ਨਵੀਂ ਦਿੱਲੀ-ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਦੇ ਖਿਲਾਫ਼ ਪਟਿਆਲਾ ਹਾਊਸ ਕੋਰਟ ਨੇ ਐਫ਼ਆਈਆਰ ਦਰਜ਼ ਕਰਨ ਦੇ ਹੁਕਮ ਦਿੱਤੇ ਹਨ। ਕਿਰਨ ਬੇਦੀ ਤੇ ਵਿਦੇਸ਼ੀ ਕੰਪਨੀਆਂ ਅਤੇ ਹੋਰ ਸੰਗਠਨਾਂ ਨਾਲ ਗੰਢ-ਤੁੱਪ ਕਰਕੇ ਧੋਖਾਧੜੀ ਅਤੇ ਵਿੱਤੀ ਮਾਮਲਿਆਂ ਵਿੱਚ ਹੇਰਾਫੇਰੀ ਕਰਨ ਦਾ ਅਰੋਪ ਹੈ।
ਮੈਜਿਸਟਰੇਟ ਅਮਿਤ ਬਾਂਸਲ ਨੇ ਦਿੱਲੀ ਪੁਲਿਸ ਦੀ ਸਾਬਕਾ ਆਈਪੀਐਸ ਅਧਿਕਾਰੀ ਅਤੇ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਦੇ ਖਿਲਾਫ਼ ਆਈਪੀਐਸ ਦੀਆਂ ਕਈ ਧਾਰਾਵਾਂ ਦੇ ਤਹਿਤ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਵਿੱਚ ਧਾਰਾ 420 (ਧੋਖਾਧੜੀ), 406(ਅਪਰਾਧਿਕ ਵਿਸ਼ਵਾਸ਼ਘਾਤ), 477ਏ (ਲੇਖਾਂ ਵਿੱਚ ਜਾਲ੍ਹਸਾਜ਼ੀ ਕਰਨ) ਅਤੇ 120 ਬੀ (ਅਪਰਾਧਿਕ ਸਾਜਿਸ਼) ਦੇ ਤਹਿਤ ਮਾਮਲਾ ਦਰਜ਼ ਕਰਨ ਲਈ ਕਿਹਾ ਗਿਆ ਹੈ।
ਕਿਰਨ ਬੇਦੀ ਤੇ ਲਗਾਏ ਗਏ ਅਰੋਪ ਇਸ ਤਰ੍ਹਾਂ ਹਨ:
*ਕਿਰਨ ਬੇਦੀ ਦੇ ਟਰੱਸਟ ‘ਇੰਡੀਆ ਵਿਜ਼ਨ ਫਾਂਉਡੇਸ਼ਨ’ ਦੇ ਬੈਨਰ ਥੱਲੇ ‘ਮੇਰੀ ਪੁਲਿਸ’ਦੇ ਪ੍ਰੋਗਰਾਮ ਦੇ ਤਹਿਤ ਅਰਧ ਸੈਨਿਕ ਬਲਾਂ ਅਤੇ ਪੁਲਿਸ ਸੰਗਠਨਾਂ ਨੂੰ ਮੁਫ਼ਤ ਕੰਪਿਊਟਰ ਟਰੇਨਿੰਗ ਦੇ ਨਾਂ ਤੇ ਲੁਟਿਆ ਗਿਆ।
*ਬੀਐਸਐਫ਼, ਸੀਆਈਐਸਐਫ਼,ਆਈਟੀਬੀਪੀ,ਸੀਆਰਪੀਐਫ਼ ਅਤੇ ਹੋਰ ਰਾਜ ਪੁਲਿਸ ਸੰਗਠਨਾਂ ਦੇ ਜਵਾਨਾਂ ਦੇ ਬੱਚਿਆਂ ਅਤੇ ਪ੍ਰੀਵਾਰਿਕ ਮੈਂਬਰਾਂ ਨੂੰ ਮੁਫ਼ਤ ਟਰੇਨਿੰਗ ਦੇ ਨਾਂ ਤੇ ਮਾਈਕਰੋਸਾਫ਼ਟ ਕੰਪਨੀ ਤੋਂ 50 ਲੱਖ ਰੁਪੈ ਦੀ ਡੋਨੇਸ਼ਨ ਲਈ।
