ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੀਆਂ ਪੰਜਾਬ ਤੇ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਫਖ਼ਰ-ਏ-ਕੌਮ ਪੰਥ ਰਤਨ ਦਾ ਸਨਮਾਨ ਦੇਣ ਦੇ ਫੈਸਲੇ ਤੇ ਕੁਝ ਨਾਮ ਧਰੀਕ-ਅਖੌਤੀ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਗੈਰਵਾਜਬ, ਅਰਥਹੀਨ ਤੇ ਨਿਰਮੂਲ ਹੈ।
ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਰਾਏ ਤੇ ਸਾਂਝੀ ਇਕੱਤਰਤਾ ਉਪਰੰਤ ਹੀ ਪੰਚ ਪ੍ਰਧਾਨੀ ਪਰੰਪਰਾ ਅਨੁਸਾਰ ਉਪਰੋਕਤ ਫੈਸਲਾ ਲਿਆ ਤੇ ਜਿਸ ਦਾ ਐਲਾਨ ਉਨ੍ਹਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਆਪਣੀ ਉਮਰ ਦੇ ਕੀਮਤੀ 60 ਵਰ੍ਹੇ ਕੌਮ, ਪੰਜਾਬ, ਦੇਸ਼, ਧਰਮ ਦੀ ਬੇਹਤਰੀ ਤੇ ਚੜ੍ਹਦੀ ਕਲਾ ਲਈ ਵਾਰੇ ਹਨ। ਉਨ੍ਹਾਂ ਨੇ ਸਿੱਖ ਇਤਿਹਾਸ ਵਿਚ ਵਾਪਰੇ ਬਹੁਤ ਵੱਡੇ ਖੂਨੀ ਘੱਲੂਘਾਰਿਆਂ, ਜਿਵੇਂ ਵੱਡਾ ਘੱਲੂਘਾਰਾ ਕੁਪਰੁਹੀੜਾ ਸੰਗਰੂਰ ਜਿਸ ਵਿਚ ਪੈਂਤੀ ਹਜ਼ਾਰ ਤੋਂ ਵੱਧ ਸਿੰਘ ਸਿੰਘਣੀਆਂ, ਸਿੱਖਾਂ, ਕੌਮੀ ਜਰਨੈਲ ਸ਼ਹੀਦ ਹੋਏ, ਦੂਜਾ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਗੁਰਦਾਸਪੁਰ ਵਿਖੇ ਵੀ ਬਹੁਤ ਅਦਭੁਤ ਕਿਸਮ ਦੀਆਂ ਯਾਦਗਾਰਾਂ ਬਣਾ ਕੇ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਪ੍ਰਗਟਾਇਆ ਹੈ ਅਤੇ ਕੌਮ ਪ੍ਰਸਤੀ ਦਾ ਬਹੁਤ ਵੱਡਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਖ ਪੰਥ ਦੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਨਾਲ ਸਹਿਯੋਗ ਕਰਨ ਵਾਲੇ ਸਿੱਖਾਂ ਦੀ ਯਾਦਗਾਰ ਬਨਾਉਣੀ ਪਹਿਲਾਂ ਕਿਸੇ ਨੇ ਕਿਉਂ ਨਹੀਂ ਸੋਚਿਆ। ਅੱਜ ਤਿੰਨ ਸੌ ਸਾਲ ਬੀਤ ਜਾਣ ਉਪਰੰਤ ਜੇ ਕਿਸੇ ਸ਼ਖਸੀਅਤ ਲੀਡਰ ਨੇ ਨਿਜੀ ਦਿਲਚਸਪੀ ਲੈ ਕੇ ਇਹ ਮਹਾਨ ਕਾਰਜ ਕੀਤਾ ਹੈ ਜੋ ਇਤਿਹਾਸ ਵਿਚ ਸੁਨਹਿਰੀ ਅਖਰਾਂ ਵਿਚ ਦਰਜ ਹੋਵੇਗਾ। ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਵਿਚ ਪੰਜ ਸੌ ਸਾਲ ਦਾ ਇਤਿਹਾਸ ਵਿਦਮਾਨ ਕਰਕੇ ਇਕ ਵੱਖਰਾ ਅਜੂਬਾ ਤੇ ਕੀਰਤੀਮਾਨ ਸਥਾਪਤ ਕੀਤਾ ਹੈ। ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਕੌਮ ਤੇ ਜਦ ਵੀ ਕੋਈ ਆਫਤ ਜਾ ਮੁਸ਼ਕਲ ਆਈ ਸ. ਪਰਕਾਸ਼ ਸਿੰਘ ਬਾਦਲ ਨੇ ਸੁਯੋਗ, ਸੁਘੜ ਤਰੀਕੇ ਨਾਲ ਅਗਵਾਈ ਦੇ ਕੇ ਵੱਡੇ ਤੇ ਪ੍ਰਵਾਨਤ ਲੀਡਰ ਹੋਣ ਦਾ ਮਾਣ ਹਾਸਲ ਕੀਤਾ ਹੈ।
ਜਥੇ. ਅਵਤਾਰ ਸਿੰਘ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੀ ਉਨ੍ਹਾਂ ਦੀ ਹੀ ਦੂਰਦਰਸ਼ੀ ਸੋਚ ਦਾ ਫਲ ਹੈ। ਹਰਿਆਣੇ ਵਿਚ ਮੀਰੀ-ਪੀਰੀ ਮੈਡੀਕਲ ਕਾਲਜ ਵੀ ਸ. ਬਾਦਲ ਦੇ ਵੱਡੇ ਜਿਗਰੇ ਤੇ ਸਰਬੱਤ ਦੇ ਭਲੇ ਦੀ ਕਾਮਨਾ ਤੇ ਪ੍ਰੇਰਨਾ ਸਦਕਾ ਹੀ ਅੱਜ ਸੰਗਤਾਂ ਦੀ ਸੇਵਾ ਵਿਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਦਾ ਫੈਸਲਾ ਦਰੁੱਸਤ ਤੇ ਸਵਾਗਤ ਕਰਨ ਯੋਗ ਹੈ। ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਅਸਲ ਵਿਚ ਉਹ ਫੋਕੀ ਸ਼ੋਹਰਤ ਤੇ ਸਿਆਸੀ ਰੋਟੀਆ ਸ਼ੇਕਣ ਦੇ ਆਹਰ ਵਿਚ ਹਨ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲਿਆਂ ਨੂੰ ਆਪਣੀ ਸਵੈ ਪੜਚੋਲ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਜਿਹੜੇ ਲੋਕ ਸੰਗਤ ਵਲੋਂ ਨਕਾਰੇ ਗਏ ਹਨ, ਉਹ ਹੀ ਜਿਆਦਾ ਹਾਲ ਦੁਹਾਈ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਭਲੀ-ਭਾਂਤ ਸਮਝਦੀ ਹੈ ਕਿ ਪੰਥ ਨੂੰ ਸਹੀ ਅਗਵਾਈ ਕਿਹੜਾ ਨੇਤਾ ਦੇ ਸਕਦਾ ਹੈ। ਇਸ ਦਾ ਫਤਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵਿਚ ਦਿੱਲੀ ਤੋਂ ਆਏ ਧਾੜਵੀਆਂ ਸਮੇਤ ਦੂਜਿਆਂ ਨੇ ਵੀ ਵੇਖ ਲਿਆ ਹੈ। ਜਥੇ. ਮੱਕੜ ਨੇ ਇਨ੍ਹਾਂ ਵੱਖ-ਵੱਖ ਪਸੇਰੂ ਜਥੇਬੰਦੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਬੱਤ ਦੇ ਭਲੇ, ਕੌਮ, ਪੰਜਾਬ ਦੇਸ਼ ਤੇ ਧਰਮ ਦੀ ਬੇਹਤਰੀ ਲਈ ਸੇਵਾ ਕਰਨ, ਐਵੇ ਵਿਰੋਧ ਕਰਕੇ ਆਪਣਾ ਤੇ ਕੌਮ ਦਾ ਸਮਾਂ ਬਰਬਾਦ ਨਾ ਕਰਨ।