ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕੌਮੀ ਪਸ਼ੂ ਧਨ ਚੈਪੀਂਅਨਸ਼ਿਪ 2011 ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਚ 17 ਤੋਂ 19 ਦਸੰਬਰ ਤੱਕ ਪਸ਼ੂ ਪਾਲਣ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਹੈ ਦੇ ਪ੍ਰਬੰਧਾਂ ਦਾ ਸਮੁਚੇ ਤੌਰ ਤੇ ਜਾਇਜ਼ਾ ਲੈਣ ਲਈ ਮਹੱਤਵਪੂਰਨ ਬੈਠਕ ਹੋਈ। ਬੈਠਕ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾ: ਕਮਲ ਗਰਗ ਜੀ.ਏ. ਟੂ ਡਿਪਟੀ ਕਮਿਸ਼ਨਰ, ਡਾ: ਐਚ. ਐਸ. ਸੰਧਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ, ਪਸ਼ੂ ਪਾਲਣ ਵਿਭਾਗ ਦੇ ਸਯੁੰਕਤ ਨਿਰਦੇਸ਼ਕ, ਡਿਪਟੀ ਡਾਇਰੈਕਟਰ ਅਤੇ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਨੇ ਭਾਗ ਲਿਆ। ਡਾਇਰੈਕਟਰ ਸ: ਸੰਧਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਸੰਬਧੀ ਸਾਰੇ ਕੰਮਕਾਜ ਮੁਕੰਮਲ ਕਰ ਲਏ ਗਏ ਹਨ। ਇਸ ਚੈਂਪੀਅਨਸ਼ਿਪ ਦੌਰਾਨ ਪੰਜਾਬ ਸਮੇਤ ਵੱਖ ਵੱਖ ਰਾਜਾਂ ਤੋਂ ਲਗਭਗ 4500 ਨਸਲੀ ਪਸ਼ੂਆਂ ਦੀਆਂ ਐਂਟਰੀਆਂ ਆਉਣ ਦੀ ਸੰਭਾਵਨਾ ਹੈ। ਜੇਤੂ ਪਸ਼ੂ ਪਾਲਕਾਂ ਨੂੰ ਲਗਭਗ 55 ਲੱਖ ਰੁਪਏ ਦੇ ਨਗਦ ਇਨਾਮ ਮੌਕੇ ‘ਤੇ ਹੀ ਤਕਸੀਮ ਕੀਤੇ ਜਾਣਗੇ। ਇਸ ਚੈਂਪੀਅਨਸ਼ਿਪ ਦੌਰਾਨ ਪਸ਼ੂਆਂ ਲਈ ਕੋਈ ਐਂਟਰੀ ਫੀਸ ਨਹੀਂ ਹੋਵੇਗੀ ਅਤੇ ਪਸ਼ੂ ਪਾਲਕਾਂ ਦੇ ਲਈ ਲੰਗਰ, ਰਿਹਾਇਸ਼ ਅਤੇ ਪਸ਼ੂਆਂ ਲਈ ਹਰੇ ਚਾਰੇ, ਤੂੜੀ ਅਤੇ ਟੈਂਟਾਂ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਸ਼ੂ ਪਾਲਕਾਂ ਦੀ ਤਕਨੀਕੀ ਜਾਣਕਾਰੀ ਵਧਾਉਣ ਲਈ ਵੱਖ ਵੱਖ ਵਿਭਾਗਾਂ ਵੱਲੋਂ ਵਿਕਾਸ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਤਾਂ ਜੋ ਪਸ਼ੂ ਪਾਲਕ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਣ ਅਤੇ ਆਪਣੇ ਕਿੱਤੇ ਨੂੰ ਤਕਨੀਕੀ ਲੀਹਾਂ ‘ਤੇ ਅਪਨਾ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਣ। ਇਸ ਦੌਰਾਨ ਕਿਸਾਨਾਂ ਨੂੰ ਪਸ਼ੂ ਪਾਲਣ ਸੰਬਧੀ ਤਕਨੀਕੀ ਜਾਣਕਾਰੀ ਮੁਹਈਆ ਕਰਵਾਉਣ ਲਈ ਵਿਚਾਰ ਗੋਸਠੀਆਂ ਵੀ ਕੀਤੀਆਂ ਜਾਣਗੀਆਂ। ਇਸ ਦੌਰਾਨ ਕੁੱਤਿਆਂ ਦੇ ਨਸਲੀ ਮੁਕਾਬਲੇ ਮਿਤੀ 17 ਦਸੰਬਰ ਨੂੰ ਸਵੇਰੇ ਕਰਵਾਏ ਜਾਣਗੇ। ਮੇਲੇ ਦੇ ਪਹਿਲੇ ਦਿਨ ਪਸ਼ੂ ਧਨ ਦੀ ਵਿਰਾਸਤ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਹੋਈਆਂ ਵਿਰਾਸਤੀ ਝਲਕੀਆਂ ਵੀ ਕੱਢੀਆਂ ਜਾਣਗੀਆਂ।