ਮਨੀਲਾ- ਫਿਲਪੀਨਜ਼ ਦੇ ਦੱਖਣੀ ਟਾਪੂ ਮਿੰਡਨੋ ਵਿੱਚ ਆਏ ਭਿਆਨਕ ਸਮੁੰਦਰੀ ਤੂਫ਼ਾਨ ਨਾਲ ਘੱਟ ਤੋਂ ਘੱਟ 650 ਲੋਕ ਮਾਰੇ ਗਏ ਹਨ ਅਤੇ ਭਾਰੀ ਗਿਣਤੀ ਵਿੱਚ ਲਾਪਤਾ ਹਨ। ਮਰਨ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਪਿੰਡਾਂ ਦੇ ਪਿੰਡ ਇਸ ਰੋੜ ਵਿੱਚ ਰੁੜ੍ਹ ਗਏ ਹਨ।
ਇਹ ਸਮੁੰਦਰੀ ਤੂਫ਼ਾਨ ਰਾਤ ਦੇ ਸਮੇਂ ਆਇਆ ਜਿਸ ਸਮੇਂ ਲੋਕ ਸੌਂ ਰਹੇ ਸਨ। ਇਸ ਅਚਾਨਕ ਆਈ ਆਫ਼ਤ ਨਾਲ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਮੇਅਰ ਕਰੂਜ ਨੇ ਇਸ ਨੂੰ ਹੁਣ ਤੱਕ ਦਾ ਸੱਭ ਤੋਂ ਵੱਡਾ ਭਿਆਨਕ ਤੂਫ਼ਾਨ ਦਸਿਆ ਹੈ।ਉਨ੍ਹਾਂ ਅਨੁਸਾਰ ਉਨ੍ਹਾਂ ਦੇ ਇਲਕੇ ਦੇ 10 ਪਿੰਡ ਪਾਣੀ ਵਿੱਚ ਡੁੱਬ ਗਏ ਹਨ। 24 ਘੰਟੇ ਵਿੱਚ 25 ਮਿਲੀਲਿਟਰ ਵੱਰਖਾ ਹੋਈ, ਜਿਸ ਕਰਕੇ ਸਾਰੀਆਂ ਨਦੀਆਂ ਹੜ੍ਹ ਨਾਲ ਪ੍ਰਭਾਵਿਤ ਹਨ। ਹਵਾ ਦੀ ਰਫ਼ਤਾਰ ਵੀ 90 ਕਿਲੋਮੀਟਰ ਪ੍ਰਤੀ ਘੰਟਾ ਹੈ।
ਸੈਨਾ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ। ਤੂਫ਼ਾਨ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਤਅਤ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਹੈ। ਮਰਨ ਵਾਲਿਆਂ ਵਿੱਚ ਜਿਆਦਾਤਰ ਬੱਚੇ ਹਨ। ਸਥਾਨਕ ਅਧਿਕਾਰੀਆਂ ਅਨੁਸਾਰ ਕਾਫ਼ੀ ਲੋਕ ਲਾਪਤਾ ਹਨ ਅਤੇ ਭਾਰੀ ਗਿਣਤੀ ਵਿੱਚ ਲੋਕ ਟਾਪੂ ਦੀਆਂ ਉਚਾਈ ਵਾਲੇ ਸਥਾਨਾਂ ਤੇ ਮੂਵ ਕਰ ਗਏ ਹਨ।