ਲਾਹੌਰ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਜਨਵਰੀ ਵਿੱਚ ਵਾਪਿਸ ਆਪਣੇ ਦੇਸ਼ ਪਰਤਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਵੀਡੀਓ ਕਾਨਫਰੇਸਿੰਗ ਦੁਆਰਾ ਆਪਣੀ ਪਾਰਟੀ ‘ਆਲ ਪਾਕਿਸਤਾਨ ਮੁਸਲਿਮ ਲੀਗ’ ਦੇ ਵਰਕਰਾਂ ਨੂੰ ਸੰਬੋਧਨ ਕਰਕੇ ਆਪਣੀ ਯੋਜਨਾ ਤੋਂ ਜਾਣੂੰ ਕਰਵਾਇਆ। ਵਰਤਮਾਨ ਰਾਜਨੀਤਕ ਸਥਿਤੀ ਨੂੰ ਵੇਖਦੇ ਹੋਏ ਉਹ ਜਲਦ ਤੋਂ ਜਲਦ ਪਾਕਿਸਤਾਨ ਪਰਤਣਾ ਚਾਹੁੰਦੇ ਹਨ।
ਲਾਹੌਰ ਦੇ ਨਸੀਰ ਬਾਗ ਵਿੱਚ ਆਯੋਜਿਤ ਇੱਕ ਬੈਠਕ ਨੂੰ ਵੀਡੀਓ ਦੁਆਰਾ ਸੰਬੋਧਿਤ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਕਿ ਪਾਕਿਸਤਾਨ ਵਿੱਚ ਇਸ ਸਮੇਂ ਬਦਲਾਅ ਦੀ ਲੋੜ ਹੈ। ਸੈਨਾ ਨੂੰ ਰਾਜਨੀਤੀ ਵਿੱਚ ਘਸੀਟਣ ਨਾਲ ਲੋਕਾਂ ਦੀਆਂ ਸਮਸਿਆਵਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਗੁਪਤ ਪੱਤਰਵਿਹਾਰ ਦੇ ਮਾਮਲੇ ਦੀ ਆੜ ਲੇ ਕੇ ਖੁਫ਼ੀਆ ਏਜੰਸੀ ਆਈਐਸਆਈ ਅਤੇ ਸੈਨਾ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਹਨ।ਜਨਰਲ ਮੁਸ਼ਰੱਫ਼ ਨੇ ਕਿਹਾ ਕਿ ਦੁਸ਼ਮਣਾਂ ਨੂੰ ਪਤਾ ਹੈ ਕਿ ਆਈਐਸਆਈ ਅਤੇ ਸੈਨਾ ਨੂੰ ਕਮਜੋਰ ਕਰਕੇ ਹੀ ਪਾਕਿਸਤਾਨ ਨੂੰ ਕਮਜੋਰ ਕੀਤਾ ਜਾ ਸਕਦਾ ਹੈ। ਬਦਕਿਸਮਤੀ ਨਾਲ ਕੁਝ ਲੋਕ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਰਾਜਨੀਤਕ ਨੇਤਾਵਾਂ ਦੀ ਸੰਪਤੀ ਸਰਵਜਨਿਕ ਹੋਣੀ ਚਾਹੀਦੀ ਹੈ। ਉਹ 2013 ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਿੱਸਾ ਲੈਣ ਦੀ ਘੋਸ਼ਣਾ ਪਹਿਲਾਂ ਹੀ ਕਰ ਚੁੱਕੇ ਹਨ।