ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਬਰਮਾ ਵਲੋਂ ਉਠਾਏ ਗਏ ਕਦਮਾਂ ਨੂੰ ਉਤਸ਼ਾਹਜਨਕ ਅਤੇ ਸਵਾਗਤਯੋਗ ਦਸਿਆ ਹੈ। ਹਿਲਰੀ ਨੇ ਕਿਹਾ ਕਿ ਜੇ ਬਰਮਾ ਰਾਜਨੀਤਕ ਸੁਧਾਰਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖੇਗਾ ਤਾਂ ਅਮਰੀਕਾ ਨਾਲ ਉਸ ਦੇ ਸਬੰਧ ਹੋਰ ਵੀ ਚੰਗੇ ਹੋ ਸਕਦੇ ਹਨ।
ਬਰਮਾਦੇ ਰਾਸ਼ਟਰਪਤੀ ਥੇਨ ਸੇਨ ਨਾਲ ਮੁਲਾਕਾਤ ਦੌਰਾਨ ਹਿਲਰੀ ਕਲਿੰਟਨ ਨੇ ਕਿਹਾ ਕਿ ਜੇ ਬਰਮਾ ਦੇ ਨੇਤਾ ਸਹੀ ਦਿਸ਼ਾ ਵਿੱਚ ਕੰਮ ਕਰਦੇ ਰਹਿਣਗੇ ਤਾਂ ਅਮਰੀਕਾ ਬਰਮਾ ਨੂੰ ਉਚਿਤ ਸਹਿਯੋਗ ਦੇਵੇਗਾ। ਪਿੱਛਲੇ 50 ਸਾਲਾਂ ਵਿੱਚ ਪਹਿਲੀ ਵਾਰ ਅਮਰੀਕਾ ਤੋਂ ਕੋਈ ਉਚ ਦਰਜੇ ਦਾ ਅਧਿਕਾਰੀ ਬਰਮਾ ਦਾ ਦੌਰਾ ਕਰ ਰਿਹਾ ਹੈ। ਰਾਸ਼ਟਰਪਤੀ ਥੇਨ ਨੇ ਹਿਲਰੀ ਦੀ ਯਾਤਰਾ ਨੂੰ ਇੱਕ ਨਵਾਂ ਅਧਿਆਏ ਕਿਹਾ ਹੈ।
ਅਮਰੀਕਾ ਵਲੋਂ ਬਰਮਾ ਤੇ ਲਗਾਈਆਂ ਗਈਆਂ ਰਾਜਨੀਤਕ ਬੰਦਸ਼ਾਂ ਜਾਰੀ ਹਨ, ਪਰ ਹਾਲ ਹੀ ਵਿੱਚ ਬਰਮਾ ਵਲੋਂ ਸਹੀ ਦਿਸ਼ਾ ਵਿੱਚ ਉਠਾਏ ਗਏ ਕਦਮਾਂ ਕਰਕੇ ਅਮਰੀਕਾ ਆਪਣੇ ਰਵਈਏ ਵਿੱਚ ਨਰਮੀ ਵਰਤ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਰਮਾ ਦੀ ਮੌਜੂਦਾ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਹੈ ਕਿ ਅਮਰੀਕਾ ਬਰਮਾ ਨਾਲ ਆਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ। ਅਮਰੀਕਾ ਦੀ ਵਿਦੇਸ਼ਮੰਤਰੀ ਨੇ ਇਸ ਗੱਲ ਤੇ ਖੁਸ਼ੀ ਜਾਹਿਰ ਕੀਤੀ ਹੈ ਕਿ ਲੋਕਤੰਤਰਿਕ ਸਮਰਥੱਕ ਨੇਤਾ ਅੰਗ ਸਾਨ ਸੂ ਚੀ ਹੁਣ ਸੁਤੰਤਰ ਹੈ ਅਤੇ ਉਹ ਅਗਲੀਆਂ ਚੋਣਾਂ ਵਿੱਚ ਹਿੱਸਾ ਲੇ ਸਕਦੀ ਹੈ। ਹਿਲਰੀ ਨੇ ਬਰਮਾ ਨੂੰ ਉਤਰ ਕੋਰੀਆ ਨਾਲ ਆਪਣੇ ਸੈਨਿਕ ਸਬੰਧ ਖ਼ਤਮ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨੇ ਬਰਮਾ ਦੇ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਰਾਜਨੀਤਕ ਬੰਦੀਆਂ ਨੂੰ ਰਿਹਾ ਕਰਨ ਅਤੇ ਸਾਰੇ ਰਾਜਨੀਤਕ ਦਲਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ। ਚੀਨ ਹਿਲਰੀ ਦੀ ਬਰਮਾ ਯਾਤਰਾ ਤੇ ਖੁਸ਼ ਨਹੀਂ ਹੈ।