ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਚਲ ਰਹੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਅਮਰੀਕਾ ਦੀ ਇੱਕ ਮੈਗਜੀਨ ਅਨੁਸਾਰ ਉਹ ਆਪਣੀ ਕੁਰਸੀ ਛੱਡ ਸਕਦੇ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਵਿੱਚ ਸ਼ਾਂਤੀਪੂਰਵਕ ਤਖ਼ਤਾਪਲਟ ਹੋ ਸਕਦਾ ਹੈ। ਇਨ੍ਹਾਂ ਅਫ਼ਵਾਹਾਂ ਦੇ ਦੌਰਾਨ ਜਰਦਾਰੀ ਅਤੇ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵੱਲ ਭੁੱਟੋ ਨੇ ਪਾਕਿਸਤਾਨੀ ਪ੍ਰਧਾਨਮੰਤਰੀ ਗਿਲਾਨੀ ਨਾਲ ਮੁਲਾਕਾਤ ਕੀਤੀ ਹੈ।
ਰਾਸ਼ਟਰਪਤੀ ਜਰਦਾਰੀ ਦੇ ਬੁਲਾਰੇ ਵਲੋਂ ਇਨ੍ਹਾਂ ਸਾਰੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦਾ ਦੁੱਬਈ ਵਿੱਚ ਇਲਾਜ ਚਲ ਰਿਹਾ ਹੈ। ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਅਨੁਸਾਰ ਆਪਣਾ ਚੈਕ-ਅੱਪ ਅਤੇ ਮੇਡੀਕਲ ਟੈਸਟ ਕਰਵਾ ਰਹੇ ਹਨ। ਰਾਸ਼ਟਰਪਤੀ ਸਬੰਧੀ ਇਹ ਸਾਰੀਆਂ ਅਟਕਲਾਂ ਬੇਬੁਨਿਆਦ ਹਨ।
‘ਫਾਰਿਨ ਪਾਲਿਸੀ’ ਨਾਂ ਦੀ ਮੈਗਜੀਨ ਅਨੁਸਾਰ ਮੈਮੋਗੇਟ ਸਕੈਂਡਲ ਅਤੇ ਪਾਕਿਸਤਾਨੀ ਸੈਨਾ ਤੇ ਨੈਟੋ ਹਮਲੇ ਤੋਂ ਬਾਅਦ ਜਰਦਾਰੀ ਤੇ ਸਾਰਿਆਂ ਪਾਸਿਆਂ ਤੋਂ ਦਬਾਅ ਪਾਇਆ ਜਾ ਰਿਹਾ ਹੈ। ਉਹ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਸਤੀਫ਼ਾ ਦੇ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਨੂੰ ਸੋਮਵਾਰ ਨੂੰ ਮਾਈਨਰ ਹਾਰਟ ਅਟੈਕ ਆਇਆ ਸੀ। ਇਸ ਲਈ ਉਨ੍ਹਾਂ ਨੂੰ ਦੁੱਬਈ ਲਿਜਾਇਆ ਗਿਆ ਹੈ।ਅਮਰੀਕਾ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੇ ‘ਦਾ ਕੇਬਲ’ ਵਿੱਚ ਦਸਿਆ ਹੈ ਕਿ ਰਾਸ਼ਟਰਪਤੀ ਜਰਦਾਰੀ ਜਲਦੀ ਹੀ ਸੱਤਾ ਤੋਂ ਪਾਸੇ ਹੋ ਸਕਦੇ ਹਨ।