ਨਵੀਂ ਦਿੱਲੀ – 20 ਦਸੰਬਰ 2011 ਨੂੰ ਭਾਰਤ ਦੀਆਂ ਵੱਖ-ਵੱਖ ਸਟੇਟਾਂ ਤੋਂ ਪੁੱਜੀਆਂ ਹਜ਼ਾਰਾਂ ਸਿੱਖ ਸੰਗਤਾਂ ਨੇ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਦੀ ਅਗਵਾਈ ਵਿਚ ਰਾਜਧਾਨੀ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਅਰਦਾਸ ਕਰਕੇ ਜੰਤਰ-ਮੰਤਰ ਰੋਡ ਤੱਕ ਭਾਰੀ ਰੋਸ ਮਾਰਚ ਕੀਤਾ। ਸਿੱਖ ਸੰਗਤਾਂ ਨੇ ਮੰਗ ਕੀਤੀ ਕਿ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪਉੜੀ, ਹਰਿਦੁਆਰ ਦੀ ਮੁੜ ਉਸਾਰੀ ਲਈ ਉਹੀ ਪਹਿਲੀ ਜਗ੍ਹਾ ਸਿੱਖ ਸੰਗਤਾਂ ਦੇ ਹਵਾਲੇ ਕੀਤੀ ਜਾਵੇ, ਜਿਸ ਉਪਰ 27 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਸਥਾਪਿਤ ਸੀ । ਜ਼ਿਕਰੇ ਖਾਸ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਵੇਲੇ ਜਿੱਥੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਸਿੱਖ ਵਿਰੋਧੀਆਂ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਢਹਿ-ਢੇਰੀ ਕਰ ਦਿੱਤੀਆਂ ਗਈਆਂ ਸਨ ਉਥੇ ਇਸ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਇਮਾਰਤ ਨੂੰ ਵੀ ਮਲੀਆਮੇਟ ਕਰ ਦਿੱਤਾ ਗਿਆ ਸੀ । ਨੀਲੀਆਂ, ਪੀਲੀਆਂ, ਕਾਲੀਆਂ ਦਸਤਾਰਾਂ ਨਾਲ ਸਜੇ ਹਜ਼ਾਰਾਂ ਸਿੱਖਾਂ ਨੇ ਰਾਜਧਾਨੀ ਦਿੱਲੀ ਵਿਚ ਹਲਚਲ ਪੈਦਾ ਕਰ ਦਿੱਤੀ । ਪਿਛਲੇ ਦੋ ਦਿਨਾਂ ਤੋਂ ਹੀ ਸਿੱਖ ਸੰਗਤਾਂ ਦੇ ਵਿਸ਼ਾਲ ਜਥੇ ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ, ਯੂ. ਪੀ. ਅਤੇ ਜੰਮੂ-ਕਸ਼ਮੀਰ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ, ਬੰਗਲਾ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਸਨ । ਅੱਜ ਦੁਪਹਿਰ 12 ਵਜੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਜਿਉਂ ਹੀ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਮਾਰਦੀਆਂ ਸਿੱਖ ਸੰਗਤਾਂ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਨੂੰ ਰਵਾਨਾ ਹੋਈਆਂ, ਪੁਲਿਸ ਦੇ ਸਖਤ ਪਹਿਰੇ ਹੇਠ ਇਸ ਰੋਸ ਮਾਰਚ ਨੂੰ ਜੰਤਰ-ਮੰਤਰ ਰੋਡ, ਪਾਰਲੀਮੈਂਟ ਸਟਰੀਟ ਥਾਣੇ ਦੇ ਨਜਦੀਕ ਰੋਕ ਦਿੱਤਾ ਗਿਆ । ਜਿੱਥੇ ਲੱਗੇ ਬੈਰੀਕੇਡਾਂ ਦੇ ਕੋਲ ਸਿੱਖ ਸੰਗਤਾਂ ਦੇ ਦੇ ਵਿਸ਼ਾਲ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਨੇ ਕਿਹਾ ਕਿ ਅੱਜ ਆਜ਼ਾਦ ਭਾਰਤ ਅੰਦਰ ਸਿੱਖਾਂ ਨਾਲ ਗੁਲਾਮਾਂ ਵਾਲਾ ਵਿਤਕਰਾ ਕੀਤਾ ਜਾ ਰਿਹਾ ਹੈ । ਸਾਡੇ ਪਵਿੱਤਰ ਧਾਰਮਿਕ ਅਸਥਾਨਾਂ ਉਪਰ ਸਿੱਖ ਵਿਰੋਧੀ ਹਕੂਮਤ ਦੇ ਇਸ਼ਾਰੇ ਉਤੇ ਕਬਜੇ ਕੀਤੇ ਜਾ ਰਹੇ ਹਨ । ਉਨ੍ਹਾਂ ਸਿੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਅਸੀਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਤੱਕ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਸਾਨੂੰ ਇਸ ਵਾਸਤੇ ਕਿੱਡੀ ਵੱਡੀ ਤੋਂ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਅਸੀਂ ਇਸ ਤੋਂ ਪਿਛਾਂਹ ਨਹੀਂ ਹਟਾਂਗੇ ।ਆਲ ਇੰਡੀਆ ਸਿੱਖ ਕਾਨਫਰੰਸ਼ ਦੇ ਪ੍ਰਧਾਨ ਸ: ਗੁਰਚਰਨ ਸਿੰਘ ਬੱਬਰ, ਜਿਨ੍ਹਾਂ ਨੂੰ ਅੱਜ ਸਵੇਰੇ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਆਪਣੇ ਘਰ ਵਿਚ ਹੀ ਹਾਊਸ ਅਰੈਸਟ ਕਰ ਲਿਆ ਸੀ ਨੇ ਧਰਨੇ ਵਿਚ ਪਹੁੰਚ ਕੇ ਦਿੱਲੀ ਪੁਲਿਸ ਉਪਰ ਇਲਜ਼ਾਮ ਲਗਾਇਆ ਕਿ ਪੁਲਿਸ ਜਾਣ ਬੁੱਝ ਕੇ ਭੜਕਾਹਟ ਪੈਦਾ ਕਰ ਰਹੀ ਹੈ । ਜਦ ਕਿ ਸਾਡਾ ਪ੍ਰਦਰਸ਼ਨ ਪੂਰਨ ਤੌਰ ਤੇ ਸ਼ਾਂਤਮਈ ਸੀ ਅਤੇ ਸ਼ਾਂਤਮਈ ਰਹੇਗਾ । ਅਸੀਂ ਜਗਤ ਗੁਰੂ ਬਾਬਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਹਾਸਕ ਧਰਤੀ ਨੂੰ ਹਾਸਿਲ ਕਰਕੇ ਹੀ ਦਮ ਲਵਾਂਗੇ । ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚੇ ਦੇ ਕੁੰਵਰ ਜੁਪਿੰਦਰ ਸਿੰਘ ਸੈਂਕੜੇ ਸਿੱਖ ਸੰਗਤਾਂ ਨਾਲ ਇਸ ਮੋਰਚੇ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਉਤਰਾਖੰਡ ਵਿਚ ਸਿੱਖਾਂ ਨਾਲ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਗੁਰਦੁਆਰਾ ਗਿਆਨ ਗੋਦੜੀ ਵਾਪਿਸ ਲੈ ਕੇ ਰਹਾਂਗੇ । ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦਿੱਲੀ ਵਿਖੇ ਅੱਜ ਦਾ ਰੋਸ ਪ੍ਰਦਰਸ਼ਨ ਭਾਰਤ ਸਰਕਾਰ, ਉਤਰਾਖੰਡ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਅੱਖਾ ਖੋਲ੍ਹਣ ਲਈ ਅਜੇ ਸੰਕੇਤਕ ਸੰਘਰਸ਼ ਹੈ । ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਦੀ ਅਗਵਾਈ ਵਿਚ ਇਸ ਸੰਘਰਸ਼ ਨੂੰ ਹੋਰ ਪ੍ਰਚੰਡ ਕਰਾਂਗੇ । ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪੰਚ ਅਤੇ ਪੰਜਾਬ ਦੇ ਹਲਕਾ ਫਿਲੌਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਕੇਂਦਰੀ ਅਤੇ ਰਾਜ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ ਤੇ ਹੁਣ 27 ਸਾਲ ਪਹਿਲਾਂ ਹੋਏ ਭਿਆਨਕ ਸਿੱਖ ਕਤਲੇਆਮ ਦੌਰਾਨ ਸਾਡੇ ਪਵਿੱਤਰ ਇਤਹਾਸਕ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੇ ਹਕੂਮਤ ਦੀ ਸ਼ਹਿ ਨਾਲ ਕਬਜਾ ਕੀਤਾ ਗਿਆ ਹੈ । ਜੋ ਕਿ ਸਿੱਖ ਕੌਮ ਲਈ ਬਰਦਾਸ਼ਤ ਦੀ ਹੱਦ ਤੋਂ ਬਾਹਰ ਦੀ ਗੱਲ ਹੈ । ਉਨ੍ਹਾਂ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦੀ ਅਗਵਾਈ ਵਿਚ ਲੜੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਇਸ ਮਿਸ਼ਨ ਦੀ ਪ੍ਰਾਪਤੀ ਤੱਕ ਸਾਡੀ ਜੱਦੋਜਹਿਦ ਜਾਰੀ ਰਹੇਗੀ । ਇਸ ਸਮੇਂ ਪੰਥਕ ਸੇਵਾ ਲਹਿਰ ਦੇ ਪੰਜ ਮੁਖੀਆਂ ਚੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਅਨੂਪ ਸਿੰਘ ਨਵਾਬਗੰਜ, ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ, ਬਾਬਾ ਕਸ਼ਮੀਰਾ ਸਿੰਘ, ਬਾਬਾ ਸਤਨਾਮ ਸਿੰਘ ਦਿਨੇਸ਼ਪੁਰ, ਬਾਬਾ ਅਵਤਾਰ ਸਿੰਘ ਝੋਕ ਹਰੀਹਰ, ਬਾਬਾ ਅਜੀਤਪਾਲ ਸਿੰਘ ਪਾਲੀ ਫਿਰੋਜ਼ਪੁਰ, ਬਾਬਾ ਸੁਖਜੀਤ ਸਿੰਘ ਫਿਰੋਜ਼ਪੁਰ, ਬਾਬਾ ਸਤਨਾਮ ਸਿੰਘ ਭਾਈ ਲੱਧਾ ਜੀ ਪਰਉਪਕਾਰੀ, ਬਾਬਾ ਸੰਤੋਖ ਸਿੰਘ, ਬਾਬਾ ਧਰਮਵੀਰ ਸਿੰਘ ਘਰਾਂਗਣਾ, ਬਾਬਾ ਦਿਲਬਾਗ ਸਿੰਘ ਸਭਰਾਵਾਂ, ਬਾਬਾ ਅਮਰਜੀਤ ਸਿੰਘ ਮਰਯਾਦਾ ਕਣਕਵਾਲ ਭੰਗੂਆਂ, ਸੁਖਦੇਵ ਸਿੰਘ ਡੋਡ, ਬੇਦਾਗ ਅਤੇ ਪੰਥਕ ਸਿਆਸਤਦਾਨ ਸ: ਤਰਲੋਚਨ ਸਿੰਘ ਤੁੜ ਸਾਬਕਾ ਐਮ. ਪੀ, ਦਸਮੇਸ਼ ਖਾਲਸਾ ਫੌਜ ਯੂ.ਪੀ ਦੇ ਭਾਈ ਤਿਰਲੋਕ ਸਿੰਘ ਨਿਘਾਸਨ, ਪੰਥਕ ਸੇਵਾ ਲਹਿਰ ਯੂ ਪੀ ਦੇ ਭਾਈ ਸੁਖਦੇਵ ਸਿੰਘ ਮਿਲਖ, ਬਾਬਾ ਬਲਕਾਰ ਸਿੰਘ ਯੂ ਪੀ, ਭਾਈ ਰੁਪਿੰਦਰ ਸਿੰਘ ਫਰੀਦਕੋਟ, ਭਾਈ ਸ਼ਿਵਰਾਜ ਸਿੰਘ ਅਲੀਕਾ, ਬਾਬੂ ਸਿੰਘ ਦੁਖੀਆ ਪ੍ਰਧਾਨ ਦੰਗਾ ਪੀੜਤ ਸੁਸਾਇਟੀ ਦਿੱਲੀ, ਹਰਪ੍ਰੀਸਿੰਘ ਰਾਜਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦਿੱਲੀ, ਭਾਈ ਹਿੰਮਤ ਸਿੰਘ ਸ਼ਕੂਰ ਏਕਨੂਰ ਖਾਲਸਾ ਫੌਜ, ਭਾਈ ਜਸਪਾਲ ਸਿੰਘ ਚਾਚੋਕੀ, ਭਾਈ ਗੁਰਪਾਲ ਸਿੰਘ ਮਾਨਾ, ਨਛੱਤਰ ਸਿੰਘ ਨੰਬਰਦਾਰ, ਭਾਈ ਸੋਹਣ ਸਿੰਘ ਗਰੇਵਾਲ ਦਾਦੂ ਸਾਹਿਬ, ਜਥੇਦਾਰ ਪ੍ਰਤਾਪ ਸਿੰਘ ਰਾਏਕੇ ਕਲਾਂ, ਨਿਹੰਗ ਸਿੰਘ ਜਥੇਬੰਦੀ ਮਾਲਵਾ ਤਰਨਾ ਦਲ ਇੰਟਰਨੈਸ਼ਨਲ ਦੇ ਬਾਬਾ ਰਾਜਾਰਾਜ ਸਿੰਘ, ਭਾਈ ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਦਿੱਲੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਵਿੰਗ, ਲੰਗਰ ਕਮੇਟੀਆਂ ਅਤੇ ਸੇਵਾ ਸੁਸਾਇਟੀਆਂ ਆਦਿ ਵੀ ਸੰਗਤਾਂ ਸਮੇਤ ਹਾਜ਼ਰ ਹੋਏ । ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਧਰਨੇ ਵਿਚ ਬੈਠੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਛਕਾਇਆ ਗਿਆ । ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ । ਰਾਤ 8 ਵਜੇ ਤੱਕ ਭਾਜਪਾ ਦੇ ਕਿਸੇ ਵੀ ਜਿੰਮੇਵਾਰ ਨੇਤਾ ਵੱਲੋਂ ਸੜਕ ਉਪਰ ਠੰਡ ਦੇ ਮੌਸਮ ਦੇ ਬਾਵਜੂਦ ਅਡੋਲ ਬੈਠੀਆਂ ਸੰਗਤਾਂ ਨਾਲ ਉਨ੍ਹਾਂ ਦੀ ਮੰਗ ਸੁਣਨ ਲਈ ਕੋਈ ਰਾਬਤਾ ਕਾਇਮ ਨਾ ਕੀਤਾ ਗਿਆ ਸਗੋਂ ਰਾਤ 8 ਵਜੇ ਦਿੱਲੀ ਪੁਲਿਸ ਨੇ ਅਨਾਊਂਸਮੈਂਟ ਕੀਤੀ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕੋਈ ਵੀ ਦੇਰ ਰਾਤ ਤੱਕ ਰੋਡ ਜਾਮ ਕਰਕੇ ਧਰਨਾ ਨਹੀਂ ਲਗਾ ਸਕਦਾ, ਤੁਸੀਂ ਸਾਰੇ ਤੁਰੰਤ ਇਥੋਂ ਉਠ ਕੇ ਚਲੇ ਜਾਓ । ਪਰ ਸਿਰੜ ਤੇ ਸਿਦਕ ਨਾਲ ਬੈਠੀਆਂ ਸੰਗਤਾਂ ਵਿਚੋਂ ਜਦੋਂ ਕੋਈ ਵੀ ਧਰਨੇ ਵਾਲੀ ਜਗ੍ਹਾਂ ਤੋਂ ਨਾ ਹਿੱਲਿਆ ਤਾਂ ਸੰਤ ਦਾਦੂਵਾਲ, ਗੁਰਚਰਨ ਸਿੰਘ ਬੱਬਰ, ਹੋਰਨਾਂ ਆਗੂਆਂ ਸਮੇਤ 8 ਹਜ਼ਾਰ ਸੰਗਤਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿਚ ਥਾਣੇ ਵਿਚ ਜਗ੍ਹਾ ਦੀ ਘਾਟ ਦਾ ਬਹਾਨਾ ਲਾ ਕੇ ਰਿਹਾ ਦਿੱਤਾ ਗਿਆ । ਬਾਅਦ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੰਥਕ ਆਗੂਆਂ ਨਾਲ ਮੀਟਿੰਗ ਕਰਕੇ ਸੰਤ ਦਾਦੂਵਾਲ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਅਗਲੀ ਰਣਨੀਤੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਫਤਹਿਗੜ੍ਹ ਸਾਹਿਬ ਸਰਹਿੰਦ ਵਿਖੇ 26 ਦਸੰਬਰ ਨੂੰ ਦੁਪਹਿਰ 12 ਵਜੇ ਵੱਡੀ ਕਾਨਫਰੰਸ ਕਰਕੇ ਗੁਰਦੁਆਰਾ ਗਿਆਨ ਗੋਦੜੀ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ।