ਸ੍ਰੀ ਮੁਕਤਸਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਹਰ ਸਾਲ ਦੀ ਤਰਾਂ ਮਾਘੀ ਦੇ ਪਵਿੱਤਰ ਤਿਓਹਾਰ ‘ਤੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ 2011 ਅੱਜ ਬੜੇ ਸ਼ਾਨੋ ਸੌਕਤ ਅਤੇ ਧੂਮ ਧੱੜਕੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਹੋਈ। ਜਿਸ ਦਾ ਉਦਘਾਟਨ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਨੇ ਪਸ਼ੂ ਪਾਲਣ ਵਿਭਾਗ ਦਾ ਪ੍ਰਚਮ ਲਹਿਰਾ ਕੇ ਕੀਤਾ।
ਇਸ ਮੌਕੇ ਪਸ਼ੂ ਪਾਲਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਬੀਬੀ ਗੁਲਸ਼ਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਇਹ ਸੁਪਨਾ ਸੀ ਕਿ ਪੰਜਾਬ ਵਿਚ ਇਕ ਨਵਾਂ ਨਿਰੋਇਆ ਸਮਾਜ ਸਿਰਜਿਆ ਜਾਵੇ, ਇਹ ਤਾਂਹੀ ਸੰਭਵ ਹੋ ਸਕਦਾ ਹੈ ਅਗਰ ਪੰਜਾਬ ਦੇ ਲੋਕ ਚੰਗੇ ਸਿਹਤਮੰਦ ਹੋਣ ਅਤੇ ਚੰਗੀ ਸਿਹਤ ਲਈ ਚੰਗੇਰੀ ਖੁਰਾਕ ਅਤੇ ਦੁੱਧ ਦਹੀ ਦੀ ਸਖਤ ਲੋੜ ਹੈ। ਜੋ ਕਿ ਸਿਰਫ਼ ਚੰਗੀ ਨਸਲ ਦੇ ਪਸ਼ੂ ਪਾਲਣ ਨਾਲ ਹੀ ਸੰਭਵ ਹੋ ਸਕਦੀ ਹੈ।
ਬੀਬੀ ਗੁਲਸ਼ਨ ਨੇ ਅੱਗੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਇਸ ਚੈਂਪੀਅਨਸ਼ਿਪ ਨੂੰ ਆਯੋਜਿਤ ਕਰਨ ਲਈ ਵਧਾਈ ਦਾ ਪਾਤਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ ਸੁਧਾਰਨ ਅਤੇ ਪੰਜਾਬ ਵਿਚ ਚਿੱਟੀ ਕ੍ਰਾਂਤੀ ਲਿਆਉਣ ਲਈ ਭਰਪੂਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਵਿਚ 9 ਨਵੀਂਆਂ ਵੈਟਰਨਰੀ ਪੋਲੀਕਲੀਨਕਾਂ ਦੀ ਸਥਾਪਨਾ ਕੀਤੀ ਅਤੇ 10 ਪੁਰਾਣੀਆਂ ਪੋਲੀਕਲੀਨਕਾਂ ਦਾ ਅਧੁਨਕੀਕਰਨ ਕੀਤਾ ਹੈ। ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਦੀ ਘਾਟ ਨੂੰ ਪੁਰਾ ਕਰਨ ਲਈ ਚਾਰ ਨਵੇਂ ਵੈਟਰਨਰੀ ਕਾਲਜ ਖੋਲੇ ਗਏ ਹਨ ਅਤੇ 14 ਤਹਿਸੀਲ ਪੱਧਰ ਅਤੇ 34 ਬਲਾਕ ਪੱਧਰ ਦੇ ਪਸ਼ੂ ਹਸਪਤਾਲਾਂ ਦੀ ਉਸਾਰੀ ਕੀਤੀ ਹੈ। ਇਸ ਤੋਂ ਇਲਾਵਾ ਨਸਲ ਸੁਧਾਰ ਪ੍ਰੋਗਰਾਮ ਤਹਿਤ 2.5 ਲੱਖ ਐਚ.ਐਫ. ਫਿਰੋਜ਼ਨ ਸੀਮਨ ਅਤੇ ਜਰਸੀ ਸੀਮਨ ਦੇ ਟੀਕੇ ਦੂਜੇ ਦੇਸ਼ਾਂ ਤੋਂ ਮੰਗਵਾਂ ਕੇ ਪਸ਼ੂ ਪਾਲਕਾਂ ਦੀ ਸਹਾਇਤਾ ਕੀਤੀ ਗਈ ਅਤੇ ਉੱਚਕੋਟੀ ਦੇ 5 ਹਜਾਰ ਟੀਕੇ ਅਮਰੀਕਾ ਤੋਂ ਮੰਗਵਾਏ ਗਏ ਹਨ।
