ਕਾਬੁਲ- ਅਫ਼ਗਾਨਿਸਤਾਨ ਵਿੱਚ ਲੰਬੇ ਸਮੇਂ ਤੋਂ ਤਾਲਿਬਾਨ ਨਾਲ ਜਾਰੀ ਜੰਗ ਨੂੰ ਸਮਾਪਤ ਕਰਨ ਦੇ ਮਕਸਦ ਵਿੱਚ ਅਮਰੀਕਾ ਨੂੰ ਸਫ਼ਲਤਾ ਮਿਲਦੀ ਵਿਖਾਈ ਦੇ ਰਹੀ ਹੈ। ਪਿੱਛਲੇ ਦਸ ਮਹੀਨਿਆਂ ਤੋਂ ਅੱਤਵਾਦੀ ਸੰਗਠਨਾਂ ਨਾਲ ਚੱਲ ਰਹੀਆਂ ਗੁਪਤ ਮੀਟਿੰਗਾਂ ਤੋਂ ਬਾਅਦ ਅਮਰੀਕਾ ਵੱਲੋਂ ਇਹ ਕਿਹਾ ਗਿਆ ਹੈ ਕਿ ਤਾਲਿਬਾਨ ਨਾਲ ਚਲ ਰਹੀ ਸ਼ਾਂਤੀ ਗੱਲਬਾਤ ਨਿਰਣਾਇਕ ਦੌਰ ਵਿੱਚ ਪਹੁੰਚ ਗਈ ਹੈ।
ਤਾਲਿਬਾਨ ਨਾਲ ਸਮਝੌਤਾ ਵਾਰਤਾ ਓਬਾਮਾ ਸਰਕਾਰ ਦੀ ਅਫ਼ਗਾਨਿਸਤਾਨ ਨੀਤੀ ਅਨੁਸਾਰ ਹੀ ਚਲ ਰਹੀ ਹੈ। ਅਮਰੀਕੀ ਅਧਿਕਾਰੀਆਂ ਨੇ ਤਾਲਿਬਾਨ ਆਗੂਆਂ ਨਾਲ ਜਰਮਨੀ ਅਤੇ ਦੋਹਾ ਵਿੱਚ ਛੇਅ ਵਾਰ ਗੱਲਬਾਤ ਕੀਤੀ ਹੈ।ਅਮਰੀਕੀ ਅਧਿਕਾਰੀਆਂ ਨੇ ਤਾਲਿਬਾਨ ਆਗੂਆਂ ਨੂੰ ਕਿਹਾ ਹੈ ਕਿ ਉਹ ਆਪਣੇ ਵੱਲੋਂ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਬਹਾਲੀ ਲਈ ਪਹਿਲ ਕਰਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ਕਰਜ਼ਈ ਸਰਕਾਰ ਨਾਲ ਰਾਜਨੀਤਕ ਪੱਧਰ ਤੇ ਗੱਲਬਾਤ ਕਰਨ ਦੀ ਇੱਛਾ ਜਾਹਿਰ ਕਰਨ। ਅਮਰੀਕਾ ਗੁਆਂਤਾਨਾਮੋ ਜੇਲ੍ਹ ਵਿੱਚ ਬੰਦ ਕੁਝ ਤਾਲਿਬਾਨ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ਸਰਕਾਰ ਦੇ ਹਵਾਲੇ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਇਹ ਵਾਰਤਾ ਸਫ਼ਲ ਹੋ ਜਾਂਦੀ ਹੈ ਤਾਂ ਅਮਰੀਕਾ ਅਫ਼ਗਾਨਿਸਤਾਨ ਤੋਂ ਬਾਹਰ ਵੀ ਤਾਲਿਬਾਨ ਨੂੰ ਦਫ਼ਤਰ ਖੋਲਣ ਵਿੱਚ ਮੱਦਦ ਕਰੇਗਾ। ਅਮਰੀਕਾ ਦੀ ਇਹ ਸ਼ਰਤ ਵੀ ਹੈ ਕਿ ਤਾਲਿਬਾਨ ਉਸ ਦਫ਼ਤਰ ਦੀ ਵਰਤੋਂ ਫੰਡ ਇੱਕਠਾ ਕਰਨ ਜਾਂ ਆਪਣੀ ਹਕੂਮਤ ਬਣਾਉਣ ਲਈ ਨਹੀਂ ਕਰੇਗਾ। ਤਾਲਿਬਾਨ ਕਿਸੇ ਮੁਸਲਿਮ ਦੇਸ਼ ਵਿੱਚ ਆਪਣਾ ਦਫ਼ਤਰ ਖੋਲ੍ਹਣਾ ਚਾਹੁੰਦੇ ਹਨ।