ਫਤਹਿਗੜ੍ਹ ਸਾਹਿਬ : – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖ਼ਤਾਂ ਹੇਠ ਇਕ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਹੈ ਕਿ ਅਸੀ ਬਹੁਤ ਲੰਮੇ ਸਮੇ ਤੋ ਕੌਮਾਂਤਰੀ ਪੱਧਰ ਉਤੇ ਇਸ ਗੱਲ ਦੀ ਦ੍ਰਿੜ੍ਹਤਾ ਪੂਰਵਕ ਆਵਾਜ਼ ਉਠਾਉਦੇ ਆ ਰਹੇ ਹਾਂ ਕਿ ਹਿੰਦੂਤਵ ਹਕੂਮਤ ਜਿੰਨ੍ਹੀ ਫੋਜ਼ੀ ਤੇ ਜੰਗੀ ਤਾਕਤ ਦੇ ਤੌਰ ਤੇ ਮਜਬੂਤ ਹੁੰਦੀ ਜਾਵੇਗੀ, ਉਨੇ ਹੀ ਵੱਡੇ ਪੱਧਰ ਉਤੇ ਇਸ ਹਿੰਦ ਹਕੂਮਤ ਵੱਲੋ ਹਿੰਦ ਵਿਚ ਵਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਉਤੇ ਇਸ ਵੱਲੋ ਜ਼ਬਰ-ਜੁਲਮ ਦੇ ਅਮਲ ਤੇਜ਼ ਹੋਣਗੇ ਅਤੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਹਨਨ ਹੋਵੇਗਾ । ਇਸ ਦੇ ਨਾਲ ਹੀ ਇਥੋ ਦੇ ਹੁਕਮਰਾਨ ਜਿਹਨਾਂ ਦੀ ਮੁਸਲਿਮ ਪਾਕਿਸਤਾਨ ਅਤੇ ਕਾਊਮਨਿਸਟ ਚੀਨ ਨਾਲ ਦੁਸ਼ਮਣੀ ਹੈ, ਉਹਨਾਂ ਮੁਲਕਾਂ ਨਾਲ ਜੰਗ ਆਦਿ ਲਗਾਉਣ ਦੇ ਖ਼ਤਰਨਾਕ ਮਾਹੌਲ ਨੂੰ ਪੈਦਾ ਕਰਨਗੇ । ਜਿਸ ਨਾਲ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਵੀ ਡੂੰਘੀ ਸੱਟ ਵੱਜਦੀ ਹੈ । ਇਸ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅਮਰੀਕਾ, ਆਸਟਰੇਲੀਆਂ ਅਤੇ ਨਿਊਕਲਰ ਸਪਲਾਈਰ ਗਰੁੱਪ ਵਾਲੇ ਮੁਲਕਾਂ ਨੂੰ ਅਪੀਲ ਕਰਦੇ ਆਏ ਹਾਂ ਕਿ ਜਿਸ ਹਿੰਦ ਨੇ ਕੌਮਾਂਤਰੀ ਐਨ ਪੀ ਟੀ ਦੀ ਸੰਧੀ ਉਤੇ ਦਸਤਖ਼ਤ ਨਹੀ ਕੀਤੇ ਅਤੇ ਜੋ ਇਹਨਾਂ ਮੁਲਕਾਂ ਤੋ ਨਿਊਕਲਰ ਤਕਨੀਕ ਅਤੇ ਸਾਜੋ ਸਮਾਨ ਪ੍ਰਾਪਤ ਕਰਕੇ ਪ੍ਰਮਾਣੂ ਬੰਬ ਅਤੇ ਹਥਿਆਰ ਬਣਾਉਣ ਵਿਚ ਯਕੀਨ ਰੱਖਦੀ ਹੈ, ਉਸ ਨੂੰ ਬਿਲਕੁਲ ਵੀ ਯੂਰੇਨੀਅਮ ਅਤੇ ਪ੍ਰਮਾਣੂ ਤਕਨੀਕ ਨਾ ਦਿੱਤੀ ਜਾਵੇ । ਤਾਂ ਕਿ ਉਹ ਇਸ ਦੀ ਦੁਰਵਰਤੋ ਕਰਕੇ ਨਾ ਤਾ ਸਿੱਖ ਕੌਮ ਉਤੇ ਜ਼ਬਰ-ਜੁਲਮ ਕਰ ਸਕੇ ਅਤੇ ਨਾ ਹੀ ਸਿੱਖ ਵੱਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਖ਼ ਆਦਿ ਨੂੰ ਜੰਗ ਦਾ ਅਖਾੜਾ ਬਣਾਕੇ ਏਸੀਆ ਖਿਤੇ ਦੇ ਅਮਨ-ਚੈਨ ਨੂੰ ਭੰਗ ਨਾ ਕਰ ਸਕੇ ।
ਉਹਨਾਂ ਕਿਹਾ ਕਿ ਅੱਜ ਜਦੋ ਆਸਟਰੇਲੀਆਂ ਦੇ ਸਾਬਕਾ ਵਜ਼ੀਰੇ ਆਜਿ਼ਮ ਸ੍ਰੀ ਮਾਰਕਨ ਫਰੇਜ਼ਰ ਨੇ ਆਸਟਰੇਲੀਆਂ ਦੀ ਮੌਜੂਦਾ ਜੁਲੀਆ ਗਿਲਾਰਡ ਹਕੂਮਤ ਵੱਲੋ ਹਿੰਦ ਨੂੰ ਯੂਰੇਨੀਅਮ ਸਪਲਾਈ ਦੇਣ ਦੇ ਮਨੁੱਖਤਾ ਮਾਰੂ ਫੈਸਲੇ ਨੂੰ ਬੱਜ਼ਰ ਗੁਸਤਾਖ਼ੀ ਕਰਾਰ ਦਿੰਦੇ ਹੋਏ ਕਰੜੇ ਸਬਦਾ ਵਿਚ ਨਿੰਦਾ ਕੀਤੀ ਹੈ, ਇਸ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖਤਾ ਪੱ ਖੀ ਸੋਚ ਅਤੇ ਨੀਤੀਆ ਨੂੰ ਕੌਮਾਂਤਰੀ ਪੱਧਰ ਉਤੇ ਸ੍ਰੀ ਫਰੇਜ਼ਰ ਨੇ ਪ੍ਰੜੋਤਾ ਕਰਕੇ ਇਨਸਾਨੀਅਤ ਪੱਖੀ ਸਵਾਗਤਯੋਗ ਉਦਮ ਕੀਤਾ ਹੈ ਜਿਸ ਦੀ ਅਸੀ ਭਰਪੂਰ ਪ੍ਰਸੰਸਾਂ ਕਰਦੇ ਹਾਂ । ਸ੍ਰੀ ਫਰੇਜ਼ਰ ਨੇ ਇਹ ਵੀ ਦੁਰਸਤ ਕਿਹਾ ਹੈ ਕਿ ਜੋ ਆਸਟਰੇਲੀਆ ਹਕੂਮਤ ਅੱਜ ਤੱਕ ਮਨੁੱਖੀ ਅਧਿਕਾਰਾ ਦੀ ਰਾਖੀ ਲਈ ਉਦਮ ਕਰਦੀ ਆਈ ਹੈ, ਉਸਨੇ ਹੁਣ ਹਿੰਦ ਨੂੰ ਯੂਰੇਨੀਅਮ ਦੇਣ ਦਾ ਫੈਸਲਾ ਕਰਕੇ ਆਪਣੀ ਨਿਰਪੱਖਤਾ ਵਾਲੀ ਸੋਚ ਉਤੇ ਵੱਡਾ ਪ੍ਰਸਨ ਚਿੰਨ੍ਹ ਲਗਾ ਦਿੱਤਾ ਹੈ ਅਤੇ ਸ੍ਰੀ ਫਰੇਜ਼ਰ ਨੇ ਆਸਟਰੇਲੀਆ ਹਕੂਮਤ ਵੱਲੋ ਕੀਤੇ ਗਏ ਇਸ ਫੈਸਲੇ ਨੂੰ ਹਿੰਦ-ਪਾਕਿ ਵਿਚਕਾਰ ਜੋ ਪ੍ਰਮਾਣੂ ਯੁੱਧ ਹੋਣ ਦੀ ਗਹਿਰੀ ਸੰਕਾਂ ਕਰਦੇ ਹੋਏ ਜੋ ਇਸਾਰਾ ਕੀਤਾ ਹੈ, ਇਹ ਸਿੱਖ ਕੌਮ ਲਈ ਵੱਡੇ ਖ਼ਤਰੇ ਦੀ ਘੰਟੀ ਹੈ । ਕਿਉਕਿ ਇਹ ਦੋਹਵੇ ਦੁਸ਼ਮਣ ਮੁਲਕ ਆਪੋ-ਆਪਣੀਆ ਪ੍ਰਮਾਣੂ ਸ਼ਕਤੀਆਂ ਦੇ ਭੰਡਾਰ ਇਕੱਤਰ ਕਰਕੇ ਕਿਸੇ ਸਮੇ ਵੀ ਵੱਡੀ ਜੰਗ ਹੋਣ ਨੂੰ ਸੱਦਾ ਦੇ ਸਕਦੇ ਹਨ । ਜਿਸ ਨਾਲ ਸਿੱਖ ਵਸੋ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਖ਼ ਆਦਿ ਵਿਚ ਸਿੱਖ ਕੌਮ ਦੀ ਨਸ਼ਲਕੁਸੀ ਹੋਣ ਅਤੇ ਮੈਦਾਨੇ ਜੰਗ ਬਣਨ ਦਾ ਵੱਡਾ ਡਰ ਬਣਿਆ ਹੋਇਆ ਹੈ । ਇਸ ਲਈ ਆਸਟਰੇਲੀਆ ਦੀ ਮੌਜੂਦਾ ਜੁਲੀਆ ਗਿਲਾਰਡ ਹਕੂਮਤ ਵੱਲੋ ਹਿੰਦ ਨੂੰ ਯੂਰੇਨੀਅਮ ਦੀ ਸਪਲਾਈ ਦੇਣ ਦੇ ਕੀਤੇ ਗਏ ਆਪਣੇ ਮਨੁੱਖਤਾ ਮਾਰੂ ਫੈਸਲੇ ਤੇ ਦੁਆਰਾ ਗੌਰ ਕਰਦੇ ਹੋਏ ਹਿੰਦ ਨਾਲ ਹੋਏ ਇਸ ਸਮਝੋਤੇ ਨੂੰ ਫੌਰੀ ਰੱਦ ਕਰਨਾ ਬਣਦਾ ਹੈ ।
ਸ.ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਅਮਰੀਕਾ, ਆਸਟਰੇਲੀਆ, ਨਾਟੋ ਮੁਲਕਾਂ, ਐਨ ਐਸ ਜੀ ਮੁਲਕਾਂ ਅਤੇ ਕੌਮਾਂਤਰੀ ਪ੍ਰਮਾਣੂ ਸ਼ਕਤੀ ਏਜੰਸੀ ਦੀ ਸੰਸਥਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਹਿੰਦੂਤਵ ਹਕੂਮਤ ਦਾ ਪ੍ਰਮਾਣੂ ਅਪਰਸਾਰ ਦਾ ਭਾਰਤੀ ਰਿਕਾਰਡ ਅਤਿ ਮੁਲੀਨ ਅਤੇ ਮੰਦਭਾਵਨਾਵਾਂ ਭਰਿਆ ਰਿਹਾ ਹੈ । ਇਸ ਲਈ ਇਹ ਸਮੁੱਚੇ ਮੁਲਕ ਜੋ ਅਕਸਰ ਮਨੁੱਖੀ ਅਧਿਕਾਰਾ ਦੇ ਲੰਬੜਦਾਰ ਕਹਾਉਦੇ ਹਨ, ਉਹਨਾਂ ਵੱਲੋ ਹਿੰਦ ਨੂੰ ਕਿਸੇ ਕਿਸਮ ਦੀ ਪ੍ਰਮਾਣੂ ਤਕਨੀਕ ਜਾਂ ਯੂਰੇਨੀਅਮ ਆਦਿ ਕੱਚਾ ਮਾਲ ਬਿਲਕੁਲ ਨਾ ਦਿੱਤਾ ਜਾਵੇ ਅਤੇ ਉਹ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਦਾ ਲਈ ਕਾਇਮ ਰੱਖਣ ਲਈ ਯੋਗਦਾਨ ਪਾਉਣ ਅਤੇ ਹਿੰਦ, ਪਾਕਿ ਅਤੇ ਚੀਨ ਤਿੰਨੇ ਦੁਸ਼ਮਣ ਤਾਕਤਾਂ ਦੇ ਵਿਚਕਾਰ “ਬੱਫ਼ਰ ਸਟੇਟ” ਕਾਇਮ ਕਰਨ ਵਿਚ ਮੁੱਖ ਭੂਮਿਕਾਵਾਂ ਨਿਭਾਉਣ ਤਾਂ ਕਿ ਮਨੁੱਖਤਾ ਨੂੰ ਜਿਥੇ ਸੰਸਾਰ ਜੰਗ ਤੋ ਦੂਰ ਰੱਖਿਆ ਜਾ ਸਕੇ, ਉਥੇ “ਸਰਬੱਤ ਦਾ ਭਲਾ” ਲੋੜਨ ਵਾਲੀ ਸਿੱਖ ਕੌਮ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ ।