ਨਿਊ ਯਾਰਕ – ਅਮਰੀਕੀ ਫ਼ੌਜ ਵਿਚ ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰੀ ਇਕ ਦਸਤਾਰਧਾਰੀ ਸਿੱਖ ਫ਼ੌਜੀ ਮੇਜਤ ਕਮਲਜੀਤ ਸਿਘ ਕਲਸੀ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਘਰ ਪਰਤਦਿਆਂ ਉਸਦੀਆਂ ਫ਼ੌਜੀ ਸੇਵਾਵਾਂ ਲਈ ਕਾਂਸੀ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ।
ਮੇਜਰ ਕਮਲਜੀਤ ਸਿੰਘ ਕਲਸੀ ਜੋ ਕਿ ਸਾਲ 2011ਦੇ ਪਹਿਲੇ ਛੇ ਮਹੀਨਿਆਂ ਦੌਰਾਨ ਅਫ਼ਗਾਨਿਸਤਾਨ ਵਿਚ ਤਾਇਨਾਤ ਸੀ। ਉੱਥੇ ਉਸਦੀਆਂ ਬਤੌਰ ਡਾਕਟਰ “ਐਮਰਜੈਂਸੀ ਸਿਹਤ ਸੇਵਾਵਾਂ” ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਸਦਕਾ ਉਸਨੂੰ ਬ੍ਰੋਨਜ਼ ਸਟਾਰ ਮੈਡਲ ਦਿਤਾ ਗਿਆ। ਇਹ ਬ੍ਰੋਨਜ਼ ਸਟਾਰ ਮੈਡਲ ਅਮਰੀਕੀ ਫ਼ੌਜ ਦਾ ਚੌਥਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ।
ਮੇਜਰ ਕਲਸੀ ਦੇ ਉੱਚ-ਅਧਿਕਾਰੀਆਂ ਨੇ ਉਸ ਨੂੰ ਇਹ ਪੁਰਸਕਾਰ ਦੇਣ ਦਾ ਸਮਰਥਨ ਕੀਤਾ ਤੇ ਇਸ ਗੱਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਜਰ ਕਲਸੀ ਨੇ ਅਜਿਹੇ ਦੋ ਰੋਗੀਆਂ ਨੂੰ ਜੀਵਨ ਦਾਨ ਦਿੱਤਾ ਜਿਨ੍ਹਾਂ ਨੂੰ ਹਸਪਤਾਲ ਵਿਚ ਆਉਣ ਸਮੇਂ ਮੁਰਦਾ ਕਿਹਾ ਗਿਆ ਸੀ; ਇਕ “ਤਜ਼ਰਬੇਕਾਰ” ਡਾਕਟਰ ਦੇ ਤੌਰ ਤੇ ਉਸਨੇ ਤਕਰੀਬਨ 750 ਫ਼ੌਜੀਆਂ ਅਤੇ ਉਥੋਂ ਦੇ ਆਮ ਨਾਗਰਿਕਾਂ ਦੀ ਐਮਰਜੈਂਸੀ ਵਿਚ ਦੇਖਭਾਲ ਕੀਤੀ; ਜੰਗੀ ਸੈਨਿਕਾਂ ਦੀਆਂ 5 ਆਪਅਤ ਕਾਲ ਸਥਿਤੀਆਂ ਨੂੰ ਸੰਭਾਲਣ ਵਿਚ ਸਹਿਯੋਗ ਦਿੱਤਾ; ਅਤੇ ਉਹਨੇ ਆਪਣੀਆਂ ਜਿੰਮੇਵਾਰੀਆਂ ਅਤੇ ਅਹੁਦੇ ਤੋਂ ਵੱਧ ਕੇ ਆਪਣੇ ਫ਼ਰਜ਼ ਨਿਭਾਏ।
