ਫਤਿਹਗੜ੍ਹ ਸਾਹਿਬ :- “ਸਿੱਖ ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਨੂੰ ਬਖ਼ਸਿਸ ਕੀਤੇ ਗਏ “ਜੰਗਨਾਮੇ” ਦੇ ਮਨੁੱਖਤਾ ਪੱਖੀ ਅਸੂਲਾਂ ਤੇ ਨਿਯਮਾਂ ਅਤੇ ਕੌਮਾਂਤਰੀ ਕਾਨੂੰਨ “ਜਨੇਵਾ ਕੰਨਵੈਨਸ਼ਨ ਆਫ਼ ਵਾਰ” ਵਿਚ ਪ੍ਰਗਟਾਈ ਗਈ ਭਾਵਨਾਂ ਦੀ ਸਿੱਖ ਕੌਮ ਅਤੇ ਅੰਮ੍ਰਿਤਸਰ ਦਲ ਪੂਰੀ ਤਰਾ ਕਾਇਲ ਹੈ ਅਤੇ ਪਹਿਰਾ ਦਿੰਦੀ ਆ ਰਹੀ ਹੈ । ਇਸ ਲਈ ਹਰ ਤਰਾਂ ਦੀ ਜੰਗ ਜਾਂ ਲੜਾਈ ਵਿਚ ਸਮੂਹ ਮੁਲਕਾਂ ਦੀਆਂ ਫੌਜ਼ਾਂ, ਸੁਰੱਖਿਆਂ ਦਸਤਿਆਂ ਅਤੇ ਇਹਨਾਂ ਬਲਾਂ ਦੇ ਕਮਾਡਰਾਂ ਨੂੰ ਇਹਨਾਂ ਦੋਵਾਂ ਉਪਰੋਕਤ ਮਹੱਤਵਪੂਰਨ ਦਸਤਾਵੇਜਾਂ ਵਿਚ ਦਰਜ਼ ਨਿਯਮਾਂ ਤੇ ਅਸੂਲਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ । ਲੋਕ ਪੱਖੀ ਕਿਸੇ ਵਿਸੇਸ ਮਿਸ਼ਨ ਦੀ ਪ੍ਰਾਪਤੀ ਲਈ ਜੂਝ ਰਹੀਆਂ ਕੌਮਾਂ ਦੇ ਆਗੂਆਂ ਨੂੰ ਮਾਓਵਾਦੀ ਆਗੂ ਸ੍ਰੀ ਕ੍ਰਿਸ਼ਨ ਜੀ ਦੀ ਤਰਾਂ ਸਰਕਾਰੀ ਦਹਿਸ਼ਤਗਰਦੀ ਦਾ ਨਿਸ਼ਾਨਾਂ ਬਣਾਕੇ ਖ਼ਤਮ ਕਰ ਦੇਣ ਦੀ ਇੰਜਾਜ਼ਤ ਬਿਲਕੁਲ ਨਹੀ ਹੋਣੀ ਚਾਹੀਦੀ ਭਾਵੇ ਕਿ ਸਰਕਾਰ ਦੀ ਨਜ਼ਰ ਵਿਚ ਬਾਗੀ ਵੀ ਕਿਉ ਨਾ ਹੋਵੇ । ”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ 27 ਨਵੰਬਰ ਨੂੰ ਵੈਸਟ ਬੰਗਾਲ ਦੀ ਮਮਤਾ ਹਕੂਮਤ ਵੱਲੋ ਸਿਰਕੱਢ ਮਾਓਵਾਦੀ ਆਗੂ ਸ੍ਰੀ ਕ੍ਰਿਸ਼ਨ ਜੀ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ “ਜੰਗਲ ਰਾਜ” ਦੇ ਕਾਲੇ ਕਾਨੂੰਨਾਂ ਦੀ ਵਰਤੋ ਕਰਦੇ ਹੋਏ ਗੋਲੀਆਂ ਨਾਲ ਛਲਣੀ ਕਰ ਦੇਣ ਦੀ ਸਿੱਖਾਂ ਦੇ ਜੰਗਨਾਮੇ ਅਤੇ ਜਨੇਵਾ ਕੰਨਵੈਨਸ਼ਨ ਆਫ਼ ਵਾਰ ਦੇ ਮਨੁੱਖਤਾ ਪੱਖੀ ਸਿਧਾਤਾਂ ਦਾ ਘੋਰ ਉਲੰਘਣਾ ਕਰਾਰ ਦਿੰਦੇ ਹੋਏ ਪੁਰਜੋਰ ਨਿਖੇਧੀ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੋ ਕੁਝ ਵੈਸਟ ਬੰਗਾਲ ਦੀ ਮਮਤਾ ਹਕੂਮਤ ਸੈਟਰ ਦੀ ਯੂ ਪੀ ਏ ਸਰਕਾਰ ਦੀ ਸਰਪ੍ਰਸਤੀ ਹੇਠ ਕਰ ਰਹੀ ਹੈ, ਉਹੀ ਕੁਝ ਪਹਿਲਾ ਵੈਸਟ ਬੰਗਾਲ ਦੇ ਕਾਂਗਰਸੀ ਆਗੂ ਸ. ਸਿਧਾਰਥ ਸ਼ੰਕਰ ਰੇਅ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕਰਕੇ ਹਿੰਦੂਤਵ ਹਕੂਮਤ ਦੇ ਵਿਸ਼ਵਾਸ ਪਾਤਰ ਬਾਦਲ ਦਲ ਲਈ ਹਕੂਮਤ ਬਣਾਉਣ ਲਈ ਰਾਹ ਪੱਧਰਾ ਕੀਤਾ ਸੀ । ਇਸੇ ਤਰਾਂ ਪੰਜਾਬ ਦੀ ਬੇਅੰਤ ਸਿੰਘ ਹਕੂਮਤ ਨੇ ਵੀ ਇਸ ਮਨੁੱਖਤਾ ਮਾਰੂ ਸੋਚ ਉਤੇ ਕੰਮ ਕਰਕੇ ਫਿਰ ਬਾਦਲ ਦਲ ਨੂੰ ਇਹ ਮੌਕਾ ਪ੍ਰਦਾਨ ਕੀਤਾ । ਉਹਨਾਂ ਕਿਹਾਂ ਕਿ ਇਹ ਵਰਣਨ ਕਰਨਾ ਜਰੂਰੀ ਹੈ ਕਿ ਵੈਸਟ ਬੰਗਾਲ ਦੇ ਕਾਊਮਨਿਸਟ ਅਸਲੀਅਤ ਵਿਚ ਹੱਕ-ਸੱਚ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਸੈਟਰਲ ਦੀ ਕਾਂਗਰਸ ਹਕੂਮਤ ਰਾਹੀ ਖ਼ਤਮ ਕਰਵਾਕੇ ਰਾਜ ਕਰਦੇ ਆਏ ਹਨ । ਇਸੇ ਤਰਾ ਮਮਤਾ ਬੈਨਰਜੀ ਵੀ ਉਸੇ ਮਨੁੱਖਤਾ ਵਿਰੋਧੀ ਸੋਚ ਉਤੇ ਕੰਮ ਕਰਕੇ ਸੈਟਰ ਰਾਹੀ, ਲੋਕ ਹੱਕਾਂ ਲਈ ਸੰਘਰਸ਼ ਕਰਨ ਵਾਲੇ ਮਾਓਵਾਦੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕਰਵਾਕੇ ਬਾਦਲ ਦਲੀਆਂ ਦੀ ਤਰਾਂ ਹਕੂਮਤਾਂ ਤੇ ਕਾਬਿਜ਼ ਰਹਿਣਾ ਚਾਹੁੰਦੀ ਹੈ । ਜੋ ਕਿ ਸਿੱਖਾਂ ਦੇ ਜੰਗਨਾਮੇ ਅਤੇ ਜਨੇਵਾ ਕੰਨਵੈਨਸ਼ਨ ਆਫ਼ ਵਾਰ ਦੇ ਨਿਯਮਾਂ ਦੀ ਘੋਰ ਉਲੰਘਣਾਂ ਕਰਕੇ ਮਨੁੱਖਤਾ ਦਾ ਅੰਜਾਈ ਖ਼ੂਨ ਵਹਾਇਆ ਜਾ ਰਿਹਾ ਹੈ । ਜਿਸ ਦੇ ਨਤੀਜੇ ਹੁਕਮਰਾਨਾਂ ਲਈ ਕਦੀ ਵੀ ਕਾਰਗਰ ਸਾਬਿਤ ਨਹੀ ਹੋਣਗੇ ।
