ਚੰਡੀਗੜ੍ਹ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਰਵਾਏ ਗਏ ਵਰਲੱਡ ਕਬੱਡੀ ਕੱਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਡੋਪ ਟੈਸਟ ਰਿਪੋਰਟ ਫੇਲ੍ਹ ਹੋਣ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। 53 ਖਿਡਾਰੀਆਂ ਦੇ ਡੋਪ ਟੈਸਟ ਲਏ ਗਏ ਸਨ। ਇਨ੍ਹਾਂ ਵਿਚੋਂ 49 ਖਿਡਾਰੀਆਂ ਦੇ ਸੈਂਪਲ ਪਾਜਿਟਿਵ ਆਏ ਹਨ, ਜਦੋਂ ਕਿ ਅਮਰੀਕਾ ਦੀ ਟੀਮ ਦੇ ਚਾਰ ਖਿਡਾਰੀਆਂ ਨੇ ਪਹਿਲਾਂ ਹੀ ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦਾ ਮਤਲੱਬ ਇਹ ਚਾਰ ਖਿਡਾਰੀ ਵੀ ਡੋਪ ਟੈਸਟ ਵਿੱਚ ਫੇਲ੍ਹ ਹੀ ਸਾਬਿਤ ਹੋਏ ਹਨ।
ਐਂਟੀ ਡੋਪ ਟੈਸਟਿੰਗ ਕਮੇਟੀ ਦੇ ਮੁੱਖੀ ਡਾ: ਮਨੀਸ਼ ਚੰਦਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਹਿਲੀ ਵਾਰ ਜੇਤੂ ਬਣੀ ਭਾਰਤੀ ਮਹਿਲਾ ਟੀਮ ਦੀਆਂ ਖਿਡਾਰਨਾਂ ਦੀ ਰਿਪੋਰਟ ਬਿਲਕੁਲ ਸਾਫ਼ ਸੁਥਰੀ ਆਈ ਹੈ। ਪਰਗਟ ਸਿੰਘ ਨੇ ਵੀ ਡੋਪ ਟੈਸਟ ਵਿੱਚ ਫੇਲ੍ਹ ਹੋਏ ਕਬੱਡੀ ਖਿਡਾਰੀਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਡੋਪ ਟੈਸਟ ਵਿੱਚ ਫੇਲ੍ਹ ਹੋਏ ਖਿਡਾਰੀਆਂ ਨੂੰ ਇਨਾਮ ਦੀ ਧੰਨ ਰਾਸ਼ੀ ਨਹੀਂ ਦਿੱਤੀ ਜਾਵੇਗੀ। ਅਜਿਹੀ ਟੀਮ ਜਿਸ ਦੇ ਖਿਡਾਰੀ ਡੋਪ ਟੈਸਟ ਵਿੱਚ ਫੇਲ੍ਹ ਹੋ ਜਾਂਦੇ ਹਨ, ਨਿਯਮਾਂ ਅਨੁਸਾਰ ਉਹ ਟੀਮ ਮੈਚ ਖੇਡ ਸਕਦੀ ਹੈ ਪਰ ਅਜਿਹੇ ਹਾਲਾਤ ਵਿੱਚ ਇਨਾਮ ਦੀ ਰਕਮ ਵਿੱਚ 5% ਦੀ ਕਟੌਤੀ ਕੀਤੀ ਜਾਵੇਗੀ । ਡੋਪ ਟੈਸਟ ਵਿੱਚ ਫੇਲ੍ਹ ਹੋਣ ਤੇ 15% ਦੀ ਪਨੈਲਟੀ ਵੀ ਲਗਾਈ ਜਾ ਸਕਦੀ ਹੈ।