ਤਾਇਆ ਆਪਣੀ ਬੈਠਕ ਵਿਚ ਆਪਣੀ ਮਹਿਫ਼ਲ ਦੇ ਸਾਥੀਆਂ ਸਮੇਤ ਬੈਠਾ ਹੋਇਆ ਪੰਜਾਬ ਅਤੇ ਭਾਰਤ ਦੀਆਂ ਸਮਸਿਆਵਾਂ ਸਬੰਧੀ ਗੱਲਬਾਤ ਕਰ ਰਿਹਾ ਸੀ। ਹਮੇਸ਼ਾਂ ਵਾਂਗ ਇਸ ਮੀਟਿੰਗ ਵਿਚ ਹੋਰਨਾਂ ਮੈਂਬਰਾਂ ਤੋਂ ਸਿਵਾਏ ਸ਼ੀਤਾ, ਮਾਸਟਰ ਧਰਮਾ, ਕ੍ਰਿਸਮਿਸ ਦੀਆਂ ਛੁੱਟੀਆਂ ਬਿਤਾਉਣ ਲਈ ਪਹੁੰਚਿਆ ਮਾਸਟਰ ਜਗੀਰ, ਕਮਾਲਪੁਰੀਆ ਗੱਪੀ, ਨਿਹਾਲਾ ਅਮਲੀ ਅਤੇ ਹੋਰ ਬਾਕੀ ਸਾਰੇ ਮੈਂਬਰ ਮਹਿਫ਼ਲ ਦੀ ਸ਼ਾਨ ਵਧਾ ਰਹੇ ਸਨ।
ਸ਼ੀਤੇ ਨੇ ਮਾਸਟਰ ਜਗੀਰ ਸਿੰਘ ਨੂੰ ਬੈਠਕ ਵਿਚ ਕਾਫ਼ੀ ਅਰਸੇ ਬਾਅਦ ਪਹੁੰਚਣ ਦੀ ਵਧਾਈ ਦਿੰਦਿਆ ਕਿਹਾ, “ਲੈ ਬਈ! ਅੱਜ ਤਾਂ ਆਪਾਂ ਕੁਝ ਨਹੀਂ ਬੋਲਣਾ, ਅੱਜ ਤਾਂ ਸਿਰਫ਼ ਆਪਾਂ ਸਾਰਿਆਂ ਨੇ ਮਾਸਟਰ ਜਗੀਰ ਪਾਸੋਂ ‘ਕੱਠੀਆਂ ਹੋਈਆਂ ਖ਼ਬਰਾਂ ਸੁਣਨੀਆਂ ਨੇ। ਵਿਚਾਰਾ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਪਿੰਡ ਆਇਐ। ਕੁਝ ਇਹਨੂੰ ਵੀ ਤਾਂ ਆਪਣੇ ਦਿਮਾਗ਼ ਦਾ ਭਾਰ ਹੌਲਾ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ ਨਾ।”
“ਓਏ ਸ਼ੀਤਿਆ! ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਮੈਨੂੰ ਗਲਾਂ ਸੁਣਨ ਦਾ ਸੱਦਾ ਦਿੱਤਾ ਈ ਕੇ ਟਕੋਰ ਮਾਰੀ ਊ?” ਮਾਸਟਰ ਜਗੀਰ ਨੇ ਹੱਸਦੇ ਹੋਏ ਸ਼ੀਤੇ ਨੂੰ ਮੋੜਵਾਂ ਸਵਾਲ ਕਰ ਮਾਰਿਆ।