ਇਸ ਮੌਕੇ ਸ: ਜਗਦੀਪ ਸਿੰਘ ਨਕਈ ਮੁੱਖ ਸੰਸਦੀ ਸਕੱਤਰ ਸਹਿਕਾਰਤਾ ਵਿਭਾਗ ਨੇ ਵਿਸ਼ੇਸ ਮਹਿਮਾਨ ਵਜੋਂ ਪੁੱਜ ਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿਚ ਚਿੱਟੀ ਕ੍ਰਾਂਤੀ ਲਿਆਉਣ ਲਈ ਅਕਾਲੀ ਭਾਜਪਾ ਸਰਕਾਰ ਦਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਨਤੀਜੇ ਸਾਡੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਪਸ਼ੂ ਪਾਲਕਾਂ ਵਿਚ ਗਿਆਨ ਦਾ ਵਾਧਾ ਹੁੰਦਾ ਹੈ ਅਤੇ ਉਹ ਪਸ਼ੂ ਪਾਲਣ ਦੀਆਂ ਨਵੀਂਆਂ ਤਕਨੀਕਾਂ ਤੋਂ ਜਾਣੂ ਹੁੰਦੇ ਹਨ।
ਇਸ ਮੌਕੇ ਸ: ਐਚ.ਐਸ. ਸੰਧਾ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਨੇ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਇਹ ਪੰਜਵੀਂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਹੈ ਜੋ ਕਿ ਇੱਥੇ ਹੋ ਰਹੀ ਹੈ। ਇਸ ਵਿਚ ਪਹਿਲੇ ਦਿਨ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼ ਆਦਿ ਰਾਜਾਂ ਤੋਂ 2500 ਤੋਂ ਵਧੇਰੇ ਪਸ਼ੂ ਪਾਲਕਾਂ ਨੇ ਰਜਿਸਟਰੇਸਨ ਕਰਵਾਈ ਅਤੇ 25 ਨਸਲਾਂ ਦੇ 500 ਕੁੱਤਿਆਂ ਦੇ ਮੁਕਾਬਲੇ ਵੀ ਅੱਜ ਪਹਿਲੇ ਦਿਨ ਆਯੋਜਿਤ ਕੀਤੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਦਿਨਾਂ ਵਿਚ ਹੋਰ ਵੱਧ ਵੱਧ ਤੋਂ ਪਸ਼ੂ ਇਸ ਚੈਂਪੀਅਨਸ਼ਿਪ ਵਿਚ ਆਉਣ ਦੀ ਉਮੀਦ ਹੈ।
ਅੱਜ ਦੇ ਉਦਘਾਟਨੀ ਸਮਾਰੋਹ ਦਾ ਮੁੱਖ ਆਕਰਸ਼ਨ ਪਸ਼ੂ ਪਾਲਣ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਪਸ਼ੂ ਧਨ ਵਿਰਾਸਤੀ ਮਾਰਚ ਸੀ ਜਿਸ ਵਿਚ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਣ ਤੋਂ ਇਲਾਵਾ ਪੰਜਾਬ ਵਿਚ ਹੋ ਚੁੱਕੇ ਖੇਤਰੀ ਪਸ਼ੂਧਨ ਮੇਲਿਆਂ ਦੇ ਇਨਾਮੀ ਘੋੜੇ, ਮੱਝਾਂ, ਗਾਵਾਂ, ਸ੍ਹਾਨ, ਬਕਰੀਆਂ, ਭੇਡਾਂ, ਊਠਾਂ ਦੀ ਸਮੁਲੀਅਤ ਨੇ ਇਕ ਵੱਖਰਾ ਹੀ ਰੰਗ ਵਖੇਰ ਦਿੱਤਾ ਅਤੇ ਇਸ ਮੌਕੇ ਊਠਾਂ ਅਤੇ ਘੋੜੀਆਂ ਦੇ ਨਾਚਾਂ ਨੇ ਦਰਸ਼ਕਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਉਸ਼ਾ ਆਰ. ਸ਼ਰਮਾ ਵਿਸ਼ੇਸ਼ ਮੁੱਖ ਚੋਣ ਅਫ਼ਸਰ ਪੰਜਾਬ, ਡਾ: ਹਾਸੀਮ ਖ਼ਲਿਫਾ ਸਲਾਕਾਰ ਉਦਯੋਗ ਮੰਤਰਾਲਾ ਇਰਾਕ, ਸ: ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਸ਼ਲ, ਸ੍ਰੀ ਕਮਲ ਕੁਮਾਰ ਗਰਗ ਜੀ.ਏ.ਟੂ.ਡੀ.ਸੀ., ਸ: ਦਲਵਿੰਦਰਜੀਤ ਸਿੰਘ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਡਾ: ਪੀ.ਕੇ. ਉੱਪਲ, ਡਾ: ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਭਾਗ, ਡਾ: ਪਵਨ ਗਾਂਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ: ਪਰਮਪਾਲ ਸਿੰਘ ਤੋਂ ਇਲਾਵਾ ਪੰਜਾਬ ਭਰ ਤੋਂ ਆਏ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀ ਹਾਜਰ ਸਨ।