ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਨੈਟੋ ਦੇ ਹਵਾਈ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਸਾਡੇ ਸਬੰਧ ਸੁਖਾਂਵੇ ਨਹੀਂ ਰਹਿ ਸਕਦੇ। ਕਬਾਇਲੀ ਖੇਤਰ ਵਿੱਚ ਇਸ ਹਮਲੇ ਵਿੱਚ 28 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ।
ਪ੍ਰਧਾਨ ਮੰਤਰੀ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਨੈਟੋ ਅਤੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਤਾ ਬਲਾਂ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨਾਲ ਸਾਡਾ ਰਿਸ਼ਤਾ ਆਪਸੀ ਮਾਣ-ਸਨਮਾਨ ਅਤੇ ਆਪਸੀ ਹਿੱਤਾਂ ਸਦਕਾ ਹੀ ਕਾਇਮ ਰਹਿ ਸਕਦਾ ਹੈ। ਹਾਲ ਹੀ ਵਿੱਚ ਪਾਕਿਸਤਾਨੀ ਸੈਨਿਕ ਚੌਂਕੀਆਂ ਤੇ ਨੈਟੋ ਦੁਆਰਾ ਹੈਲੀਕਾਪਟਰ ਰਾਹੀਂ ਕੀਤੇ ਗਏ ਹਵਾਈ ਹਮਲੇ ਵਿੱਚ 28 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੇ ਪਾਕਿਸਤਾਨ ਵਲੋਂ ਸਖਤ ਨਰਾਜ਼ਗੀ ਜਾਹਿਰ ਕੀਤੀ ਗਈ ਸੀ।
ਗਿਲਾਨੀ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦੇ ਆਪਸੀ ਸਬੰਧ ਅਤੇ ਆਪਸੀ ਹਿੱਤ ਹਨ, ਜੇ ਮੈਂ ਆਪਣੇ ਦੇਸ਼ ਦੀ ਸੁਤੰਤਰਤਾ ਦੀ ਹਿਫ਼ਾਜਤ ਹੀ ਨਹੀਂ ਕਰ ਸਕਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਪਾਕਿਸਤਾਨ ਨੂੰ ਅਮਰੀਕਾ ਤੋਂ ਉਹ ਮਾਣ-ਸਨਮਾਨ ਨਹੀਂ ਮਿਲ ਰਿਹਾ ਜੋ ਕਿ ਮਿਲਣਾ ਚਾਹੀਦਾ ਹੈ।