ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਬਜ਼ੀਆਂ, ਫ਼ਲਾਂ ਅਤੇ ਫੁੱਲਾਂ ਦੀ ਖੋਜ ਅਤੇ ਪਸਾਰ ਮਾਹਿਰਾਂ ਲਈ ਵਰਕਸ਼ਾਪ ਆਰੰਭ ਹੋਈ। ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਆਯੋਜਿਤ ਇਸ ਵਰਕਸ਼ਾਪ ਵਿੱਚ ਬਾਗਬਾਨੀ ਵਿਭਾਗ ਪੰਜਾਬ ਦੇ ਸਾਇੰਸਦਾਨਾਂ ਅਤੇ ਯੂਨੀਵਰਸਿਟੀ ਦੇ ਸਾਇੰਸਦਾਨਾਂ, ਪਸਾਰ ਮਾਹਿਰਾਂ ਆਦਿ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਵਧ ਰਹੀ ਜਨ ਸੰਖਿਆ ਦੇ ਅਨੁਸਾਰ ਭੋਜਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਸਾਨੂੰ ਨਵੇਂ ਉੱਦਮ ਅਤੇ ਉਪਰਾਲੇ ਕਰਨ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਦੀ ਆਮਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਕਣਕ ਝੋਨਾ ਫ਼ਸਲ ਚੱਕਰ ’ਚੋਂ ਨਿਕਲਣ ਲਈ ਸਾਨੂੰ ਫ਼ਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ । ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਸਮੇਂ ਦੀ ਮੁੱਖ ਮੰਗ ਹੈ ਅਤੇ ਸਾਨੂੰ ਖੇਤੀ ਉਤਪਾਦਨ ਦੀ ਨਿਰਯਾਤ ਵੱਲ ਵੀ ਉੱਦਮ ਕਰਨੇ ਚਾਹੀਦੇ ਹਨ।
ਇਸ ਮੌਕੇ ਨਿਰਦੇਸ਼ਕ ਬਾਗਬਾਨੀ ਵਿਭਾਗ ਪੰਜਾਬ ਡਾ: ਲਾਜਵਿੰਦਰ ਸਿੰਘ ਬਰਾੜ ਨੇ ਆਗਾਮੀ ਸਾਲ ਵਿੱਚ ਪੈਦਾਵਾਰ ਦੇ ਮਿਥੇ ਟੀਚੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਅਦਰਕ, ਆਂਵਲਾ ਦੀ ਕਾਸ਼ਤ ਸੰਬੰਧੀ ਨਵੇਂ ਉਪਰਾਲੇ ਇਸ ਸੰਦਰਭ ਵਿੱਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਫੁੱਲਾਂ ਦੀ ਖੇਤੀ ਹੋਰ ਪ੍ਰਚਲਤ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਸਮੇਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਬੋਲਦਿਆਂ ਕਿਹਾ ਕਿ ਭੋਜਨ ਸੁਰੱਖਿਆ ਦੇ ਨਾਲ ਨਾਲ ਸੰਤੁਲਿਤ ਖੁਰਾਕ ਦੀ ਪੂਰਤੀ ਦੇ ਉਪਰਾਲੇ ਵੀ ਕਰਨੇ ਜ਼ਰੂਰੀ ਹਨ। ਮਨੁੱਖੀ ਸਰੀਰ ਦੀਆਂ ਬਹੁਤੀਆਂ ਲੋੜਾਂ ਸਬਜ਼ੀਆਂ, ਫ਼ਲਾਂ ਤੋਂ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਚੀਕੂ, ਆਂਵਲਾ ਦੀਆਂ ਨਵੀਆਂ ਕਿਸਮਾਂ ਕਾਲੀ ਪੱਟੀ, ਕ੍ਰਿਕਟ ਬਾਲ, ਬਲਵੰਤ, (ਐਨ ਏ 10) ਨੀਲਮ (ਐਨ ਏ 7) ਅਤੇ ਕੰਚਨ (ਐਨ ਏ 4) ਸਿਫਾਰਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਂਵਲੇ ਦੀਆਂ ਆਸਟ੍ਰੇਲੀਆ ਤੋਂ ਕਿਸਮਾਂ ਵੀ ਇਸ ਖੇਤਰ ਵਿੱਚ ਲਿਆਉਣ ਦੇ ਉਪਰਾਲੇ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵੱਲ ਵੀ ਤੁਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਕੇਲੇ, ਕਿਨੂੰ ਅਤੇ ਹਲਦੀ ਦੀ ਕਾਸ਼ਤ ਵਿੱਚ ਚੌਖਾ ਵਾਧਾ ਦੇਖਿਆ ਗਿਆ ਹੈ। ਕਿਸਾਨਾਂ ਵੱਲੋਂ ਨੈੱਟ ਹਾਊਸ ਅਤੇ ਪੋਲੀ ਹਾਊਸ ਨੂੰ ਕਾਫੀ ਵੱਡੇ ਪੱਧਰ ਤੇ ਅਪਣਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀ ਦੇ ਪਸਾਰੇ ਨਾਲ ਇਸ ਖੇਤਰ ਵਿੱਚ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤਕ ਨਵੀਨਤਕ ਤਕਨਾਲੋਜੀ ਨੂੰ ਪਹੁੰਚਾਉਣ ਲਈ ਅਤੇ ਪਰਤੀ ਸੂਚਨਾ ਕਿਸਾਨਾਂ ਤਕ ਪਹੁੰਚਾਉਣ ਲਈ ਅਜਿਹੀਆਂ ਵਰਕਸ਼ਾਪਾਂ ਅਤਿਅੰਤ ਜ਼ਰੂਰੀ ਹਨ। ਇਸ ਮੌਕੇ ਯੂਨੀਵਰਸਿਟੀ ਵੱਲੋਂ ਵੱਖ ਵੱਖ ਕੀਤੀਆਂ ਸਿਫਾਰਸ਼ਾਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਬੈਂਗਣ, ਟਮਾਟਰ ਦੀ ਨੈੱਟ ਹਾਊਸ ਵਿੱਚ ਕਾਸ਼ਤ, ਗੁਲਦਾਉਦੀ ਦੀਆਂ ਕਿਸਮਾਂ, ਗਰੇਪ ਫਰੂਟ, ਸਬਜ਼ੀਆਂ ਦੇ ਦੋਗਲੇ ਬੀਜ, ਤੁਪਕਾ ਸਿੰਚਾਈ, ਕੁਦਰਤੀ ਸਿਰਕੇ ਦੀ ਮਹੱਤਤਾ, ਖੁੰਭਾਂ ਦੀ ਕਾਸ਼ਤ ਅਤੇ ਫਾਰਮ ਮਸ਼ੀਨਰੀ ਨਾਲ ਸਬੰਧਿਤ ਨਵੀਨਤਮ ਤਕਨਾਲੋਜੀ ਵੀ ਪ੍ਰਦਰਸ਼ਿਤ ਕੀਤੀ ਗਈ।