁਤ ਹੋਵੇਗੀ। ਸਿੱਖ ਗੁਰੂ ਸਾਹਿਬਾਨ ਨੂੰ ਆਪਣੀ ਸ਼ਰਧਾ ਦੇ ਫੁਲ ਭੇਟ ਕਰਦਿਆ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਅੱਜ ਦੇ ਇਸ ਭ੍ਰਿਸ਼ਟਾਚਾਰ ਭਰੇ ਯੁੱਗ ਵਿਚ ਸਿੱਖ ਗੁਰੂ ਸਹਿਬਾਨ ਦੇ ਵਿਸ਼ਵ ਵਿਆਪੀ ਭਾਈਚਾਰੇ ਅਤੇ ਨਿਸਵਰਥ ਕੁਰਬਾਨੀਆਂ ਦੇ ਸੰਦੇਸ਼ ਨੂੰ ਦੇਸ਼ ਦੇ ਹਰ ਕੋਨੇ ਵਿਚ ਪ੍ਰਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਨਾਗਰਿਕ ਸੰਤ ਸਿਪਾਹੀ ਬਣੇ ।
ਇਸ ਤੋ ਪਹਿਲਾ ਦੇਸ਼ ਦੀ ਮਹਾਨ ਗਾਇਕਾ ਆਸ਼ਾ ਭੌਸਲੇ ਨੇ ਆਪਣੀ ਬੇਹਦ ਸੁਰੀਲੀ ਆਵਾਜ ਵਿਚ ਗੁਰਬਾਨੀ ਸ਼ਬਦ ਮੇਰੇ ਸਾਹਿਬਾ ਮੇਰੇ ਸਾਹਿਬਾ ਦਾ ਗਾਇਨ ਕੀਤਾ । ਉਨ੍ਹਾਂ ਇਸ ਮੌਕੇ ਆਪਣੇ ਸੰਖੇਪ ਭਾਸ਼ਣ ਦੌਰਾਨ ਆਪਣੀ ਤਖਤ ਸ੍ਰੀ ਹਜੂਰ ਸਾਹਿਬ ਨੰਨਦੇੜ ਨਾਲ ਸਾਂਝ ਨੂੰ ਯਾਦ ਕਰਦਿਆ ਕਿਹਾ ਕਿ ਮਹਾਰਾਸ਼ਟਰ ਦਾ ਹਰ ਪਰਿਵਾਰ ਤਖਤ ਸ੍ਰੀ ਹਜੂਰ ਸਾਹਿਬ ਲਈ ਗੁਰੂ ਸਾਹਿਬ ਦਾ ਰਿਣੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਨੇਕਾ ਪੰਜਾਬੀ ਗੀਤ ਗਾਏ ਹਨ ਪਰ ਪੰਜਾਬ ਆਉਣ ਦਾ ਸਬਬ ਪਹਿਲੀ ਵਾਰ ਬਣਿਆ ਹੈ।
ਇਸ ਮੌਕੇ ਪ੍ਰਸਿੱਧ ਗਾਇਕਾ ਜਸਪਿੰਦਰ ਕੌਰ ਨਰੂਲਾ ਨੇ ਬੇਹਦ ਜੋਸ਼ੀਲੇ ਅੰਦਾਜ ਵਿਚ ਦੇਹੁ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ ਦੇ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਉਪਰੰਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਅਰਦਾਸ ਕੀਤੀ । ਇਸ ਤੋ ਬਾਅਦ ਜਿਉ ਹੀ ਪੰਜ ਸਿੰਘ ਸਾਹਿਬਾਨ ਅਤੇ ਸ੍ਰ ਬਾਦਲ ਨੇ ਉਦਘਾਟਨੀ ਪੱਥਰ ਤੋ ਪਰਦਾ ਹਟਾਉਣ ਲਈ ਬਟਨ ਦਬਾਇਆ ਤਾਂ ਸਮੁੱਚਾ ਆਕਾਸ਼ ਰੰਗ ਬਿਰੰਗੀ ਆਤਿਸ਼ਬਾਜੀ ਨਾਲ ਭਰ ਗਿਆ ਅਤੇ ਇਸ ਮੌਕੇ ਇਕ ਹਵਾਈ ਗਲਾਈਡਰ ਰਾਹੀ ਅਕਾਸ਼ ਤੋ ਫੁਲ ਪੱਤੀਆ ਦੀ ਵਰਖਾ ਕੀਤੀ ਗਈ ਅਤੇ ਖਾਲਸਾ ਪੰਥ ਦੇ ਸ਼ਾਨਾਮੱਤੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਅਧਿਆਏ ਦਰਜ ਹੋ ਗਿਆ।
