ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਹੁਣ ਜਦੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਸ਼ਹੀਦੀ ਯਾਦਗਾਰ, ਕੁੱਪ- ਰੋਹਿੜਾ ਵਿਖੇ ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ ਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ ਕਰ ਚੁੱਕੇ ਹਨ ਤਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੀਰਜੈਨ ਵਿਖੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ –ਭਾਜਪਾ ਸਰਕਾਰ ਵੱਲੋਂ 7 ਕਰੋੜ ਤੋਂ ਵੱਧ ਦੀ ਲਾਗਤ ਨਾਲ ਉਸਾਰੀ ਅਧੀਨ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੱਚਾ ਬੱਚਾ ਸੁਪਰ-ਸਪੈਸਿਲਟੀ ਹਸਪਤਾਲ ਨੂੰ ਨਿਲਾਮੀ ਤੇ ਲਾ ਦੇਣ ਦਾ ਮੁੱਦਾ ਇਲਾਕੇ ਵਿੱਚ ਮੁੜ ਚਰਚਾ ਦਾ ਵਿਸ਼ਾਂ ਬਣ ਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਾਦਲ ਸਰਕਾਰ ਕਰੋੜਾਂ ਰੁਪਏ ਯਾਦਗਾਰਾਂ ਉਸਾਰਨ ਤੇ ਲਾ ਰਹੀ ਹੈ ਤਾਂ ਫਿਰ ਕੀ ਸਰਕਾਰ ਕੋਲ ਸਾਹਿਬਜ਼ਾਦਿਆਂ ਦੇ ਨਾਂ ਤੇ ਬਣਨ ਵਾਲੇ ਹਸਪਤਾਲ ਲਈ ਹੀ 5-6 ਕਰੋੜ ਰੁਪਇਆ ਹੀ ਨਹੀਂ ? ਜੇਕਰ ਅਕਾਲੀ ਸਰਕਾਰ ਹੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਤੋਂ ਭੱਜ ਗਈ ਫਿਰ ਕੀ ਸਰਕਾਰ ਪੰਥਕ ਅਖਵਾਉਣ ਦੀ ਹੱਕਦਾਰ ਰਹੇਗੀ?ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਜਿੱਥੇ ਸਾਹਿਬਜ਼ਾਦਿਆਂ ਦੇ ਨਾਂ ਤੇ ਹਸਪਤਾਲ ਬਣਾਕੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤ ਪ੍ਰਦਾਨ ਕਰ ਸਕਦੀ ਹੈ ਉੱਥੇ ਆਪਣੇ ਮੱਥੇ ਤੋਂ ਸ਼ਹੀਦਾ ਦੇ ਨਾਂ ਤੇ ਬਣ ਰਹੇ ਹਸਪਤਾਲ ਨੂੰ ਨਿਲਾਮੀ ਤੇ ਲਾਉਣ ਦੇ ਲੱਗੇ ਦਾਗ ਨੂੰ ਵੀ ਧੋ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਭਾਜਪਾ ਦੇ ਦਬਾਅ ਅਧੀਨ ਆਕੇ ਹੀ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਤੋਂ ਮੁਨਕਰ ਹੋ ਗਈ ਤਾਂ ਸਰਕਾਰ ਨੂੰ ਲੋਕਾਂ ਵੱਲੋਂ ਲੋਕਤੰਤਰੀ ਢੰਗ ਰਾਹੀਂ ਸਬਕ ਸਿਖਾਉਣ ਦਾ ਢੰਗ ਵੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਉਸ ਸਮੇਂ ਦੀ ਭਾਜਪਾ ਦੀ ਸਿਹਤ ਵਜ਼ੀਰ ਬੀਬੀ ਲਕਸ਼ਮੀ ਕਾਂਤਾਂ ਚਾਵਲਾ ਵੱਲੋਂ ਸਾਹਿਬਜ਼ਾਦਿਆਂ ਦੇ ਨਾਂ ਤੇ ਬਣ ਰਹੇ ਇਸ ਹਸਪਤਾਲ ਦੀ ਉਸਾਰੀ ਰੋਕਕੇ ਨਿਲਾਮੀ ਤੇ ਲਾਉਣ ਦਾ ਬਿਆਨ ਦੇਣ ਤੋਂ ਚੰਦ ਦਿਨਾਂ ਬਾਅਦ ਉਨ੍ਹਾਂ ਤੋਂ ਸਿਹਤ ਮਹਿਕਮਾ ਖੁੱਸਣ ਦਾ ਮਾਮਲਾ ਵੀ ਬਾਦਲ ਸਰਕਾਰ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਕਿ ਸਰਕਾਰੀ ਰਿਕਾਰਡ ਤੇ ਮੌਜੂਦ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇੱਕ ਪਾਸੇ ਸਰਕਾਰ ਨਵੀਂਆਂ ਯਾਦਗਾਰਾਂ ਬਣਾਉਣ ਦੇ ਐਲਾਨ ਕਰ ਰਹੀ ਹੈ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਦੇ“ਨਿੱਕੀਆਂ ਜਿੰਦਾਂ ਵੱਡੇ ਸਾਕੇ” ਦੇ ਮਹਾਨ ਸ਼ਹੀਦਾਂ ਦੀ ਹਸਪਤਾਲ ਦੇ ਰੂਪ ਵਿੱਚ ਉਸਾਰੀ ਜਾ ਰਹੀ ਯਾਦਗਾਰ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਨਿਲਾਮੀ ਤੇ ਲਾਉਣ ਦੇ ਗਲਤ ਫੈਸਲੇ ਲੈਕੇ ਜਨਤਾ ਨੂੰ ਨਿਰਾਸ਼ ਤੇ ਨਾਰਾਜ਼ ਕਰਨ ਦੇ ਰਾਹ ਤੁਰੀ ਹੋਈ ਹੈ ਜਿਸ ਦਾ ਖਮਿਆਜ਼ਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ 4-5 ਤੋਂ ਵੱਧ ਸੀਟਾਂ ਤੇ ਭੁਗਤਣਾ ਪੈ ਸਕਦਾ ਹੈ। ਇਲਾਕੇ ਦੇ ਸੁਚੇਤ ਲੋਕ ਇਸ ਸਰਕਾਰੀ ਫੈਸਲੇ ਨੂੰ ਰਾਜਸੀ ਸ਼ਰੀਕੇਬਾਜ਼ੀ ਦੇ ਸੰਦਰਭ ਵਿੱਚ ਵੀ ਦੇਖ ਰਹੇ ਹਨ । ਦੱਸਣਾ ਬਣਦੈ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੀਰਜੈਨ ਵਿਖੇ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਜਾਬ ਦੇ ਪਹਿਲੇ ਪੇਂਡੂ ਬਾਬਾ ਜੋ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਜੱਚਾ ਬੱਚਾ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦਾ ਨੀਂਹ ਪੱਥਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਦਸੰਬਰ 2005 ਨੂੰ ਰੱਖਿਆ ਸੀ ਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਸ ਹਸਪਤਾਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਸੀ। ਪਰ ਅਕਾਲੀ -ਭਾਜਪਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਰਾਜਨੀਤਕ ਸ਼ਰੀਕੇਬਾਜੀ ਵਿੱਚ ਹਸਪਤਾਲ ਦੀ ਉੱਸਾਰੀ ਦੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਤੇ ਨਿਲਾਮੀ ਤੇ ਲਾ ਦਿੱਤਾ। ਪਰ ਉੱਘੇ ਸਮਾਜ ਸੇਵਕ ਕੁਲਜੀਤ ਸਿੰਘ ਨਾਗਰਾ ਨੇ ਆਪਣੇ ਵਕੀਲ ਸ੍ਰ ਰਮਨਦੀਪ ਸਿੰਘ ਪੰਧੇਰ ਰਾਹੀਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਲਾਕੇ ਦੇ ਪੇਂਡੂ ਖੇਤਰ ਦੇ ਲੋਕਾਂ ਵਿੱਚ ਸਰਕਾਰ ਦੇ ਇਸ ਗਲਤ ਫੈਸਲੇ ਖਿਲਾਫ ਜਬਰਦਸਤ ਰੋਸ ਦੀ ਲਹਿਰ ਦੌੜ ਪਈ ਹੈ। ਇਸ ਹਸਪਤਾਲ ਦੀ ਉਸਾਰੀ ਉੱਤੇ ਸਰਕਾਰ ਦਾ ਲਗਭਗ 2.5 ਕਰੋੜ ਤੋਂ ਵੱਧ ਰੁਪਇਆ ਖਰਚ ਹੋ ਚੁਕਿਆ ਹੈ। । ਜਿਕਰਯੋਗ ਹੈ ਕਿ ਪਿੰਡ ਪੀਰਜੈਨ ਦੀ ਗਰਾਮ ਪੰਚਾਇਤ ਵੱਲੋ ਆਪਣੇ ਪਿੰਡ ਦੀ ਕਰੋੜਾਂ ਰੁਪਏ ਦੇ ਮੁੱਲ ਦੀ ਤਿੰਨ ਏਕੜ ਜ਼ਮੀਨ ਇਸ ਹਸਪਤਾਲ ਦੀ ਉਸਾਰੀ ਲਈ ਇਸ ਲਈ ਦਿੱਤੀ ਸੀ ਤਾਂ ਕਿ 150 ਪਿੰਡਾਂ ਦੇ ਲੋਕ ਇਸ ਪੇਂਡੂ ਖੇਤਰ ਦੇ ਹਸਪਤਾਲ ਤੋਂ ਸਿਹਤ ਸਹੂਲਤਾਂ ਦਾ ਫਾਇਦਾ ਪ੍ਰਾਪਤ ਕਰ ਸਕਣ, ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਮਹਿੰਗਾ ਇਲਾਜ ਕਰਵਾਉਣ ਦੇ ਅਸਮਰੱਥ ਹਨ। ਇਸ ਪੇਂਡੂ ਹਸਪਤਾਲ ਤੋਂ ਪਟਿਆਲਾ, ਲੁਧਿਆਣਾ ਜਿਲ੍ਹਿਆਂ ਦੇ ਲੋਕਾਂ ਨੂੰ ਵੀ ਫਾਇਦਾ ਪਹੁੰਚਦਾ ਹੈ। ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਤੋਂ ਇਲਾਵਾ ਸੱਤਾ ਧਿਰ ਦੇ ਲੋਕ ਵੀ ਪੇਂਡੂਆਂ ਤੋਂ ਇਹ ਸਿਹਤ ਸਹੂਲਤ ਖੋਹਣ ਦੇ ਫੈਸਲੇ ਦਾ ਦੱਬਵੀਂ ਆਵਾਜ਼ ਵਿੱਚ ਵਿਰੋਧ ਕਰ ਰਹੇ ਹਨ। ਹੁਣ ਪਿੰਡ ਪੀਰਜੈਨ ਦੀ ਗਰਾਮ ਪੰਚਾਇਤ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਤੇ ਗਵਰਨਰ ਪੰਜਾਬ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਹਸਪਤਾਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇ ।ਜੇਕਰ ਸਰਕਾਰ ਨੇ ਸਾਡੇ ਪਿੰਡ ਦੀ ਹਸਪਤਾਲ ਦੀ ਉਸਾਰੀ ਲਈ ਕੌਡੀਆਂ ਦੇ ਭਾਅ ਦਿੱਤੀ ਜ਼ਮੀਨ ਤੇ ਹਸਪਤਾਲ ਨਹੀਂ ਬਣਾਉਣਾ ਤਾਂ ਪਿੰਡ ਦੀ ਤਿੰਨ ਏਕੜ ਜ਼ਮੀਨ ਪਿੰਡ ਨੂੰ ਵਾਪਸ ਕਰਾਈ ਜਾਵੇ। ਕੁਝ ਵੀ ਹੋਵੇ ਪਰ ਇੱਕ ਗੱਲ ਸਪਸ਼ਟ ਹੈ ਕਿ ਸਰਕਾਰ ਨੇ ਜੇ ਇਸ ਫੈਸਲੇ ਤੇ ਪੁਨਰ ਵਿਚਾਰ ਕਰਕੇ ਹਸਪਤਾਲ ਦੀ ਉਸਾਰੀ ਦਾ ਕੰਮ ਨਾ ਸ਼ੁਰੂ ਕਰਵਾਇਆ ਤਾਂ ਇਲਾਕੇ ਦੇ ਲੋਕਾਂ ਦੇ ਜਬਰਦਸਤ ਰੋਸ ਦਾ ਸਾਹਮਣਾ ਜਰੂਰ ਕਰਨਾ ਪਵੇਗਾ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਵਿਰੋਧੀ ਧਿਰਾਂ ਲਈ ਇਹ ਇੱਕ ਵੱਡਾ ਠੋਸ ਮੁੱਦਾ ਹੋਵੇਗਾ ਜਿਸ ਨਾਲ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਨੁਕਸਾਨ ਉਠਾਉਣਾ ਪੈ ਸਕਦੈ।