ਲੁਧਿਆਣਾ:-ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਨਵੀਂ ਦਿੱਲੀ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹੋਮ ਸਾਇੰਸ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਥਾਨਿਕ ਪੱਧਰ ਤੇ ਪੜ੍ਹ ਕੇ ਉਥੇ ਹੀ ਰੁਜ਼ਗਾਰ ਦੀ ਤਾਂਘ ਤੁਹਾਨੂੰ ਵੱਡੇ ਸੁਪਨਿਆਂ ਦੇ ਹਾਣ ਦਾ ਨਹੀਂ ਬਣਾਉਂਦੀ। ਉਨ੍ਹਾਂ ਆਖਿਆ ਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਹਾਂ ਅਤੇ ਅੱਜ ਮੈਂ ਜੇਕਰ ਕੌਮੀ ਪੱਧਰ ਦੀ ਜਿੰਮੇਂਵਾਰ ਦੇ ਕਾਬਲ ਸਮਝਿਆ ਗਿਆ ਹਾਂ ਤਾਂ ਉਸ ਵਿੱਚ ਮੇਰੇ ਅਧਿਆਪਕਾਂ ਵੱਲੋਂ ਮੈਨੂੰ ਦਿੱਤਾ ਇਹ ਸੁਨੇਹਾ ਜਿੰਮੇਂਵਾਰ ਹੈ ਕਿ ਆਪਣੇ ਆਪ ਨੂੰ ਕੌਮੀ ਅਤੇ ਕੌਮਾਂਤਰੀ ਸੋਚ ਦੇ ਹਾਣ ਦਾ ਬਣਾਓ। ਉਨ੍ਹਾਂ ਆਖਿਆ ਕਿ ਜੂਨੀਅਰ ਖੋਜ ਫੈਲੋਸ਼ਿਪ, ਸੀਨੀਅਰ ਖੋਜ ਫੈਲੋਸ਼ਿਪ ਅਤੇ ਖੇਤੀਬਾੜੀ ਭਰਤੀ ਸੇਵਾਵਾਂ ਲਈ ਹੁੰਦੀ ਪ੍ਰੀਖਿਆ ਵਿੱਚ ਵੀ ਪੰਜਾਬ ਦਾ ਹਿੱਸਾ ਬਹੁਤ ਥੋੜ੍ਹਾ ਹੈ, ਇਸ ਨੂੰ ਵਧਾਉਣਾ ਸਮੇਂ ਦੀ ਲੋੜ ਹੈ।
ਡਾ: ਗੁਰਬਚਨ ਸਿੰਘ ਨੇ ਆਖਿਆ ਕਿ ਤੁਹਾਨੂੰ ਮਿਲਣ ਵਾਲੀ ਇਹ ਡਿਗਰੀ ਤੁਹਾਡੇ ਵਾਸਤੇ ਜੀਵਨ ਸੁਰੱਖਿਆ ਵਾਲੀ ਉਸ ਜੈਕਟ ਵਾਂਗ ਹੈ ਜੋ ਤੁਹਾਨੂੰ ਡੁੱਬਣ ਨਹੀਂ ਦਿੰਦੀ ਸਗੋਂ ਹਰ ਪਲ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੇ ਵਿਕਾਸ ਲਈ ਅੱਗੇ ਤੋਂ ਅੱਗੇ ਰਾਹ ਖੋਲਦੀ ਜਾਂਦੀ ਹੈ । ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਨੂੰ ਹੁਣ ਆਪਣੀ ਲਿਆਕਤ ਵੀ ਨਾਲੋ ਨਾਲ ਤਬਦੀਲ ਅਤੇ ਵਿਕਸਤ ਕਰਨੀ ਪਵੇਗੀ । ਡਾ: ਸਿੰਘ ਨੇ ਆਖਿਆ ਕਿ ਔਰਤ ਨੂੰ ਅੱਜ ਤੀਕ ਕਮਜੋਰ ਹਸਤੀ ਸਮਝਿਆ ਜਾਂਦਾ ਹੈ ਅਤੇ ਇਸ ਵਿਚਾਰ ਨੇ ਔਰਤ ਜਾਤ ਅੰਦਰ ਇਕ ਵੱਖਰੀ ਕਿਸਮ ਦੀ ਹੀਣ ਭਾਵਨਾ ਬਿਠਾ ਦਿੱਤੀ ਹੈ । ਅੱਜ ਵੀ ਵਿਕਸਤ ਮੁਲਕਾਂ ਅੰਦਰ ਵੀ ਔਰਤ ਮਰਦ ਦੇ ਬਰਾਬਰ ਕੰਮ ਕਾਰ ਕਰਦੀ ਹੋਈ ਵੀ ਬਰਾਬਰ ਨਹੀਂ ਗਿਣੀ ਜਾਂਦੀ । ਜੀਵਨ ਮਿਆਰ ਦੇ ਮਾਪ ਦੰਡਾਂ ਨੂੰ ਵੇਖੀਏ ਤਾਂ ਅੱਜ ਵੀ ਔਰਤ ਨੂੰ ਖੁਰਾਕ ਅਤੇ ਸਿਹਤ ਸੰਭਾਲ ਸੇਵਾਵਾਂ ਪੱਖੋਂ ਪੂਰੀਆਂ ਸਹੂਲਤਾਂ ਪ੍ਰਾਪਤ ਨਹੀਂ ।
ਡਾ: ਗੁਰਬਚਨ ਸਿੰਘ ਨੇ ਆਖਿਆ ਕਿ ਸਮਾਜਿਕ ਅਤੇ ਆਰਥਿਕ ਨਾ ਬਰਾਬਰੀ ਨਾਲ ਹੀ ਸਾਡੀ ਸਮਰਥਾ ਵਧਦੀ ਘਟਦੀ ਹੈ ਪਰ ਅੱਜ ਭਾਰਤੀ ਔਰਤ ਨੇ ਅਨੇਕਾਂ ਅਜਿਹੀਆਂ ਮਿੱਥਾਂ ਤੋੜੀਆਂ ਹਨ ਅਤੇ ਉਦਯੋਗ, ਸਰਕਾਰੀ ਨੌਕਰੀਆਂ, ਨਿਆਂ ਪਾਲਕਾਂ, ਪ੍ਰਸ਼ਾਸਨ ਅਤੇ ਵਿਗਿਆਨ ਜਗਤ ਵਿੱਚ ਸਿਖਰਾਂ ਛੋਹ ਕੇ ਕਮਾਲ ਕਰ ਦਿਖਾਈ ਹੈ । ਉਨ੍ਹਾਂ ਆਖਿਆ ਕਿ ਭਾਰਤ ਵਿੱਚ ਔਰਤਾਂ, ਬੱਚਿਆਂ ਅਤੇ ਮਰਦਾਂ ਵਿੱਚ ਵੀ ਪੌਸ਼ਟਿਕਤਾ ਦੀ ਕਮੀ ਹੈ । ਇਹ ਗੱਲ ਹੋਰ ਵੀ ਤਕਲੀਫ਼ ਦੇਣ ਵਾਲੀ ਹੈ ਕਿ ਖੁਰਾਕ ਪੱਖੋਂ ਕਮਜ਼ੋਰ ਬਹੁਤੇ ਕਿਸਾਨ ਪਰਿਵਾਰ ਅਤੇ ਖੇਤ ਮਜ਼ਦੂਰ ਪਰਿਵਾਰ ਹਨ । ਭਾਵੇਂ ਪੰਜਾਬ ਰਾਜ ਇਸ ਮਾਮਲੇ ਵਿੱਚ ਦੇਸ਼ ਤੋਂ ਬਹੁਤ ਅ¤ਗੇ ਹੈ ਪਰ ਪੌਸ਼ਟਿਕਤਾ ਵਿਹੂਣੀ ਲੁਕਵੀਂ ਭੁ¤ਖ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਪੰਜਾਬ ਦੀਆਂ 68 ਫੀਸਦੀ ਔਰਤਾਂ ਅਨੀਮੀਆ ਭਾਵ ਖੁਨ ਦੀ ਕਮੀ ਦਾ ਸ਼ਿਕਾਰ ਹਨ । ਖੁਰਾਕ ਵਿਚਲੇ ਲਘੂ ਤੱਤਾਂ ਦੀ ਕਮੀ ਪੂਰੇ ਪੰਜਾਬ ਵਿੱਚ ਹੀ ਮਿਲਦੀ ਹੈ । ਦੂਸਰੇ ਪਾਸੇ ਸ਼ੱਕਰ ਰੋਗ ਭਾਵ ਡਾਇਬੀਟੀਜ਼, ਦਿਲ ਦੇ ਰੋਗ ਅਤੇ ਛੂਤ ਵਾਲੀਆਂ ਬੀਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ । ਭਾਰਤ ਨੂੰ ਸ਼ੱਕਰ ਰੋਗ ਦੀ ਰਾਜਧਾਨੀ ਵਜੋਂ ਵੇਖਿਆ ਜਾ ਰਿਹਾ ਹੈ । ਸਾਡੇ ਸਭ ਲਈ ਇਹ ਬਹੁਤ ਵੱਡੀ ਵੰਗਾਰ ਹੈ । ਖੇਤੀਬਾੜੀ ਵਿਗਿਆਨੀਆਂ ਅਤੇ ਭੋਜਨ ਵਿਗਿਆਨੀਆਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ । ਮੇਰਾ ਵਿਸ਼ਵਾਸ਼ ਹੈ ਕਿ ਹੋਮ ਸਾਇੰਸ ਕਾਲਜ ਦਾ ਭੋਜਨ ਅਤੇ ਪੌਸ਼ਟਿਕਤਾ ਵਿਭਾਗ ਖੁਨ ਦੀ ਕਮੀ ਭਾਵ ਅਨੀਮੀਆ ਬਾਰੇ ਖੋਜ ਪ੍ਰਾਜੈਕਟਾਂ ਤੇ ਜਰੂਰ ਕੰਮ ਕਰ ਰਿਹਾ ਹੋਵੇਗਾ ਤਾਂ ਜੋ ਪੰਜਾਬੀ ਸਮਾਜ ਨੂੰ ਖੁਰਾਕ ਪੱਖੋਂ ਪੌਸ਼ਟਿਕਤਾ ਭਰਪੂਰ ਬਣਾਇਆ ਜਾ ਸਕੇ । ਡਾ: ਸਿੰਘ ਨੇ ਆਖਿਆ ਕਿ ਖੇਤੀਬਾੜੀ ਅਤੇ ਪੇਂਡੂ ਵਿਕਾਸ ਵਿੱਚ ਔਰਤਾਂ ਦਾ ਹਿੱਸਾ ਬਹੁਤ ਮਹੱਤਵਪੂਰਨ ਹੈ । ਔਰਤਾਂ ਦੀ ਖੇਤੀਬਾੜੀ ਕਿਰਤ ਦੇ ਲਿਹਾਜ਼ ਨਾਲ ਹਿੱਸੇਦਾਰੀ 55-66 ਫੀਸਦੀ ਅੰਕੀ ਗਈ ਹੈ । ਪੰਜਾਬ ਵਿੱਚ ਲਵੇਰਿਆਂ ਦੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ ਘਰੇਲੂ ਪੱਧਰ ਤੇ ਔਰਤਾਂ ਹੀ ਨਿਭਾਉਂਦੀਆਂ ਹਨ । ਇਸ ਕੰਮ ਵਿੱਚ ਉਨ੍ਹਾਂ ਦਾ ਰੋਜ਼ਾਨਾ 3-6 ਘੰਟੇ ਸਮਾਂ ਲੱਗਦਾ ਹੈ । ਰਵਾਇਤੀ ਤੌਰ ਤੇ ਬੀਜ ਸੰਭਾਲ, ਕਟਾਈ ਵੇਲੇ ਕੰਮ ਕਰਨ ਵਿੱਚ ਹਿੱਸੇਦਾਰੀ ਅਨਾਜ ਦੀ ਸਾਂਭ ਸੰਭਾਲ ਵਿੱਚ ਵੀ ਔਰਤਾਂ ਵੱਡਾ ਹਿੱਸਾ ਪਾਉਂਦੀਆਂ ਹਨ ।
ਡਾ: ਗੁਰਬਚਨ ਸਿੰਘ ਨੇ ਨਵੇਂ ਗਰੈਜੂਏਟਾਂ ਨੂੰ ਸੰਬੋਧਨ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਸੰਘ ਨੇ ਸਦੀ ਦੇ ਵਿਕਾਸ ਟੀਚਿਆਂ ਨੂੰ ਨਿਰਧਾਰਤ ਕਰਨ ਲੱਗਿਆਂ ਅਤਿ ਦਰਜ਼ੇ ਦੀ ਗਰੀਬੀ, ਭੁੱਖਮਰੀ, ਇਸਤਰੀ ਮਰਦ ਵਖਰੇਵਾਂ, ਔਰਤ ਸ਼ਕਤੀਕਰਨ, ਪੰਘੂੜੇ ਦੀ ਉਮਰੇ ਬੱਚਿਆਂ ਦੀ ਮੌਤ, ਮਾਵਾਂ ਦੀ ਸਿਹਤ ਵਿੱਚ ਸੁਧਾਰ ਅਤੇ ਏਡਜ਼ ਵਰਗੇ ਰੋਗਾਂ ਦੇ ਟਾਕਰੇ ਨੂੰ ਮੁੱਖ ਨਿਸ਼ਾਨਾ ਮਿਥਦਿਆਂ ਪਾਏਦਾਰ ਵਾਤਾਵਰਣ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ, ਇਸ ਪਾਸੇ ਵੀ ਸਾਨੂੰ ਧਿਆਨ ਦੇਣਾ ਪਵੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਹੋਮ ਸਾਇੰਸ ਕਾਲਜ ਦੀਆਂ ਗਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ। ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਾਲਜ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਕਾਲਜ ਵਿੱਚ ਬੀ ਐਸ ਸੀ ਹੋਮ ਸਾਇੰਸ ਚਾਰ ਸਾਲਾ ਅਤੇ ਛੇ ਸਾਲਾ ਪ੍ਰੋਗਰਾਮ ਤੋਂ ਇਲਾਵਾ ਬੀ ਐਸ ਸੀ ਫੈਸ਼ਨ ਡਿਜਾਈਨਿੰਗ, ਬੀ ਐਸ ਸੀ ਪੌਸ਼ਟਿਕਤਾ ਅਤੇ ਖੁਰਾਕ ਪ੍ਰਬੰਧ ਅਤੇ ਐਮ ਐਸ ਸੀ ਅਤੇ ਪੀ ਐਚ ਡੀ ਪੰਜ ਅਨੁਸਾਸ਼ਨਾਂ ਵਿੱਚ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪੇਂਡੂ ਕਿਸਾਨ ਬੀਬੀਆਂ ਲਈ ਇਕ ਸਾਲਾ ਸਿਖਲਾਈ ਕੋਰਸ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਈ ਤੋਂ ਇਲਾਵਾ ਵਿਦਿਆਰਥੀਆਂ ਨੇ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਵੀ ਉਚੇਰੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਸ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੁਵਕ ਮੇਲੇ ਦੀ ਸਰਵੋਤਮ ਟਰਾਫੀ ਜਿੱਤੀ ਹੈ। ਕਾਲਜ ਦੀਆਂ ਕਈ ਅਧਿਆਪਕਾਵਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਪੁਰਸਕਾਰ ਹਾਸਿਲ ਹੋਏ ਹਨ। ਭਵਿੱਖ ਦੀਆਂ ਖੋਜ, ਅਧਿਆਪਨ ਅਤੇ ਪਸਾਰ ਸਰਗਰਮੀਆਂ ਦੀ ਨਿਸ਼ਾਨਦੇਹੀ ਕਰਦਿਆਂ ਡਾ: ਗਰੇਵਾਲ ਨੇ ਦੱਸਿਆ ਕਿ ਉੱਦਮੀ ਵਿਕਾਸ ਪ੍ਰੋਗਰਾਮ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ ਅਤੇ ਵਸਤਰ ਵਿਭਾਗ ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ 1.43 ਕਰੋੜ ਰੁਪਏ ਦੀ ਗਰਾਂਟ ਹਾਸਿਲ ਹੋ ਚੁੱਕੀ ਹੈ। ਇਸੇ ਤਰ੍ਹਾਂ ਬੇਕਰੀ ਅਤੇ ਖਾਣ ਪਕਵਾਨ ਉਤਪਾਦਨਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਜਸਪਿੰਦਰ ਸਿੰਘ ਕੋਲਾਰ ਅਤੇ ਸ: ਜੰਗ ਬਹਾਦਰ ਸਿੰਘ ਸੰਘਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ, ਹੋਮ ਸਾਇੰਸ ਕਾਲਜ ਦੀ ਸਾਬਕਾ ਡੀਨ ਡਾ: ਸੁਖਵੰਤ ਕੌਰ ਮਾਨ, ਡਾ: ਮਨਜੀਤ ਕੌਰ ਢਿੱਲੋਂ, ਹੋਮ ਸਾਇੰਸ ਕਾਲਜ ਦੀ ਸਾਬਕਾ ਖੋਜ ਕੋਆਡੀਨੇਟਰ ਡਾ:ਕ੍ਰਿਸ਼ਨਾ ਓਬਰਾਏ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ, ਯੂਨੀਵਰਸਿਟੀ ਦੇ ਕੰਪਟਰੋਲਰ ਡਾ: ਸ਼੍ਰੀ ਏ ਸੀ ਰਾਣਾ, ਚੀਫ਼ ਇੰਜੀਨੀਅਰ ਡਾ: ਜਸਪਾਲ ਸਿੰਘ ਅਤੇ ਅਸਟੇਟ ਅਫਸਰ ਡਾ: ਜਸਕਰਨ ਸਿੰਘ ਮਾਹਲ ਤੋਂ ਇਲਾਵਾ ਕਈ ਹੋਰ ਸਿਰਕੱਢ ਵਿਗਿਆਨੀ ਹਾਜ਼ਰ ਸਨ।
ਹੋਮ ਸਾਇੰਸ ਕਾਲਜ ਵਿੱਚ ਅਕੈਡਮਿਕ ਕਮੇਟੀ ਦੀ ਚੇਅਰ ਪਰਸਨ ਡਾ: ਸੁਖਜੀਤ ਕੌਰ ਨੇ ਦੱਸਿਆ ਕਿ ਕਨਵੋਕੇਸ਼ਨ ਦੌਰਾਨ 108 ਵਿਦਿਆਰਥੀਆਂ ਨੂੰ ਬੀ ਐਸ ਸੀ ਦੀ ਡਿਗਰੀ, 40 ਨੂੰ ਡਿਪਲੋਮਾ ਸਰਟੀਫਿਕੇਟ, 12 ਨੂੰ ਮੈਡਲ ਸਰਟੀਫਿਕੇਟ ਅਤੇ 3 ਨੂੰ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਇਸ ਮੌਕੇ ਮਾਨਯੋਗ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਮਿਸ ਅਨੁਪ੍ਰਿਯਾ ਸਿੰਘ, ਦੀਪਤੀ ਚੌਧਰੀ ਅਤੇ ਮਿਸ ਪਾਇਲ ਬਾਂਸਲ ਨੂੰ ਸਾਲ 2009, 2010 ਅਤੇ 2011 ਦੌਰਾਨ ਵੱਧ ਅੰਕ ਹਾਸਿਲ ਕਰਨ ਲਈ ਗੋਲਡ ਮੈਡਲ ਪ੍ਰਦਾਨ ਕੀਤੇ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ ਬਲਜਿੰਦਰ ਕੌਰ ਬਰਾੜ ਯਾਦਗਾਰੀ ਇਨਾਮ ਵੀ ਦਿੱਤਾ ਗਿਆ।