ਲੰਡਨ- ਫਿਲਮੀ ਪਰਦੇ ਤੇ ਰੋਮਾਂਸ ਨੂੰ ਨਵੀਂ ਪਛਾਣ ਦਿਵਾਉਣ ਵਾਲੇ ਸਦਾ ਬਹਾਰ ਐਕਟਰ ਦੇਵਾਨੰਦ ਦਿਲ ਦਾ ਦੌਰਾ ਪੈਣ ਨਾਲ ਸ਼ਨਿਚਰਵਾਰ ਦੀ ਰਾਤ ਨੂੰ ਸਵਰੱਗ ਸਿਧਾਰ ਗਏ ਹਨ। ਉਹ 88 ਸਾਲ ਦੇ ਸਨ। ਪਿੱਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਰਕੇ ਲੰਡਨ ਵਿੱਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਉਨ੍ਹਾਂ ਦੇ ਅੰਤਿਮ ਸਵਾਸ ਲੈਣ ਸਮੇਂ ਉਨ੍ਹਾਂ ਦਾ ਬੇਟਾ ਸੁਨੀ਼ਲ ਉਨ੍ਹਾਂ ਕੋਲ ਮੌਜੂਦ ਸੀ।
ਉਨ੍ਹਾਂ ਦਾ ਜਨਮ 26 ਸਿਤੰਬਰ 1923 ਵਿੱਚ ਪੰਜਾਬ ਦੇ ਗੁਰਦਾਸਪੁਰ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਪਿਸ਼ੌਰੀਮੱਲ ਇੱਕ ਨਾਮੀ ਵਕੀਲ ਸਨ। ਉਹ ਨੌਂ ਭੈਣ ਭਰਾ ਸਨ। 1940 ਵਿੱਚ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ। ਦੇਵਾਨੰਦ 1943 ਵਿੱਚ ਜੇਬ ਵਿੱਚ 30-35 ਰੁਪੈ ਲੈਕੇ ਆਪਣੇ ਭਰਾ ਚੇਤਨ ਦੇ ਨਾਲ ਫਰੰਟੀਅਰ ਮੇਲ ਤੇ ਮੁੰਬਈ ਆਏ ਸਨ।ਆਪਣੇ ਆਪ ਨੂੰ ਫਿਲਮੀ ਦੁਨੀਆਂ ਵਿੱਚ ਸਥਾਪਿਤ ਕਰਨ ਲਈ ਉਨਾਂ ਨੇ ਕਾਪ਼ੀ ਸੰਘਰਸ਼ ਕੀਤਾ। ਡਾਕ ਵਿਭਾਗ ਵਿੱਚ 165 ਰੁਪੈ ਮਹੀਨੇ ਤੇ ਕੁਝ ਚਿਰ ਨੌਕਰੀ ਵੀ ਕੀਤੀ।
ਦੇਵਨੰਦ ਦੀ ਚਾਲ, ਮੁਸਕਰਾਹਟ ਅਤੇ ਵਾਲਾਂ ਦਾ ਵੱਖਰਾ ਹੀ ਸਟਾਈਲ ਸੀ। ਉਨ੍ਹਾਂ ਨੇ ਐਕਟਰ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ 1946 ਵਿੱਚ ‘ਹਮ ਏਕ ਹੈਂ’ ਫਿਲਮ ਤੋਂ ਕੀਤੀ ਸੀ। 1947 ਵਿੱਚ ਉਨ੍ਹਾਂ ਦੀ ਫਿਲਮ ਜਿ਼ਦੀ ਰਲੀਜ਼ ਹੋਈ। ਇਸ ਫਿਲਮ ਨਾਲ ਉਹ ਫਿਲਮੀ ਦੁਨੀਆਂ ਵਿੱਚ ਜੰਮ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੇਇੰਗ ਗੈਸਟ, ਬਾਜ਼ੀ, ਜਵੈਲਥੀਫ਼, ਸੀਆਈਡੀ, ਜਾਨੀ ਮੇਰਾ ਨਾਮ, ਅਮੀਰ ਗਰੀਬ, ਵਾਰੰਟ, ਹਰੇ ਰਾਮਾ ਹਰੇ ਕ੍ਰਿਸ਼ਨਾ ਅਤੇ ਦੇਸ ਪ੍ਰਦੇਸ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ।
ਦੇਵਾਨੰਦ ਨੇ 1949 ਵਿੱਚ ਆਪਣੀ ਪ੍ਰੋਡਕਸ਼ਨ ਕੰਪਨੀ ‘ਨਵਕੇਤਨ ਇੰਟਰਨੈਸ਼ਨਲ ਫਿਲਮ, ਦੀ ਸਥਾਪਨਾ ਕੀਤੀ ਅਤੇ ਉਸ ਦੇ ਬੈਨਰ ਥੱਲੇ 35 ਤੋਂ ਜਿਆਦਾ ਫਿਲਮਾਂ ਬਣਾਈਆਂ।ਫਿਲਮ ਇੰਡਸਟਰੀ ਵਿੱਚ ਅਦੁੱਤੀ ਯੋਗਦਾਨ ਕਰਕੇ ਉਨ੍ਹਾਂ ਨੂੰ 2001 ਵਿੱਚ ‘ਪਦਮ ਭੂਸ਼ਣ ਅਤੇ 2002 ਵਿੱਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਦੋ ਵਾਰ ਫਿਲਮ ਫੇਅਰ ਪੁਰਸਕਾਰ ਵੀ ਮਿਲਿਆ। 1993 ਵਿੱਚ ਉਨ੍ਹਾਂ ਨੂੰ ਫਿਲਮਫੇਅਰ ‘ਲਾਈਫ਼ਟਾਈਮ ਅਚੀਵਮੈਂਟ ਅਵਾਰਡ’ ਅਤੇ 1996 ਵਿੱਚ ਸਕਰੀਨ ਵੀਡੀਓਕਾਨ ‘ਲਾਈਫ਼ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਦੇਵਾਨੰਦ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸਨ। ਉਹ 88 ਸਾਲ ਦੀ ਉਮਰ ਵਿੱਚ ਵੀ ਪੂਰੇ ਜੋਸ਼ ਨਾਲ ਫਿਲਮ ਬਣਾਉਣ ਦੀ ਤਿਆਰੀ ਵਿੱਚ ਲਗੇ ਹੋਏ ਸਨ। ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦੇ ਕੇ ਆਪਣਾ ਲੋਹਾ ਮੰਨਵਾਇਆ। ਉਨ੍ਹਾਂ ਨੇ ਫਿਲਮਾਂ ਡਾਇਰੈਕਟ ਵੀ ਕੀਤੀਆਂ ਅਤੇ ਪਰਡਿਊਸ ਵੀ ਕੀਤੀਆਂ।