ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ-2011 ਅੱਜ ਧੂਮਧਾਮ ਨਾਲ ਇੱਥੇ ਸੰਪਨ ਹੋ ਗਈ। ਅੱਜ ਹੋਏ ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਸ: ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਐਸ.ਸੀ.ਬੀ.ਸੀ. ਭਲਾਈ ਵਿਭਾਗ ਸਨ ਜਦ ਕਿ ਸਮਾਗਮ ਦੀ ਪ੍ਰਧਾਨਗੀ ਸ: ਮਨਜੀਤ ਸਿੰਘ ਬਰਕੰਦੀ ਪ੍ਰਧਾਨ ਸ਼ੋਮਣੀ ਅਕਾਲੀ ਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ ਅਤੇ ਵਿਸੇਸ਼ ਮਹਿਮਾਨ ਵਜੋਂ ਡਾ: ਏ.ਕੇ. ਗਹਿਲੋਤ ਵਾਈਸ ਚਾਂਸਲਰ ਰਾਜਸਥਾਨ ਵੈਟਰਨਰੀ ਯੂਨੀਵਰਸਿਟੀ ਬੀਕਾਨੇਰ ਸਨ। ਇਸ ਮੌਕੇ ਨਗਰ ਕੌਂਸ਼ਲ ਦੇ ਪ੍ਰਧਾਨ ਸ: ਮਿੱਤ ਸਿੰਘ ਬਰਾੜ, ਸ: ਬਲਸ਼ੇਰ ਸਿੰਘ ਬਾਦਲ ਡਾਇਰੈਕਟਰ ਬੋਰਡ ਆਫ ਮੈਨੇਜਮੈਂਟ ਗਡਵਾਸੂ ਵੀ ਹਾਜਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਰਣੀਕੇ ਨੇ ਕਿਹਾ ਕਿ ਕੇਵਲ ਖੇਤੀ ਕਰਕੇ ਕਿਸਾਨ ਲਈ ਆਪਣੀ ਆਰਥਿਕਤਾ ਨੂੰ ਚਲਾਉਣਾ ਮੁਸ਼ਕਿਲ ਹੋ ਰਿਹਾ ਸੀ, ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਸਹਾਇਕ ਕਿੱਤੇ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਪਸ਼ੂ ਪਾਲਕਾਂ ਵਿਚ ਨਸਲ ਸੁਧਾਰ ਅਤੇ ਪਸ਼ੂ ਪਾਲਣ ਦੀਆਂ ਨਵੀਆਂ ਵਿਗਿਆਨਕ ਤਕਨੀਕਾਂ ਬਾਰੇ ਚੇਤਨਾ ਵਧੀ ਹੈ। ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਪਿਛਲੇ ਪੰਜ ਸਾਲ ਵਿਚ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਲਈ ਇਕ ਤੋਂ ਵਧ ਕੇ ਇਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪੰਜਾਬ ਸਰਕਾਰ ਨੇ 800 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਡੇਅਰੀ ਸਿਖਲਾਈ ਕੇਂਦਰ ਕ੍ਰਮਵਾਰ ਗਿੱਲ-ਮੋਗਾ, ਵੇਰਕਾ-ਅੰਮ੍ਰਿਤਸਰ ਅਤੇ ਅਬੁੱਲ ਖੁਰਾਣਾ ਸ੍ਰੀ ਮੁਕਤਸਰ ਸਾਹਿਬ ਵਿਚ ਸਥਾਪਤ ਕੀਤੇ ਗਏ ਹਨ। ਇਸ ਦੌਰਾਨ 8516 ਨਵੇਂ ਡੇਅਰੀ ਯੂਨਿਟ ਸਥਾਪਤ ਕੀਤੇ ਗਏ ਹਨ। ਡੇਅਰੀ ਫਾਰਮ ਸ਼ੁਰੂ ਕਰਨ ਵਾਲੇ ਕਿਸਾਨਾਂ ਨੂੰ ਪਸ਼ੂਆਂ ਦੀ ਖਰੀਦ, ਢਾਰਿਆਂ ਦੇ ਨਿਰਮਾਣ, ਪਸ਼ੂ ਬੀਮੇ ਅਤੇ ਪਸ਼ੂ ਪਾਲਣ ਨਾਲ ਸਬੰਧਤ ਸੰਦਾਂ, ਹਰੇ ਚਾਰੇ ਦੇ ਬੀਜਾਂ ‘ਤੇ ਵੱਡੀਆਂ ਸਬਸਿਡੀਆਂ ਪੰਜਾਬ ਸਰਕਾਰ ਦੇ ਰਹੀ ਹੈ।
ਇਸ ਤੋਂ ਬਿਨ੍ਹਾਂ ਪਸ਼ੂ ਪਾਲਕਾਂ ਨੂੰ ਬੇਹਤਰ ਸਹੁਲਤਾਂ ਦੇਣ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਨੇ 9 ਨਵੀਆਂ ਪੋਲੀਕਲੀਨਕਾਂ ਦੀ ਸਥਾਪਨਾ ਤੋਂ ਇਲਾਵਾ 10 ਪੁਰਾਣੀਆਂ ਪੋਲੀਕਲੀਨਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਨਵੀਂ ਭਰਤੀ ਕੀਤੀ ਗਈ ਹੈ। ਵਿਭਾਗ ਵਿਚ 125 ਵੈਟਰਨਰੀ ਡਾਕਟਰਾਂ ਅਤੇ 300 ਨਵੇਂ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਦੇ ਨਾਲ ਨਾਲ 582 ਰੂਰਲ ਵੈਟਰਨਰੀ ਅਫ਼ਸਰ ਪੱਕੇ ਕੀਤੇ ਗਏ ਹਨ। ਨਸਲ ਸੁਧਾਰ ਲਈ ਜਿੱਥੇ ਵਿਦੇਸ਼ਾ ਤੋਂ ਟੀਕੇ ਮੰਗਵਾਏ ਗਏ ਉੱਥੇ ਭਾਰਤੀ ਨਸਲਾਂ ਨੀਲੀ ਰਾਵੀ ਅਤੇ ਸਾਹੀਵਾਲ ਦੀ ਨਸਲ ਸੁਧਾਰ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿਖੇ ਫਾਰਮ ਦੀ ਸਥਾਪਨਾ ਕੀਤੀ ਗਈ। ਬਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ ਲਈ ਵੀ ਸਹਾਇਤਾ ਕੀਤਾ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਸ: ਰਣੀਕੇ ਨੇ ਕਿਹਾ ਕਿ ਮਾਘੀ ਦੇ ਮੌਕੇ ਠੰਡ ਬਹੁਤ ਜਿਆਦਾ ਵਧ ਜਾਂਦੀ ਹੈ ਅਤੇ ਆਮ ਤੌਰ ‘ਤੇ ਮਾਘੀ ਦੇ ਆਸ-ਪਾਸ ਪੰਜਾਬ ਵਿਚ ਮੀਂਹ ਵੀ ਪੈਂਦਾ ਹੈ ਇਸ ਕਾਰਨ ਇਹ ਮੁਕਾਬਲੇ ਥੋੜੀ ਅਗੇਤ ਨਾਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗਊ ਬੋਰਡ ਅਵਾਰਾ ਪਸ਼ੂਆਂ ਦੀ ਰੋਕਥਾਮ ਲਈ ਢੁਕਵੇਂ ਉਪਰਾਲੇ ਕਰੇਗਾ।
ਇਸ ਮੌਕੇ ਸ: ਰਣੀਕੇ ਨੇ ਮੇਲੇ ਦਾ ਦੌਰਾ ਕਰਦਿਆਂ ਦੱਸਿਆ ਕਿ ਇਸ ਮੇਲੇ ਵਿਚ 4300 ਤੋਂ ਵਧੇਰੇ ਪਸ਼ੂ ਪੁੱਜੇ ਹਨ ਜਿੰਨ੍ਹਾਂ ਵਿਚੋਂ 500 ਤੋਂ ਵਧੇਰੇ ਦੂਜੇ ਰਾਜਾਂ ਤੋਂ ਆਏ ਸਨ ਅਤੇ ਇੰਨ੍ਹਾਂ ਦੇ 53 ਵਰਗਾਂ ਵਿਚ ਮੁਕਾਬਲੇ ਹੋਏ ਹਨ ਅਤੇ ਜੇਤੂਆਂ ਨੂੰ 55 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਜੇਤੂਆਂ ਨੂੰ ਖੁਦ ਇਨਾਮ ਤਕਸੀਮ ਕੀਤੇ। ਇਸ ਮੌਕੇ ਅੱਜ ਵੱਖ ਵੱਖ ਸਭਿਆਚਾਰਕ ਸਮੂਹਾਂ ਨੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੀ ਕਲਾ ਦੇ ਜੌਹਰ ਵਿਖਾਏ ਅਤੇ ਪੁਲਿਸ ਦੇ ਜਾਂਬਾਜ ਮੋਟਰਸਾਈਕਲ ਸਵਾਰਾਂ ਨੇ ਕਰਤਬ ਅਤੇ ਪੁਲਿਸ ਬੈਂਡ ਨੇ ਵੀ ਆਪਣੇ ਫ਼ਨ ਦਾ ਮੁਜ਼ਹਰਾ ਕੀਤਾ। ਵਿਭਾਗ ਦੇ ਡਾਇਰੈਕਟਰ ਡਾ: ਐਚ. ਐਸ. ਸੰਧਾ ਨੇ ਚੈਂਪੀਅਨਸ਼ਿਪ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸ: ਸੁਖਵਿੰਦਰਪਾਲ ਸਿੰਘ ਗਰਚਾ, ਸ: ਸਵਰਨ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨਸਾ, ਏ.ਡੀ.ਸੀ. ਸ੍ਰੀ ਉਮਾ ਸੰਕਰ, ਜੀ.ਏ.ਟੂ.ਡੀ.ਸੀ. ਸ੍ਰੀ ਕਮਲ ਕੁਮਾਰ ਗਰਗ, ਐਸ.ਡੀ.ਐਮ. ਸ: ਦਲਵਿੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਸ੍ਰੀ ਪ੍ਰਵੀਨ ਗਾਂਧੀ, ਡਿਪਟੀ ਡਾਇਰੈਕਟਰ ਸ੍ਰੀ ਰਵੀ ਭੂਸਣ, ਸ: ਪਰਮਪਾਲ ਸਿੰਘ ਮੈਂਬਰ ਮੈਨੇਜਮੈਂਟ ਬੋਰਡ ਗਡਵਾਸੂ, ਸ: ਗੁਰਚਰਨ ਸਿੰਘ ਆਦਿ ਵੀ ਹਾਜਰ ਸਨ।