ਨਵੀਂ ਦਿੱਲੀ – ਸ. ਹਰਭਜਨ ਸਿੰਘ ਸੇਠੀ ਸਕੱਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਉਂ ਜਾਪਦਾ ਹੈ ਕਿ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਦਿੱਖ ਸੰਵਾਰਨ ਲਈ ਕੀਤੇ ਜਾ ਰਹੇ ਕਾਰਜਾਂ ਦੇ ਨਾਲ ਹੀ ਗੁਰਧਾਮਾਂ ਦੇ ਕੀਤੇ ਜਾ ਰਹੇ ਸੁਚਜੇ ਪ੍ਰਬੰਧ ਦੀ ਆਮ ਲੋਕਾਂ ਅਤੇ ਵਿਸ਼ੇਸ਼ ਕਰ ਸਿੱਖ-ਸੰਗਤਾਂ ਵਲੋਂ ਕੀਤੀ ਜਾ ਰਹੀ ਪ੍ਰਸ਼ੰਸਾ, ਉਨ੍ਹਾਂ ਦੇ ਵਿਰੋਧੀਆਂ ਲਈ ਅਸਹਿ ਹੋ ਰਹੀ ਹੈ, ਜਿਸ ਕਾਰਣ ਉਨ੍ਹਾਂ ਦੀ ਪ੍ਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਪ੍ਰੇਸ਼ਾਨੀ ਵਿੱਚੋਂ ਉਭਰਨ ਲਈ ਹੀ ਉਹ ਇਨ੍ਹਾਂ ਕਾਰਜਾਂ ਵਿੱਚ ਰੁਕਾਵਟਾਂ ਪਾਣ ਲਈ ਤਰਲੋਮੱਛੀ ਹੋ ਰਹੇ ਹਨ।
ਇਸੇ ਉਦੇਸ਼ ਲਈ ਕੋਈ ਇਨ੍ਹਾਂ ਸੇਵਾ ਕਾਰਜਾਂ ਦੀ ਸੇਵਾ-ਸੰਭਾਲ ਕਰ ਰਹੇ ਕਾਰਸੇਵਾ ਵਾਲੇ ਬਾਬਿਆਂ ਦੀ ਸ਼ਰਨ ਵਿੱਚ ਬੈਠ, ਉਨ੍ਹਾਂ ਪੁਰ ਕਾਰ ਸੇਵਾ ਤੋਂ ਕਿਨਾਰਾ ਕਰ ਲੈਣ ਲਈ ਦਬਾਉ ਬਣਾ ਰਿਹਾ ਹੈ। ਕੋਈ ਅਦਾਲਤਾਂ ਵਿੱਚ ਜਾ ਅਤੇ ਕੋਈ ਉਪਰਾਜਪਾਲ ਦੇ ਗੇੜੇ ਕਢ ਸਰਕਾਰੀ ਦਖ਼ਲ ਰਾਹੀਂ ਇਨ੍ਹਾਂ ਕੰਮਾਂ ਨੂੰ ਰੁਕਵਾਉਣ ਲਈ ਹੱਥ ਪੈਰ ਮਾਰ ਰਿਹਾ ਹੈ। ਸ. ਸੇਠੀ ਨੇ ਕਿਹਾ ਕਿ ਇਸਤਰ੍ਹਾਂ ਉਹ ਆਪਣੀ ਹਾਰੀ ਲੜਾਈ ਸਰਕਾਰ ਦੇ ਗਲ ਪਾ, ਆਮ ਸਿੱਖਾਂ ਨੂੰ ਉਸਦੇ ਵਿਰੁਧ ਖੜਿਆਂ ਕਰਨ ਦੀ ਕੋਸ਼ਿਸ਼ ਵਿੱਚ ਰੁਝੇ ਹੋਏ ਹਨ। ਇਹੀ ਨਹੀਂ ਜਦੋਂ ਉਨ੍ਹਾਂ ਨੂੰ ਹਰ ਪਾਸਿਉਂ ਨਿਰਾਸ਼ਾ ਦਾ ਮੂੰਹ ਵੇਖਣਾ ਪੈਂਦਾ ਹੈ, ਤਾਂ ਫਿਰ ਉਹ ਬਿਆਨਬਾਜ਼ੀ ਕਰ ਸਰਕਾਰ ਤੇ ਦੋਸ਼ ਥਪਣ ਲਗਦਾ ਹਨ।
ਸ. ਸੇਠੀ ਨੇ ਆਪਣੇ ਬਿਆਨ ਵਿੱਚ ਹੋਰ ਦਸਿਆ ਕਿ ਇਹ ਲੋਕੀ ਗੁਰਦੁਆਰਾ ਚੋਣਾਂ ਦੇ ਮੁੱਦੇ ਨੂੰ ਲੈ ਕੇ ਵੀ ਦੋਹਰੀ ਨੀਤੀ ਅਪਨਾ ਸਿੱਖਾਂ ਵਿੱਚ ਸਰਕਾਰ ਵਿਰੋਧੀ ਮਾਹੌਲ ਬਣਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੇ। ਇੱਕ ਪਾਸੇ ਤਾਂ ਇਹ ਸੱਤਾਧਾਰੀਆਂ ਨੂੰ ਲਾਭ ਪਹੁੰਚਾਣ ਲਈ ਗੁਰਦੁਆਰਾ ਚੋਣਾਂ ਲਟਕਾਉਣ ਦਾ ਦੋਸ਼ ਸਰਕਾਰ ਪੁਰ ਲਾਉਂਦੇ ਹਨ ਤੇ ਦੂਜੇ ਪਾਸੇ ਆਪ ਹੀ ਚੋਣਾਂ ਲਟਕਾਉਣ ਦੇ ਉਦੇਸ਼ ਨਾਲ ਉਪਰਾਜਪਾਲ ਤੇ ਗੁਰਦੁਆਰਾ ਮਾਮਲਿਆਂ ਦੇ ਮੰਤਰੀ ਤੱਕ ਪਹੁੰਚ ਕਰ ਮਤਦਾਤਾ ਬਣਾਉਣ ਲਈ ਸਮੇਂ ਸੀਮਾਂ ਵਧਾਉਣ ਲਈ ਤਰਲੇ ਲੈਂਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਪਨਾਈਆਂ ਗਈਆਂ ਹੋਈਆਂ ਦੋਹਰੀਆਂ ਨੀਤੀਆਂ ਤੋਂ ਇਹ ਸੰਕੇਤ ਮਿਲਦਾ ਹੈ, ਜਿਵੇਂ ਉਹ ਚੋਣਾਂ ਦਾ ਸਾਮ੍ਹਣਾ ਕਰਨ ਤੋਂ ਘਬਰਾ ਰਹੇ ਹਨ, ਪਰ ਇਸ ਗਲ ਨੂੰ ਖੁਲ੍ਹ ਕੇ ਸਵੀਕਾਰਨ ਦੀ ਬਜਾਏ ‘ਚਿੱਤ ਵੀ ਮੇਰੀ ਤੇ ਪਟ ਵੀ ਮੇਰੀ’ ਅਧਾਰਤ ਦੋਹਰੀ ਖੇਡ ਖੇਡਣ ਦੀ ਕੌਸ਼ਿਸ਼ ਕਰ ਰਹੇ ਹਨ।