ਮੇਜਰ ਕਲਸੀ ਨੇ ਅਫ਼ਗਾਨਿਸਤਾਨ ਦੇ ਹੇਲਮੰਡ ਵਿਚ ਕੈਂਪ ਡਾਇਰ ਦੇ 200 ਤੋਂ ਵੱਧ ਫ਼ੌਜੀਆਂ ਲਈ ਪੂਰੇ ਕੈਂਪ ਵਿਚ ਇੰਟਰਨੈੱਟ ਲਗਾਇਆ, ਜਿਥੇ ਉਹ ਤਾਇਨਾਤ ਸੀ। ਉਸਦੀ ਇਹ ਸੇਵਾ ਤੋਂ ਬਾਦ ਉਸਨੂੰ ਤਰੱਕੀ ਦੇ ਕੇ ਕਪਤਾਨ ਤੋਂ ਮੇਜਰ ਬਣਾ ਦਿੱਤਾ ਗਿਆ।
ਮੇਜਰ ਕਲਸੀ ਨੇ ਕਿਹਾ “ਮੇਰੇ ਦੇਸ਼ ਦੀ ਸੇਵਾ ਕਰਨਾ ਮੇਰੇ ਲਈ ਸਦਾ ਮਾਣ ਦੀ ਗੱਲ ਰਹੇਗੀ। ਮੈਂ ਇਸ ਸੇਵਾ ਲਈ ਸਦਾ ਤਿਆਰ ਰਹਾਂਗਾ।”
ਅਮਰੀਕਾ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ‘ਸਿੱਖ ਕੋਲਿਸ਼ਨ’ ਨੂੰ ਮੇਜਰ ਕਲਸੀ ਦੀਆਂ ਪ੍ਰਅਪਤੀਆਂ ਅਤੇ ਅਮਰੀਕੀ ਫ਼ੌਜ ਵਿਚ ਕੀਤੀਆਂ ਸੇਵਾਵਾਂ ਤੇ ਸਦਾ ਮਾਣ ਰਹੇਗਾ। ਮੇਜਰ ਕਲਸੀ ਵਲੋਂ ਕਾਂਸੀ ਦਾ ਤਮਗ਼ਾ ਹਾਸਲ ਕਰਨਾ ਇਹ ਪ੍ਰਤੱਖ ਕਰਦਾ ਹੈ ਕਿ ਸਿੱਖ ਆਪਣੇ ਧਅਰਮਿਕ ਚਿੰਨ੍ਹਾਂ ਅਤੇ ਵਿਸ਼ਵਾਸ਼ ਨੂੰ ਕਾਇਮ ਰੱਖ ਕੇ ਵੀ ਬੇਹਤਰ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ।
ਅਮਰੀਕੀ ਫ਼ੌਜ ਦੀ ਅਜੋਕੀ ਨੀਤੀ ਅਧੀਨ ਸਿੱਖਾਂ ਨੂੰ ਫ਼ੌਜ ਵਿਚ ਸ਼ਾਮਲ ਹੋਣ ਲਈ ਧਾਰਮਿਕ ਚਿੰਨ੍ਹ ਜਿਵੇਂ ਕਿ ਦਾੜੀ ਰੱਖਣੀ ਜਾਂ ਪੱਗ ਬੰਨ੍ਹਣ ਉੱਤੇ ਰੋਕ ਲਗਾਈ ਹੋਈ ਹੈ। ਪਿਛਲੇ ਦੋ ਸਾਲਾਂ ਤੋ
ਮੇਜਰ ਕਲਸੀ ਤੇ ਦੋ ਹੋਰ ਸਿੱਖ ਸੈਨਿਕਾਂ ਨੂੰ ਅਮਰੀਕੀ ਫ਼ੌਜ ਵਲੋਂ ਪੱਗ ਬੰਨ੍ਹਣ ਅਤੇ ਦਾੜੀ ਰੱਖਣ ਦੀ ਖ਼ਾਸ ਛੋਟ ਦਿੱਤੀ ਗਈ ਹੈ। ਸਿੱਖ ਕੋਲਿਸ਼ਨ ਅਮਰੀਕੀ ਫ਼ੌਜੀ ਸੇਵਾਵਾਂ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਕਾਰਨ ਲੱਗੀ ਰੋਕ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ।