ਸ੍ਰੀ ਮੁਕਤਸਰ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ‑2011 ਦੇ ਅੱਜ ਦੂਜੇ ਦਿਨ ਦੌਰਾਨ ਕ੍ਰਾਸ ਗਾਵਾਂ, ਮੁਹੱਰਾ ਅਤੇ ਨੀਲੀ ਰਾਵੀ ਕੱਟਾ, ਬਕਰਾ ਬੀਟਲ ਨਸਲ, ਭੇਡੂ ਦੇਸ਼ੀ ਬ੍ਰੀਡ, ਦੇਸੀ ਮੁਰਗਾ, ਵਛੇਰਾ ਮਾਰਵਾੜੀ, ਬਤੱਖ, ਘੋੜ ਦੌੜ ਅਤੇ ਘੋੜੀਆਂ ਅਤੇ ਊਠਾਂ ਦੇ ਨਾਚ ਅਤੇ ਸਿੰਗਾਰ ਦੇ ਰੌਚਕ ਮੁਕਾਬਲੇ ਕਰਵਾਏ ਗਏ।
ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਡਾ: ਅਮਰਜੀਤ ਸਿੰਘ ਨੰਦਾ ਕਮਿਸ਼ਨਰ ਪਸ਼ੂ ਪਾਲਣ ਵਿਭਾਗ ਭਾਰਤ ਸਰਕਾਰ ਸ਼ਾਮਿਲ ਹੋਏ, ਸਮਾਗਮ ਦੀ ਪ੍ਰਧਾਨਗੀ ਸ: ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਸ਼ਲ ਨੇ ਕੀਤੀ ਅਤੇ ਵਿਸੇਸ਼ ਮਹਿਮਾਨ ਵਜੋਂ ਡਾ: ਪੀ.ਕੇ. ਉੱਪਲ ਪੁੱਜੇ । ਇਸ ਮੌਕੇ ਡਾ: ਨੰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੌਮੀ ਪੱਧਰ ਦੇ ਇਸ ਮੁਕਾਬਲੇ ਦੇ ਆਯੋਜਨ ਲਈ ਪੰਜਾਬ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਦੂਜੇ ਰਾਜਾਂ ਲਈ ਵੀ ਸੇਧ ਦਾ ਸਬੱਬ ਬਣਦੇ ਹਨ ਉੱਥੇ ਇੰਨ੍ਹਾਂ ਰਾਹੀ ਪਸ਼ੂ ਪਾਲਕਾਂ ਵਿਚ ਨਵੀਆਂ ਤਕਨੀਕਾਂ ਦੇ ਪਸਾਰੇ ਦੇ ਨਾਲ ਨਾਲ ਨਸਲ ਸੁਧਾਰ ਪ੍ਰਤੀ ਵੀ ਨਵੀਂ ਰੂਚੀ ਪੈਦਾ ਹੁੰਦੀ ਹੈ। ਉਨ੍ਹਾਂ ਪੰਜਾਬ ਵੱਲੋਂ ਪਸ਼ੂ ਪਾਲਣ ਦੇ ਖੇਤਰ ਵਿਚ ਮਾਰੀਆਂ ਮੱਲਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਨੇ ਨਸਲ ਸੁਧਾਰ ਪ੍ਰੋਗਰਾਮ ਨੂੰ ਸਫਲਤਾ ਨਾਲ ਲਾਗੂ ਕਰਕੇ ਘੱਟ ਪਸ਼ੂਆਂ ਤੋਂ ਵਧੇਰੇ ਉਤਪਾਦਨ ਪ੍ਰਾਪਤ ਕਰਕੇ ਦੇਸ਼ ਦੀ ਉੱਨਤੀ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਨੂੰ ਵੀ ਪੰਜਾਬ ਤੋਂ ਸੇਧ ਲੈ ਕੇ ਨਸਲ ਸੁਧਾਰ ਪ੍ਰੋਗਰਾਮ ਤੇਜ ਕਰਨੇ ਚਾਹੀਦੇ ਹਨ ਤਾਂ ਜੋ ਬਿਨ੍ਹਾਂ ਪਸ਼ੂਆਂ ਦੀ ਅਬਾਦੀ ਵਧਾਏ ਅਸੀਂ ਮੁਲਕ ਵਿਚ ਪਸ਼ੂਆਂ ਤੋਂ ਮਿਲਣ ਵਾਲੇ ਪਦਾਰਥਾਂ ਦੀ ਉਪਜ ਵਧਾ ਸਕੀਏ।
ਇਸ ਮੌਕੇ ਡਾ: ਐਚ. ਐਸ. ਸੰਧਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਨਸਲ ਸੁਧਾਰ ਪ੍ਰੋਗਰਾਮ ਦੀ ਸਫਲਤਾ ਦੀ ਗਾਥਾ ਦੱਸਦਿਆਂ ਕਿਹਾ ਕਿ ਇਹ ਨਸਲ ਸੁਧਾਰ ਪ੍ਰੋਗਰਾਮ ਕਾਰਨ ਹੀ ਸੰਭਵ ਹੋਇਆ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ ਵਿਚ ਭਾਵੇਂ 15 ਫੀਸਦੀ ਦੀ ਕਮੀ ਹੋਈ ਹੈ ਪਰ ਦੁੱਧ ਉਤਪਾਦਨ ਵਿਚ 10 ਫੀਸਦੀ ਦਾ ਵਾਧਾ ਹੋਇਆ ਹੈ। ਇਹੀ ਪੰਜਾਬ ਦੇ ਉਭਰਦੇ ਡੇਅਰੀ ਉਦਯੋਗ ਦੀ ਸਫਲਤਾ ਦਾ ਵੱਡਾ ਰਾਜ ਹੈ ਕਿ ਅਸੀਂ ਚੰਗੀ ਨਸ਼ਲ ਦੇ ਪਸੂਆਂ ਤੋਂ ਵਧੇਰੇ ਉਪਜ ਲੈ ਰਹੇ ਹਾਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮੁਲਕ ਦੇ ਕੇਵਲ 2 ਫੀਸਦੀ ਦੁਧਾਰੂ ਪਸ਼ੂ ਹਨ ਪਰ ਪੰਜਾਬ ਦਾ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿਚ 9 ਫੀਸਦੀ ਯੋਗਦਾਨ ਹੈ।
ਅੱਜ ਸਵੇਰੇ ਸ: ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੋਂਸਲ ਨੇ ਪਸ਼ੂ ਪਾਲਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਣ ਨੂੰ ਉਸਾਹਿਤ ਕਰਨ ਲਈ ਵੱਡੀਆਂ ਸਬਸਿਡੀਆਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਨਿੱਘਰ ਸੋਚ ਦਾ ਹੀ ਨਤੀਜਾ ਸੀ ਕਿ ਅਜਿਹੇ ਪਸ਼ੂਧਨ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਪਸ਼ੂ ਪਾਲਕਾਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨੂੰ ਹੋਰ ਵੀ ਅੱਗੇ ਵਧਣ ਲਈ ਉਤਸਾਹਿਤ ਕੀਤਾ ਜਾ ਸਕੇ। ਇਸ ਦੌਰਾਨ ਘੋੜੀਆਂ ਅਤੇ ਊਠਾਂ ਦੇ ਨਾਚ ਦੌਰਾਨ ਦਰਸ਼ਕ ਦੁਲਹਨਾਂ ਵਾਂਗ ਸਜਾਏ ਊਠ ਘੋੜੀਏ ਵੇਖ ਵੇਖ ਕੇ ਅਸ਼‑ਅਸ਼ ਕਰ ਉੱਠੇ।
ਇਸ ਮੌਕੇ ਅੱਜ ਵੈਟਰਨਰੀ ਕੌਂਸਲ ਆਫ ਪੰਜਾਬ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਸਬੰਧੀ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ। ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ। ਗੱਤਕਾ ਪਾਰਟੀ ਅਤੇ ਸਭਿਆਚਾਰਕ ਸਮੂਹਾਂ ਨੇ ਪੰਜਾਬ ਦੀ ਵਿਰਾਸਤ ਦੇ ਰੰਗ ਵਖੇਰੇ।
ਇਸ ਮੌਕੇ ਡਾ: ਐਸ. ਐਸ. ਰੰਧਾਵਾ, ਡਾ: ਆਰ.ਐਸ. ਸਹੋਤਾ, ਡਾ: ਕਮਲ ਕੁਮਾਰ ਗਰਗ ਜੀ.ਏ.ਟੂ.ਡੀ.ਸੀ., ਸ: ਦਲਵਿੰਦਰਜੀਤ ਸਿੰਘ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਡਾ: ਪ੍ਰਵੀਨ ਗਾਂਧੀ ਡਿਪਟੀ ਡਾਇਰੈਕਟਰ ਸ੍ਰੀ ਮੁਕਤਸਰ ਸਾਹਿਬ, ਡਾ: ਪਰਮਪਾਲ ਸਿੰਘ ਪੀ.ਆਰ.ਓ. ਪਸ਼ੂ ਪਾਲਣ ਵਿਭਾਗ ਆਦਿ ਵੀ ਹਾਜਰ ਸਨ।