ਸ. ਮਾਨ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਦੋ ਕਿਸੇ ਹਕੂਮਤ ਵੱਲੋ ਕਿਸੇ ਕੌਮ, ਫਿਰਕੇ ਜਾਂ ਕਬੀਲੇ ਦੇ ਵਿਧਾਨਿਕ, ਇਖ਼ਲਾਕੀ ਜਾਂ ਧਾਰਮਿਕ ਹੱਕ-ਹਕੂਕਾ ਨੂੰ ਜ਼ਬਰੀ ਕੁਚਲਕੇ ਉਹਨਾਂ ਉਤੇ ਗੁਲਾਮੀ ਵਾਲੀ ਤਲਵਾਰ ਲਟਕਾਉਣ ਦੀ ਕੌਸਿਸ ਹੁੰਦੀ ਹੈ ਤਾਂ ਕੁਦਰਤੀ ਹੈ ਕਿ ਉਸ ਕੌਮ, ਫਿਰਕੇ ਜਾਂ ਕਬੀਲੇ ਦੇ ਅਣਖ਼ੀ ਲੋਕ ਆਪਣੀ ਆਜ਼ਾਦ ਹੋਂਦ ਅਤੇ ਪਹਿਚਾਣ ਨੂੰ ਬਚਾਉਣ ਲਈ ਕੋਈ ਨਾ ਕੋਈ ਰਾਹ ਤਾ ਕੱਢਣਗੇ ਹੀ । ਹਿੰਦੂਤਵ ਹੁਕਮਰਾਨ ਅਜਿਹੀ ਕਿਸੇ ਕਾਰਵਾਈ ਨੂੰ ਬਗਾਵਤ ਜਾਂ ਅੱਤਵਾਦ ਦਾ ਨਫ਼ਰਤ ਭਰਿਆ ਨਾਮ ਦੇ ਕੇ ਆਜ਼ਾਦੀ ਘੁਲਾਟੀਆਂ ਨੂੰ ਬਦਨਾਮ ਕਰਨ ਵਿਚ ਲੱਗ ਜਾਦੇ ਹਨ । ਹਕੂਮਤਾਂ ਦੀ ਇਹ ਕਾਰਵਾਈ ਬਲਦੀ ਉਤੇ ਤੇਲ ਪਾਉਣ ਵਾਲੀ ਹੁੰਦੀ ਹੈ । ਜਿਸ ਦੇ ਦੋਸੀ ਵੀ ਹੁਕਮਰਾਨ ਹੀ ਹੁੰਦੇ ਹਨ । ਸ. ਮਾਨ ਨੇ ਮੰਗ ਕੀਤੀ ਕਿ ਮਾਓਵਾਦੀ ਆਗੂ ਸ੍ਰੀ ਕ੍ਰਿਸ਼ਨ ਜੀ ਨੂੰ ਕਤਲ ਕਰਨ ਵਾਲੇ ਫੌਜ਼ੀ ਜਾਂ ਅਰਧ ਸੈਨਿਕ ਬਲਾ ਦੇ ਕਮਾਡਰਾਂ ਉਤੇ ਕੌਮਾਂਤਰੀ ਅਦਾਲਤ ਵਿਚ ਕਤਲ ਦੇ ਕੇਸ ਚੱਲਣ ਅਤੇ ਕੌਮਾਂਤਰੀ ਕਾਨੂੰਨ ਅਨੁਸਾਰ ਉਹਨਾਂ ਨੂੰ ਸਜਾਂ ਦੇਣ ਦਾ ਪ੍ਰਬੰਧ ਹੋਵੇ ਤਾਂ ਕਿ ਕੋਈ ਵੀ ਅਫ਼ਸਰ, ਕਮਾਡਰ ਕਿਸੇ ਨਾਗਰਿਕ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਕੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਮਨੁੱਖਤਾ ਵਿਰੋਧੀ ਅਮਲ ਨਾ ਕਰ ਸਕੇ ਅਤੇ ਸਿੱਖਾਂ ਦੇ ਜੰਗਨਾਮੇ ਅਤੇ ਜਨੇਵਾ ਕੰਨਵੈਨਸ਼ਨ ਆਫ਼ ਵਾਰ ਦੇ ਨਿਯਮਾਂ ਦੀ ਹਕੂਮਤਾਂ ਪਾਲਣ ਕਰਨ ਲਈ ਪਾਬੰਦ ਹੋ ਸਕਣ ।