ਅੰਮ੍ਰਿਤਸਰ- ਹਾਲ ਹੀ ਵਿਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਅਤੇ ਯੂਥ ਵਿੰਗ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਸ: ਮਜੀਠੀਆ ਵਲੋਂ ਉਹਨਾਂ ਵਿਰੁੱਧ ਕੀਤਾ ਜਾ ਰਿਹਾ ਭੰਡੀ ਪ੍ਰਚਾਰ ਨੂੰ ਉਹਨਾਂ ਦੀ ਬਿਮਾਰ ਮਾਨਸਿਕਤਾ ਅਤੇ ਬੌਖਲਾਹਟ ਦਾ ਨਤੀਜਾ ਕਰਾਰ ਦਿੰਦਿਆਂ ਉਹਨਾਂ ਨੂੰ ਮਜੀਠਾ ਦੇ ਹੀ ਕਿਸੇ ਪਿੰਡ ਦੇ ਸੱਥ ਵਿਚ ਲੋਕਾਂ ਦੀ ਮੌਜੂਦਗੀ ਵਿਚ ਸੱਚ ਝੂਠ ਦੇ ਨਿਤਾਰੇ ਲਈ ਖੁੱਲ੍ਹੀ ਬਹਿਸ ਦੀ ਚੁਨੌਤੀ ਦਿੱਤੀ
ਉਹਨਾਂ ਕਿਹਾ ਕਿ ਹੁਣ ਮਜੀਠੀਆ ਮੈਂਨੂੰ ਆਪਣਾ ਮੀਡੀਆ ਸਲਾਹਕਾਰ ਮੰਨਣ ਲਈ ਤਿਆਰ ਨਹੀਂ ਤੇ ਮੇਰੀਆਂ ਸਰਗਰਮੀਆਂ ਨੂੰ ਸ਼ੱਕੀ ਮੰਨ ਕੇ ਕਈ ਵਾਰ ਹਰ ਤਰਾਂ ਦੀ ਜ਼ਿੰਮੇਵਾਰੀ ਤੋਂ ਲਾਂਭੇ ਕਰ ਦੇਣ ਦੀ ਗਲ ਕਰ ਰਿਹਾ ਹੈ, ਉਹਨਾਂ ਕਿਹਾ ਕਿ ਅਜਿਹਾ ਸੱਚ ਹੈ ਤਾਂ ਉਹਨਾਂ ਇਸ ਵਰ੍ਹੇ ਦੇ 17 ਅਗਸਤ ਨੂੰ ਜਾਰੀ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਪਲੇਠੀ ਸੂਚੀ ਵਿਚ ਪਹਿਲ ਦੇ ਆਧਾਰ ’ਤੇ ਮੀਡੀਆ ਸਲਾਹਕਾਰ ਕਿਉਂ ਬਣਾਇਆ ਗਿਆ?
ਪ੍ਰੋ: ਸਰਚਾਂਦ ਸਿੰਘ ਨੇ ਉਹਨਾਂ ਉੱਤੇ ਵਸਾਹਘਾਤ ਦੀ ਰਾਜਨੀਤੀ ਕਰਨ ਦੇ ਦੋਸ਼ ਦੇ ਜਵਾਬ ਵਿਚ ਮਜੀਠੀਆ ’ਤੇ ਪਲਟ ਵਾਰ ਕਰਦਿਆਂ ਕਿਹਾ ਕਿ ਵਿਸ਼ਵਾਸਘਾਤ ਦੀ ਰਾਜਨੀਤੀ ਮੇਰੀ ਫ਼ਿਤਰਤ ਨਹੀਂ ਹੈ ਸਗੋਂ ਅਜਿਹੀ ਰਾਜਨੀਤੀ ਮਜੀਠੀਆ ਦੇ ਹਿੱਸੇ ਹੀ ਆਈ ਹੈ। ਉਹਨਾਂ ਇਕ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਰਿਸ਼ਤੇਦਾਰੀ ਦਾ ਲਾਭ ਲੈ ਕੇ ਰਾਜਨੀਤੀ ਵਿਚ ਪੈਰਾਸ਼ੂਟ ਰਾਹੀ ਉਤਰੇ ਅਤੇ ਖੁਦ ਸੁਖਬੀਰ ਬਾਦਲ ਅਤੇ ਹਲਕਾ ਮਜੀਠਾ ਸਮੇਤ ਮਾਝੇ ਨਾਲ ਵਸਾਹਘਾਤ ਕੀਤਾ। ਉਹਨਾਂ ਕਿਹਾ ਕਿ ਮਜੀਠੀਆ ਦੀ ਸੌੜੀ ਸੋਚ ਅਤੇ ਆਪਹੁਦਰੀਆਂ ਕਾਰਨ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਦੇ ਵਕਾਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ , ਜੇ ਮਜੀਠੀਆ ਖੁਦ ਤਿਆਗ ਅਤੇ ਸਿਆਣਪ ਤੋ ਕੰਮ ਲੈਂਦਿਆਂ ਮਜੀਠਾ ਹਲਕੇ ਦੀ ਸੀਟ ਸੁਖਬੀਰ ਬਾਦਲ ਲਈ ਸਮੇਂ ਸਿਰ ਖਾਲੀ ਕਰ ਦਿੰਦੇ ਤਾਂ ਉਕਤ ਅਸਤੀਫ਼ਾ ਦੇਣ ਦਾ ਕਾਰਜ ਟਾਲਿਆ ਜਾ ਸਕਦਾ ਸੀ ਅਤੇ ਸ: ਪ੍ਰਤਾਪ ਸਿੰਘ ਕੈਰੋਂ ਉਪਰੰਤ ਛੇ ਦਹਾਕਿਆਂ ਬਾਅਦ ਮਾਝੇ ਨੂੰ ਸਿਆਸਤ ਦਾ ਕੇਂਦਰ ਬਣਾਇਆ ਜਾ ਸਕਦਾ ਸੀ । ਜਿਸ ਨਾਲ ਸਿਆਸੀ ਅਤੇ ਵਿਕਾਸ ਪੱਖੋਂ ਅਣਗੌਲਿਆ ਹੋਇਆ ਮਾਝਾ ਖੇਤਰ ਦੀ ਨੁਹਾਰ ਅੱਜ ਕੁਝ ਹੋਰ ਹੋਣੀ ਸੀ।
ਉਹਨਾਂ ਮਜੀਠੀਆ ਵਲੋਂ ਆਪਣੇ ਸਹਾਇਕਾਂ ਅਤੇ ਸਲਾਹਕਾਰਾਂ ਨੂੰ ਸਟੈਪਨੀ ਦਾ ਨਾਮ ਦੇਣ ’ਤੇ ਵਿਅੰਗ ਕਸਦਿਆਂ ਕਿਹਾ ਕਿ ਜੋ ਇਨਸਾਨ ਆਪਣੇ ਇਮਾਨਦਾਰ ਸਾਥੀਆਂ ਤੇ ਸਹਾਇਕਾਂ ਪ੍ਰਤੀ ਅਜਿਹੀ ਨਾਕਾਰਾਤਮਕ ਸੋਚ ਦਾ ਧਾਰਨੀ ਹੋਵੇ ਉਹ ਆਮ ਲੋਕਾਂ ਪ੍ਰਤੀ ਕੀ ਮਾਨਸਿਕਤਾ ਰਖਦਾ ਹੋਵੇਗਾ? ਇਸ ਦਾ ਅੰਦਾਜ਼ਾ ਕੋਈ ਵੀ ਸਹਿਜੇ ਹੀ ਲਗਾ ਸਕਦਾ ਹੈ ।
ਉਹਨਾਂ ਕਿਹਾ ਕਿ ਮਜੀਠੀਆ ਦੀਆਂ ਨੀਤੀਆਂ ਹੀ ਅਕਾਲੀ ਦਲ ਵਿਚ ਫੁੱਟ ਪਾਉਣ ਦਾ ਮੁੱਖ ਕਾਰਨ ਬਣੀਆਂ ਹਨ। ਦੂਜਿਆਂ ਨੂੰ ਅਨੁਸ਼ਾਸਨ ਦਾ ਪਾਠ ਪੜਾਉਣ ਦੀ ਗਲ ਕਰਨ ਵਾਲਾ ਇਹ ਕਿਵੇਂ ਭੁਲਾ ਬੈਠਾ ਕਿ ਇਸ ਵਾਰ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਹਨਾਂ ਵਲੋਂ ਨਾਕਾਮ ਕੀਤੇ ਗਏ ਦੋ ਅਕਾਲੀ ਉਮੀਦਵਾਰਾਂ ਜਿਨ੍ਹਾਂ ਵਿਚ ਜਥੇ: ਗੋਪਾਲ ਸਿੰਘ ਜਾਣੀਆਂ ਹਲਕਾ ਜੰਡਿਆਲਾ ਨੂੰ ਹਾਰ ਦੇਣ ਲਈ ਮੁੱਖ ਰੋਲ ਨਿਭਾਉਣ ਸੰਬੰਧੀ ਖੁਦ ਜਥੇ: ਜਾਣੀਆਂ ਪੈਰਸ ਨੂੰ ਜਾਣੂ ਕਰਾ ਚੁੱਕੇ ਹਨ, ਜਿਸ ‘ਤੇ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਿਕਨਾਤੀਸੀ ਸ਼ਖਸੀਅਤ ਅਤੇ ਅਕਾਲੀ ਦਲ ਦੀਆਂ ਲੋਟੂ ਨੀਤੀਆਂ ਦੇ ਚਲਦਿਆਂ ਅੱਜ ਕਾਂਗਰਸ ਦੀ ਹਵਾ ਤੇਜ ਹੋ ਚੁੱਕੀ ਹੈ ਤੇ ਇਸ ਵਾਰ ਦੀਆਂ ਚੋਣਾਂ ਵਿਚ ਮਜੀਠੀਆ ਨੂੰ ਨਮੋਸ਼ੀ ਜਨਕ ਹਾਰ ਦੇ ਕੇ ਮਜੀਠਾ ਹਲਕੇ ਦੇ ਲੋਕ ਹੰਕਾਰ ਨਾਲ ਭਰਪੂਰ ਉਸ ਦੀ ਧੌਣ ਵਿਚ ਗੱਡਿਆ ਹੋਇਆ ਕਿਲ੍ਹਾ ਕੱਢ ਦੇਣ ਗੇ।