ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਖੇਡ ਵਿਭਾਗ ਪੰਜਾਬ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ ਲੜਕੀਆਂ (ਅੰਡਰ-16) ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਕੀਤਾ। ਖੇਡਾਂ ਦੇ ਅੱਜ ਪਹਿਲੇ ਦਿਨ ਜ਼ਿਲ੍ਹਾ ਹੁਸਿਆਰਪੁਰ ਦੀ ਜੋਤੀ ਸੈਣੀ ਨੇ 800 ਮੀ: ਦੋੜ 2:21.79 ਸੈ. ਵਿੱਚ ਦੋੜ ਕੇ ਸੋਨੇ ਦਾ ਤਗਮਾ ਜਿੱਤਿਆ। ਰੰਗਾਰੰਗ ਉਦਘਾਟਨੀ ਸਮਾਰੋਹ ਦੌਰਾਨ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਖਿਡਾਰਨਾਂ ਨੇ ਮਾਰਚ ਪਾਸਟ ’ਚ ਹਿੱਸਾ ਲਿਆ, ਉਥੇ ਵਸੰਤ ਵੈਲੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭੰਗੜਾ ਪਾ ਕੇ ਮਾਹੌਲ ਨੂੰ ਰੰਗੀਨ ਕਰ ਦਿੱਤਾ। ਮਿਸਾਲ ਜਗਾਉਣ ਦੀ ਰਸਮ ਹੈਡਬਾਲ ਦੀ ਸੁਖਵਿੰਦਰ ਕੋਰ, ਜਸਨਦੀਪ ਕੋਰ, ਤੈਰਾਕੀ ਦੀ ਹਰਲੀਨ ਕੋਰ ਅਤੇ ਐਥਲੈਟਿਕਸ ਦੀ ਕਮਲ ਕੋਰ ਨੇ ਅਦਾ ਕੀਤੀ। ਜਦੋਕਿ ਐਥਲੈਟਿਕਸ ਦੀ ਕਮਲ ਕੋਰ ਨੇ ਸਾਰੀਆਂ ਖਿਡਾਰਨਾਂ ਵੱਲੋਂ ਸੋਂਹ ਚੁੱਕਣ ਦੀ ਰਸਮ ਅਦਾ ਕੀਤੀ।
ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾਂ ਦੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਹੋਰ ਬੁਰੇ ਰੁਝਾਨਾਂ ਤੋਂ ਬਚਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਤਵੱਜੋਂ ਦਿੱਤੀ ਹੈ। ਜਿਸ ਦੀ ਸਪੱਸ਼ਟ ਉਦਾਹਰਨ ਪਿਛੇ ਜਿਹੇ ਕਰਵਾਇਆ ਗਿਆ ਦੂਜਾ ਵਿਸ਼ਵ ਕਬੱਡੀ ਕੱਪ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੀ ਮਨਸ਼ਾ ਨਾਲ ਹੀ ਇਹ ਪੇਂਡੂ ਖੇਡਾਂ ਵੱਡੇ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਸਾਲ ਕਰਵਾਈਆਂ ਗਈਆਂ ਪੰਜਾਬ ਸਕੂਲ ਖੇਡਾਂ ਨੂੰ ਅਪਾਰ ਸਫਲਤਾ ਮਿਲੀ ਸੀ। ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੈ ਜਿਸ ਨੇ ਸਕੂਲ ਖੇਡਾਂ ’ਤੇ ਜੇਤੂਆਂ ਨੂੰ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਸੀ। ਇਸ ਤੋਂ ਇਲਾਵਾ ਉਲੰਪਿਕ ਜੇਤੂ ਅਤੇ ਏਸ਼ੀਆਈ ਖੇਡਾਂ ’ਚ ਜੇਤੂ ਪੰਜਾਬੀ ਖਿਡਾਰੀਆਂ ਨੂੰ ਪੈਸੇ ਨਾਲ ਮਾਲਾਮਾਲ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਨੌਜਵਾਨਾਂ ਨੂੰ ਚੰਗੀ ਅਤੇ ਨਰੋਈ ਸਿਹਤ ਵੱਲ ਆਕਰਸ਼ਿਤ ਕਰਨ ਲਈ ਜਿੰਮ ਦਾ ਸਮਾਨ ਅਤੇ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਬਾਕੀ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆ ਵਿਭਾਗ ਦੀਆਂ ਉਪਲੱਬਧੀਆਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਹ ਖੇਡਾਂ ਪਿੰਡਾਂ ’ਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਚਾਇਤ ਯੁਵਾ ਕਰੀੜਾ ਔਰ ਖੇਲ ਅਭਿਆਨ ਯੋਜਨਾ ਤਹਿਤ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ 2100 ਖਿਡਾਰਨਾਂ ਅਤੇ 200 ਦੇ ਕਰੀਬ ਅਧਿਕਾਰੀ ਭਾਗ ਲੈ ਰਹੇ ਹਨ। ਇਨ੍ਹਾਂ ਖੇਡਾਂ ਵਿੱਚੋਂ ਚੁਣੇ ਹੋਏ ਖਿਡਾਰੀਆਂ ਨੂੰ ‘‘ਛੋਟੀ ਉਮਰ ਵਿੱਚ ਖੇਡਾਂ ਲਈ ਪ੍ਰੇਰਨਾ’’ ਦੀ ਯੋਜਨਾ ਤਹਿਤ ਅਲੱਗ-ਅਲੱਗ ਕੈਂਪਾਂ ਅਤੇ ਵਿੰਗਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ ਅਤੇ ਚੁਣੇ ਹੋਏ ਖਿਡਾਰੀ ਆਉਣ ਵਾਲੀਆਂ ਕੌਮੀ ਪੇਂਡੂ ਖੇਡਾਂ ਵਿੱਚ ਭਾਗ ਲੈਣਗੇ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਤੇ ਜ਼ਿਲ੍ਹਾ ਖੇਡ ਅਫ਼ਸਰ ਸ. ਕਰਮ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੇ ਰਹਿਣ ਲਈ ਵੱਖ-ਵੱਖ ਸਕੂਲਾਂ ਵਿੱਚ ਵਧੀਆ ਪ੍ਰਬੰਧ ਕੀਤੇ ਗਏ ਹਨ। ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮਹਿਲਾ ਅਤੇ ਮਰਦ ਪੁਲਿਸ ਨੂੰ ਵੱਡੇ ਪੱਧਰ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ 5 ਦਸੰਬਰ ਨੂੰ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਾਇਰੈਕਟਰ ਖੇਡ ਵਿਭਾਗ ਪੰਜਾਬ ਪਦਮਸ਼੍ਰੀ ਸ. ਪ੍ਰਗਟ ਸਿੰਘ, ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀਮਤੀ ਜਸਵੀਰਪਾਲ ਕੌਰ, ਡਿਪਟੀ ਕਮਿਸ਼ਨਰ (ਜਨਰਲ) ਸ. ਪ੍ਰੀਤਮ ਸਿੰਘ ਜੌਹਲ, ਐਸ. ਡੀ. ਐ¤ਮ. ਸ੍ਰੀ ਅਮਨਦੀਪ ਬਾਂਸਲ, ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਖੇਡ ਅਫ਼ਸਰ ਸ. ਕਰਤਾਰ ਸਿੰਘ ਸੈਂਹਬੀ, ਕੋਚ ਮਨਜੀਤ ਸਿੰਘ, ਮਨਜੀਤ ਸਿੰਘ ਕੁੱਕੀ, ਪੀ.ਏ. ਸ. ਜਸਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਨਤੀਜੇ
ਪਹਿਲੇ ਦਿਨ ਹੁਸਿਆਰਪੁਰ ਦੀ ਜੋਤੀ ਸੈਣੀ ਨੇ 800 ਮੀ: ਦੋੜ 2:21.79 ਸੈ. ਵਿੱਚ ਦੋੜ ਕੇ ਸੋਨੇ ਦਾ ਤਗਮਾ ਜਿੱਤਿਆ, ਮੁਕਤਸਰ ਸਾਹਿਬ ਦੀ ਅਰਚਨਾ ਨੇ 2:32.98 ਸੈ. ਵਿੱਚ ਚਾਂਦੀ ਦਾ ਅਤੇ ਮੁਕਤਸਰ ਸਾਹਿਬ ਦੀ ਹੀ ਸੁਖਵੰਤ ਕੋਰ ਨੇ 2:34.58 ਸੈ. ਵਿਚ ਕਾਂਸੇ ਦਾ ਤਗਮਾ ਜਿੱਤਿਆ। ਡਿਸਕਸ ਥਰੋਅ ਵਿੱਚ ਤਰਨਤਾਰਨ ਦੀ ਗੁਰਲੀਨ ਕੋਰ ਨੇ 33.78 ਮੀ: ਨਾਲ ਸੋਨੇ ਦਾ ਤਮਗਾ ਜਿੱਤਿਆ, ਤਰਨਤਾਰਨ ਦੀ ਹੀ ਸਰਬਜੀਤ ਕੋਰ ਨੇ 27.68 ਨਾਲ ਚਾਂਦੀ ਦਾ ਅਤੇ ਸੰਗਰੂਰ ਦੀ ਰੁਪਿੰਦਰ ਕੋਰ ਨੇ 27.55 ਮੀ: ਨਾਲ ਕਾਂਸੇ ਦਾ ਤਮਗਾ ਜਿੱਤਿਆ। ਵਾਲੀਬਾਲ ਦੇ ਮੁੱਢਲੇ ਗੇੜਾਂ ਵਿੱਚ ਪਟਿਆਲਾ ਨੇ ਪਠਾਨਕੋਟ ਨੂੰ 25-21,25-19 ਅਤੇ ਰੂਪਨਗਰ ਨੇ ਫਿਰੋਜਪੁਰ ਨੂੰ 25-18,25-13 ਨਾਲ ਹਰਾਕੇ ਅਗਲੇ ਗੇੜ ਵਿਚ ਜਗਾਂ ਬਣਾਈ।
ਹਾਕੀ ਵਿੱਚ ਫਰੀਦਕੋਟ ਨੇ ਸੰਗਰਰ ਨੂੰ 4-0 ਅਤੇ ਪਠਾਨਕੋਟ ਨੇ ਰੂਪਨਗਰ ਨੂੰ 4-0 ਗੋਲਾਂ ਨਾਲ ਹਰਾਕੇ ਅਗਲੇ ਗੇੜ੍ਹ ਵਿੱਚ ਜਗਾਂ ਬਣਾਈ। ਕੁਸਤੀ ਦੇ 38 ਭਾਰ ਕਿਲੋ ਵਰਗ ਵਿੱਚ ਗੁਰਦਾਸਪੁਰ ਦੀ ਰੀਤਾ ਰਾਣੀ ਨੇ ਸੰਗਰੂਰ ਦੀ ਮਹਿਕ ਨੂੰ, ਤਰਨਤਾਰਨ ਦੀ ਮਨਪ੍ਰੀਤ ਕੋਰ ਨੇ ਮਾਨਸਾ ਦੀ ਸੰਦੀਪ ਕੋਰ ਨੂੰ ਹਰਾਇਆ, 40 ਕਿਲੋ ਭਾਰ ਵਰਗ ਵਿੱਚ ਮਾਨਸਾ ਦੀ ਕੁਲਵੀਰ ਕੋਰ ਨੇ ਫਰੀਦਕੋਟ ਦੀ ਸਵੀਟੀ ਨੂੰ ਹਰਾਇਆ, 43 ਕਿਲੋਂ ਭਾਰ ਵਰਗ ਵਿੱਚ ਮੋਗਾ ਦੀ ਹਰਪ੍ਰੀਤ ਕੋਰ ਨੇ ਅੰਮ੍ਰਿਤਸਰ ਦੀ ਸੰਦੀਪ ਕੋਰ ਨੂੰ ਅਤੇ ਗੁਰਦਾਸਪੁਰ ਦੀ ਸਪਨਾ ਦੇਵੀ ਨੇ ਪਟਿਆਲਾ ਦੀ ਜਾਸਮੀਨ ਗੋਇਲ ਨੂੰ ਹਰਾਇਆ। ਕਬੱਡੀ ਵਿੱਚ ਫਰੀਦਕੋਟ ਨੇ ਕਪੂਰਥਲਾ ਨੂੰ 59-22, ਸਹੀਦ ਭਗਤ ਸਿੰਘ ਨਗਰ ਨੇ ਜਲੰਧਰ ਨੂੰ 58-54, ਫਿਰੋਜਪੁਰ ਨੇ ਰੂਪਨਗਰ 45-2 ਜਦੋਕਿ ਸੰਗਰੂਰ ਨੇ ਗੁਰਦਾਸਪੁਰ ਨੂੰ 21-7 ਨਾਲ ਹਰਾਇਆ।ਬਾਸਕਿਟਬਾਲ ਵਿੱਚ ਕਪੂਰਥਲਾ ਨੇ ਮੁਕਤਸਰ ਨੂੰ 16-8, ਗੁਰਦਾਸਪੁਰ ਨੇ ਪਟਿਆਲਾ ਨੂੰ 34-12 ਅਤੇ ਜਲੰਧਰ ਨੇ ਹੁਸਿਆਰਪੁਰ ਨੇ 24-8 ਅਤੇ ਲੁਧਿਆਣਾ ਨੇ ਬਰਨਾਲਾ ਨੂੰ 18-4 ਅੰਕਾਂ ਨਾਲ ਹਰਾਇਆ। ਹੈਡਬਾਲ ਵਿੱਚ ਰੂਪਨਗਰ ਨੇ ਬਠਿੰਡਾ ਨੂੰ 10-2, ਸੰਗਰੂਰ ਨੇ ਮੋਗਾ ਨੂੰ 9-6, ਪਟਿਆਲਾ ਨੇ ਕਪੂਰਥਲਾ ਨੂੰ 14-7, ਹੁਸਿਆਰਪੁਰ ਨੇ ਜਲੰਧਰ ਨੂੰ 6-4 ਅਤੇ ਮੁਕਤਸਰ ਨੇ ਅੰਮ੍ਰਿਤਸਰ ਨੂੰ 13-5 ਨਾਲ ਹਰਾਇਆ। ਖੋਹ-ਖੋਹ ਦੇ ਮੁੱਢਲੇ ਗੇੜਾਂ ਵਿੱਚ ਹੁਸਿਆਰਪੁਰ ਨੇ ਫਰੀਦਕੋਟ ਨੂੰ 1 ਅੰਕ ਨਾਲ, ਮੋਹਾਲੀ ਨੇ ਪਠਾਨਕੋਟ ਨੂੰ 14 ਅੰਕਾਂ ਨਾਲ, ਲੁਧਿਆਣਾ ਨੇ ਅੰਮ੍ਰਿਤਸਰ ਨੂੰ 12 ਅੰਕਾਂ ਨਾਲ ਜਦੋਕਿ ਮੋਗਾ ਨੇ ਬਰਨਾਲਾ ਨੂੰ 10 ਅੰਕ ਅਤੇ ਇੱਕ ਪਾਰੀ ਨਾਲ ਹਰਾਕੇ ਅਗਲੇ ਗੇੜ੍ਹ ਵਿੱਚ ਜਗਾਂ ਬਣਾਈ।