*ਕਿਰਨ ਬੇਦੀ ਨੇ ਚਾਰ ਸਮੂੰਹਿਕ ਕੇਂਦਰਾਂ ਨੂੰ ਟਰੇਨਿੰਗ ਦੇਣ ਦੀ ਇਜਾਜ਼ਤ ਲਈ। ਹਲਫਨਾਮੇ ਵਿੱਚ ਉਸ ਨੇ ਕਿਹਾ ਕਿ ਉਹ ਕੋਈ ਫੀਸ ਨਹੀਂ ਲਵੇਗੀ। ਫਿਰ ਵੀ ਉਸ ਨੇ 15 ਹਜ਼ਾਰ ਰੁਪੈ ਪ੍ਰਤੀ ਵਿਦਿਆਰਥੀ ਫ਼ੀਸ ਵਸੂਲ ਕੀਤੀ।
* ਮੁਫ਼ਤ ਟਰੇਨਿੰਗ ਜਾਂ ਕੰਪਿਊਟਰ ਦੇਣ ਦੀ ਜਗ੍ਹਾ ਬੇਦੀ ਨੇ ਕੁਝ ਅਗਿਆਤ ਵਿਅਕਤੀਆਂ ਨਾਲ ਮਿਲਕੇ ਵੇਦਾਂਤਾ ਫਾਂਊਡੇਸ਼ਨ ਤੋਂ ਹਰ ਟਰੇਨਿੰਗ ਸੈਂਟਰ ਦੇ ਲਈ ਹਰ ਮਹੀਨੇ 20 ਹਜ਼ਾਰ ਰੁਪੈ ਲੈਣ ਦੀ ਯੋਜਨਾ ਬਣਾਈ।
*ਕਿਰਨ ਬੇਦੀ ਨੇ ਕੁਝ ਲੋਕਾਂ ਨਾਲ ਰੱਲ ਕੇ ਵੇਦਾਂਤਾ ਫਾਂਊਡੇਸ਼ਨ ਨਾਲ ਧੋਖੇਬਾਜ਼ੀ ਕੀਤੀ। ਹਰ ਪ੍ਰੀਖਿਆ ਕੇਂਦਰ ਲਈ ਹਰ ਮਹੀਨੇ 20 ਹਜ਼ਾਰ ਰੁਪੈ ਵਸੂਲ ਕੀਤੇ।
* ਟਰੇਨਿੰਗ ਸੈਂਟਰ ਚਲਾਉਣ ਲਈ ਜ਼ਮੀਨ ਅਤੇ ਬਿਜਲੀ ਦੇ ਪ੍ਰਬੰਧ ਦੇ ਨਾਂ ਤੇ ਹਰ ਮਹੀਨੇ ਵੇਦਾਂਤਾ ਤੋਂ 6 ਹਜ਼ਾਰ ਰੁਪੈ ਦੋ ਟਰੱਸਟਾਂ ‘ ਇੰਡੀਆ ਵਿਜ਼ਨ ਫਾਂਊਡੇਸ਼ਨ’ ਅਤੇ ‘ਨਵਜੋਤੀ ਫਾਂਊਡੇਸ਼ਨ ਨੂੰ ਟਰਾਂਸਫਰ ਕੀਤੇ।
*ਜ਼ਮੀਨ ਅਤੇ ਬਿਜਲੀ ਦਾ ਪ੍ਰਬੰਧ ਪੁਲਿਸ ਸੰਗਠਨਾਂ ਵਲੋਂ ਕੀਤਾ ਗਿਆ ਸੀ। ਉਸ ਦੀ ਸੰਸਥਾ ਵਲੋਂ ਇਸ ਲਈ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ।
ਕੋਰਟ ਦੇ ਇਸ ਫੈਸਲੇ ਤੇ ਕਿਰਨ ਬੇਦੀ ਨੇ ਕਿਹਾ ਕਿ ਮੈਨੂੰ ਇਸ ਤੇ ਕੋਈ ਹੈਰਾਨੀ ਨਹੀਂ ਹੋਈ। ਮੇਰੇ ਕੰਮ ਪ੍ਰਤੀ ਮੇਰਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ।