ਚੇਨੰਈ- ਭਾਰਤ ਨੇ ਪੰਜ ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਵਿਚ ਵੈਸਟ ਇੰਡੀਜ਼ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਸੀਰੀਜ਼ ਦੇ ਅਖ਼ੀਰਲੇ ਮੈਚ ਵਿਚ ਭਾਰਤ ਨੇ ਵੈਸਟ ਇੰਡੀਜ਼ ਦੀ ਟੀਮ ਨੂੰ 34 ਦੌੜਾਂ ਨਾਲ ਹਰਾਇਆ। ਇਸ ਮੈਚ ਵਿਚ ਭਾਰਤੀ ਬੱਲੇਬਾਜ਼ ਮਨੋਜ ਤਿਵਾਰੀ ਨੇ ਵਨ ਡੇਅ ਕੈਰੀਅਰ ਦਾ ਪਹਿਲਾ ਸੈਂਕੜਾ ਲਾਇਆ, ਜਿਸ ਕਰਕੇ ਉਸਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ। ਰੋਹਿਤ ਸ਼ਰਮਾ ਨੂੰ “ਮੈਨ ਆਫ਼ ਦ ਸੀਰੀਜ਼” ਐਵਾਰਡ ਮਿਲਿਆ।
ਭਾਰਤੀ ਟੀਮ ਵਲੋਂ ਵੈਸਟ ਇੰਡੀਜ਼ ਦੀ ਟੀਮ ਨੂੰ ਜਿੱਤਣ ਲਈ 268 ਦੌੜਾਂ ਦਾ ਟੀਚਾ ਦਿੱਤਾ ਗਿਆ, ਪਰੰਤੂ ਵੈਸਟ ਇੰਡੀਜ਼ ਦੀ ਟੀਮ 44.1 ਓਵਰਾਂ ਵਿਚ ਸਿਰਫ਼ 233 ਦੌੜਾਂ ਬਣਾਕੇ ਹੀ ਆਊਟ ਹੋ ਗਈ। ਵੈਸਟ ਇੰਡੀਜ਼ ਦੀ ਟੀਮ ਵਲੋਂ ਕਿਰੋਨ ਪੋਲਾਰਡ ਨੇ ਧਮਾਕੇਦਾਰ 119 ਦੌੜਾਂ ਬਣਾਈਆਂ ਜਿਸ ਵਿਚ ਉਸਨੇ 4 ਚੌਕੇ ਅਤੇ 10 ਛੱਕੇ ਜੜੇ। ਬਾਕੀ ਬੱਲੇਬਾਜ਼ਾਂ ਵਲੋਂ ਵਧੀਆ ਖੇਡ ਨਾ ਖੇਡੇ ਜਾਣ ਕਰਕੇ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਇਸਤੋਂ ਪਹਿਲਾਂ ਭਾਰਤੀ ਟੀਮ ਦੀ ਸ਼ੂਰੂਆਤ ਬਹੁਤ ਹੀ ਮਾੜੀ ਰਹੀ। ਉਸਦੀਆਂ ਪਹਿਲੀਆਂ ਦੋ ਵਿਕਟਾਂ ਇਕ ਹੀ ਓਵਰ ਵਿੱਚ ਡਿੱਗ ਪਈਆਂ ਅਤੇ ਤੀਜੀ ਵਿਕਟ ਵੀ 31 ਦੌੜਾਂ ਦੇ ਸਕੋਰ ‘ਤੇ ਛੇਤੀ ਹੀ ਡਿੱਗ ਪਈ। ਇਸਤੋਂ ਬਾਅਦ ਮਨੋਜ ਤਿਵਾਰੀ ਅਤੇ ਵਿਰਾਟ ਕੋਹਲੀ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਟੀਮ ਦੇ ਸਕੋਰ ਨੂੰ 117 ਦੌੜਾਂ ਦੀ ਭਾਈਵਾਲੀ ਨਾਲ ਜਿੱਤ ਵੱਲ ਵਧਾਇਆ। ਵਿਰਾਟ ਕੋਹਲੀ ਨੇ 80 ਦੌੜਾਂ ਬਣਾਈਆਂ।
ਭਾਰਤੀ ਟੀਮ ਵਲੋਂ ਰਵਿੰਦਰ ਜਡੇਜਾ ਨੇ 3, ਇਰਫਾਨ ਪਠਾਨ ਅਤੇ ਅਭਿਮਨਿਊ ਮਿਥੁਨ ਦੇ 2-2 ਵਿਕਟਾਂ ਲਈਆਂ। ਰਾਹੁਲ ਸ਼ਰਮਾ ਅਤੇ ਸੁਰੇਸ਼ ਰੈਨਾ ਨੂੰ 1-1 ਵਿਕਟ ਹਾਸਲ ਹੋਈ।