ਇਸ ਮੌਕੇ ਗੱਤਕਾ ਪਾਰਟੀਆਂ ਅਤੇ ਰਵਾਇਤੀ ਖਾਲਸਾਈ ਪੋਸ਼ਾਕ ਵਿਚ ਸਿੰਘਾ ਦੇ ਜੈਕਾਰਿਆ ਨੇ ਸਮੁੱਚਾ ਮਾਹੌਲ ਹੀ ਜੋਸ਼ੀਲਾ ਬਣਾ ਦਿੱਤਾ । ਇਸ ਉਪਰੰਤ ਆਏ ਮਹਿਮਾਨਾ ਨੂੰ ਖਾਲਸਾ ਪੰਥ ਦੇ ਸਫਰ ਨੂੰ ਬਿਆਨ ਕਰਦੀਆ 15 ਗੈਲਰੀਆਂ ਦਿਖਾਈਆਂ ਗਈਆਂ।
ਇਸ ਮੌਕੇ ਸ੍ਰੀ ਤੀਕਸ਼ਣ ਸੂਦ ਸਮੇਤ ਰਾਜ ਦੇ ਸਮੂਹ ਕੈਬਨਿਟ ਮੰਤਰੀ, ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ , ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਉਮ ਪਰਕਾਸ਼ ਚੋਟਾਲਾ , ਸੁਖਦੇਵ ਸਿੰਘ ਢੀਡਸਾ, ਹਰਸਿਮਰਤ ਕੌਰ ਬਾਦਲ ਅਤੇ ਨਵਜੋਤ ਸਿੰਘ ਸਿੱਧੁ ਸਾਰੇ ਸੰਸਦੀ ਮੈਬਰ , ਜਗਦ ਗੁਰੂ ਸੰਕਰਾਚਾਰੀਆ ਜਯੋਤਿਰਮੱਠ ਸਵਾਮੀ ਮਾਧਵ ਆਸ਼ਰਮ ਜੀ, ਬਾਪੂ ਆਸਾ ਰਾਮ , ਪਾਕਿਸਤਾਨ ਦੇ ਸਾਬਕਾ ਸਿੱਖਿਆ ਮੰਤਰੀ ਸ੍ਰੀ ਇਮਰਾਨ ਮਸੂਦ, ਪਾਕਿ ਸੰਸਦ ਮੈਬਰ ਰਾਏ ਅਜੀਜਉਲਾ, ਸੰਸਦ ਮੈਬਰ ਸ੍ਰੀ ਵਾਇਕੋ , ਗੁਜਰਾਤ ਦੇ ਖੇਤੀ ਮੰਤਰੀ ਸ੍ਰੀ ਦਲੀਪ ਸੰਘੇੜੀ , ਇਜਰਾਇਲੀ ਆਰਕੀਟੈਕਟ ਮੋਸ਼ੇ ਸੈਫਦੀ , ਐਲ ਐਨ ਟੀ ਦੇ ਕਾਰਜਕਾਰੀ ਡਾਇਰੈਕਟਰ ਐਨ ਐਸ ਰਾਏ , ਕਨੇਡਾ ਦੇ ਸਾਬਕਾ ਮੰਤਰੀ ਗੁਰਬਖਸ਼ ਸਿੰਘ ਮੱਲੀ, ਸਾਬਕਾ ਸੰਸੰਦ ਮੈਬਰ ਰੂਬੀ ਢੱਲਾ , ਬਾਬਾ ਬਲਬੀਰ ਸਿੰਘ ਸੀਚੇਵਾਲ, ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ, ਰਾਜ ਚੇਗੱਪਾ ਮੁੱਖ ਸੰਪਾਦਕ ਦਾ ਟ੍ਰਿਬਿਉਣ, ਸ੍ਰੀ ਵਿਪਨ ਪੱਬੀ ਰੇਜੀਡੈਟ ਅਡੀਟਰ ਇੰਡੀਅਨ ਐਕਪ੍ਰੇਸ, ਸ੍ਰੀ ਮੁਨੀਸ਼ ਤੀਵਾੜੀ ਸੰਪਾਦਕ ਡੈਲੀ ਪੋਸਟ, ਬਿਕਰਮ ਸਿੰਘ ਮਜੀਠੀਆ ਪ੍ਰਧਾਨ ਯੂਥ ਅਕਾਲੀ ਦਲ , ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ , ਸ੍ਰੀ ਸੀ ਐਸ ਅਗਰਵਾਲ ਮੁੱਖ ਸਕੱਤਰ, ਸ੍ਰੀ ਅਨਿਲ ਕੋਸ਼ਿਕ ਡੀ ਜੀ ਪੀ , ਸ੍ਰੀ ਦਰਬਾਰਾ ਸਿੰਘ ਗੁਰੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਅਤੇ ਕਨੇਡਾ ਪੁਲਿਸ ਪਹਿਲੇ ਅਮ੍ਰਿਤਧਾਰੀ ਸਿੱਖ ਕਰਮਚਾਰੀ ਬਲਜੀਤ ਸਿੰਘ ਢਿਲੋ ਪ੍ਰਮੁੱਖ ਤੌਰ ਤੇ ਹਾਜਰ ਸਨ।