ਇਸਲਾਮਾਬਾਦ- ਪਾਕਿਸਤਾਨ ਦੀ ਅਫ਼ਗਾਨਿਸਤਾਨ ਨਾਲ ਲਗਦੀ ਸੀਮਾ ਤੇ ਨੈਟੋ ਦੇ ਹਮਲੇ ਵਿੱਚ ਦੋ ਅਫ਼ਸਰਾਂ ਸਮੇਤ 28 ਸੈਨਿਕਾਂ ਦੇ ਮਾਰੇ ਜਾਣ ਤੇ ਪਾਕਿਸਤਾਨ ਨੇ ਸਖਤ ਗੁਸਾ ਜ਼ਾਹਿਰ ਕਰਦੇ ਹੋਏ, ਨੈਟੋ ਸੈਨਾ ਲਈ ਸੈਨਿਕ ਅਤੇ ਖਾਧ ਸਮਗਰੀ ਲੈ ਕੇ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ।ਸੈਨਾ ਮੁੱਖੀ ਪਰਵੇਜ਼ ਕਿਆਨੀ ਨੇ ਨੈਟੋ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਪਾਕਿਸਤਾਨ ਦੇ ਮੁਹੰਮਦ ਕਬਾਇਲੀ ਖੇਤਰ ਵਿੱਚ ਸ਼ੁਕਰਵਾਰ ਦੀ ਰਾਤ ਨੂੰ ਨੈਟੋ ਦੇ ਹੈਲੀਕਾਪਟਰਾਂ ਨੇ ਪਾਕਿਸਤਾਨੀ ਸੀਮਾ ਅੰਦਰ ਜਾ ਕੇ ਇੱਕ ਚੌਂਕੀ ਤੇ ਹਮਲਾ ਕੀਤਾ, ਜਿਸ ਨਾਲ ਘੱਟ ਤੋਂ ਘੱਟ 28 ਸੈਨਿਕਾਂ ਦੀ ਮੌਤ ਹੋ ਗਈ ਅਤੇ ਕੁਝ ਜਖਮੀ ਵੀ ਹੋਏ।ਇਸ ਘਟਨਾ ਦੇ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਨੈਟੋ ਸੈਨਾ ਲਈ ਖਾਧ ਸਮਗਰੀ ਲੈ ਕੇ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਅਤੇ ਕਈ ਟੈਂਕਰਾਂ ਨੂੰ ਖੈਬਰ ਏਰੀਏ ਦੇ ਜਮਰੂਦ ਨਗਰ ਵਿੱਚ ਰੋਕ ਦਿੱਤਾ ਗਿਆ ਹੈ। ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਸੈਨਾ ਮੁੱਖੀ ਕਿਆਨੀ ਨੇ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਵਿਰੋਧਤਾ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ਵਿੱਚ ਅਮਰੀਕਾ ਅਤੇ ਨੈਟੋ ਕੋਲ ਆਪਣਾ ਰੋਸ ਪ੍ਰਗਟ ਕੀਤਾ ਹੈ।
ਨੈਟੋ ਦੇ ਮੁੱਖ ਜਨਰਲ ਜਾਨ ਐਲਨ ਨੇ ਵੀ ਇਸ ਘਟਨਾ ਤੇ ਦੁੱਖ ਜਾਹਿਰ ਕੀਤਾ ਹੈ ਅਤੇ ਕਿਹਾ ਹੈ ਕਿ ਨੈਟੋ ਇਸ ਕਾਰਵਾਈ ਦੀ ਜਾਂਚ ਕਰ ਰਿਹਾ ਹੈ।ਪਹਿਲਾ ਹੀ ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। ਇਸ ਹਮਲੇ ਨਾਲ ਰਿਸ਼ਤਿਆਂ ਵਿੱਚ ਹੋਰ ਵੀ ਕੜਵਾਹਟ ਆਈ ਹੈ। ਜਨਰਲ ਪਰਵੇਜ਼ ਕਿਆਨੀ ਨੇ ਕਿਹਾ, “ਇਸ ਗੈਰ ਜਿੰਮੇਵਾਰ ਕਾਰਵਾਈ ਦਾ ਕਾਰਗਰ ਜਵਾਬ ਦੇਣ ਲਈ ਸਾਰੇ ਜਰੂਰੀ ਕਦਮ ਉਠਾਏ ਜਾ ਰਹੇ ਹਨ।”
ਨੈਟੋ ਦੇ ਕਮਾਂਡਰ ਐਲਨ ਨੇ ਕਿਹਾ, “ ਮੈਂ ਇਸ ਘਟਨਾ ਵਿੱਚ ਮਾਰੇ ਗਏ ਅਤੇ ਜਖਮੀ ਹੋਏ ਪਾਕਿਸਤਾਨੀ ਸੈਨਿਕਾਂ ਦੇ ਪਰੀਵਾਰਾਂ ਨਾਲ ਵਿਅਕਤੀਗਤ ਅਤੇ ਦਿੱਲੀ ਹਮਦਰਦੀ ਜਾਹਿਰ ਕਰਦਾ ਹਾਂ”।