“ਨਾ ਬਈ ਮਾਸਟਰ ਜਗੀਰ! ਸਾਡੀ ਕੀ ਹਿੰਮਤ ਆ ਕਿ ਅਸੀਂ ਤੈਨੂੰ ਟਕੋਰ ਮਾਰੀਏ। ਗੱਲ ਕੁਝ ਇੰਜ ਆ ਕਿ ਅਸੀਂ ਤਾਂ ਤਾਏ ਦੀ ਬੈਠਕ ਵਿਚ ਗੱਲਾਂ ਬਾਤਾਂ ਕਰਕੇ ਆਪਣੇ ਮਨ ਦਾ ਭਾਰ ਹੌਲਾ ਕਰ ਲੈਂਦੇ ਆਂ। ਸਾਡੇ ਨਾਲ ਗੱਲਾਂ ਕੀਤੇ ਬਿਨਾਂ ਤਾਂ ਤੇਰਾ ਦਿਮਾਗ ਪਾਟਣਾ ਆਇਆ ਹੋਣਾ। ਇਸ ਲਈ ਅਸੀਂ ਪਹਿਲਾਂ ਤੈਨੂੰ ਬੋਲਣ ਦਾ ਮੌਕਾ ਦੇ ਦਿੱਤਾ। ਬਾਕੀ ਤੇਰੀ ਮਰਜ਼ੀ ਆ ਜਿਵੇਂ ਮਰਜ਼ੀ ਸਮਝ।” ਸ਼ੀਤੇ ਨੇ ਫਿਰ ਸ਼ਰਾਰਤ ਭਰੀ ਚੰਗਿਆੜੀ ਮਾਸਟਰ ਜਗੀਰ ਵੱਲ ਸੁਟਦੇ ਹੋਏ ਕਿਹਾ।
“ਚਲ ਛੱਡ ਮਾਸਟਰ ਜਗੀਰ ਸਿੰਹਾਂ! ਸ਼ੀਤੇ ਦੀਆਂ ਗੱਲਾਂ ਵਿਚ ਪੈ ਗਏ ਤਾਂ ਆਪਣੀਆਂ ਗੱਲਾਂ ਬਾਤਾਂ ਸ਼ੀਤੇ ਦੇ ਦੁਆਲੇ ਈ ਘੁੰਮਦੀਆਂ ਰਹਿ ਜਾਣਗੀਆਂ। ਤੂੰ ਦੱਸ ਹੁਣ ਪੰਜਾਬ ਅਤੇ ਭਾਰਤ ਦਾ ਕੀ ਹਾਲ ਚਾਲ ਆ।” ਤਾਏ ਨੇ ਗੱਲ ਦੀ ਮੁਹਾਰ ਮੋੜਦੇ ਹੋਏ ਕਿਹਾ।
“ਵੇਖੋ ਤਾਇਆ ਜੀ! ਪੰਜਾਬ ਵਿਚ ਹੁਣ ਚੋਣਾਂ ਦਾ ਮੈਦਾਨ ਭੱਖਣ ਦੀਆਂ ਤਿਆਰੀਆਂ ਚਲ ਰਹੀਆਂ ਨੇ ਅਤੇ ਜਿਥੋਂ ਤੱਕ ਭਾਰਤ ਦੀ ਗੱਲ ਆ ਅੰਨਾ ਫਿਰ ਤੋਂ ਅਨਸ਼ਨ ਕਰਨ ਦੀਆਂ ਗੱਲਾਂ ਕਰਨ ਲੱਗ ਪਿਆ ਹੈ।” ਮਾਸਟਰ ਜਗੀਰ ਨੇ ਤਾਏ ਨੂੰ ਸੰਬੋਧਨ ਕਰਦੇ ਹੋਏ ਕਿਹਾ।
“ਪਰ ਤਾਇਆ! ਪੰਜਾਬ ਦਾ ਤਾਂ ਆਪਾਂ ਨੂੰ ਪਤਾ ਈ ਆ ਇਕ ਦੂਜੇ ਦੀਆਂ ਪੱਗਾਂ ਲਾਹੁਣ ਵਾਲੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ। ਨਾਲੇ ਨਿਹਾਲੇ ਅਮਲੀ ਨੇ ਵੀ ਸ਼ਿੰਗਾਰੇ ਹੋਰਾਂ ਨੂੰ ਕਹਿ ਦਿੱਤਾ ਹੈ ਕਿ ਚੋਣਾਂ ਵੇਲੇ ਉਹਨੇ ਨਸ਼ਾ ਪੱਤਾ ਖਰੀਦਣ ਉਨ੍ਹਾਂ ਦੇ ਹਵੇਲੀ ਨਹੀਂ ਜੇ ਆਉਣਾ। ਇਹ ਡਿਊਟੀ ਉਹਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਦੇ ਵਰਕਰਾਂ ਦੀ ਲਾ ਦਿੱਤੀ ਹੈ।” ਸ਼ੀਤੇ ਨੇ ਇਸ ਵਾਰ ਨਿਹਾਲੇ ਅਮਲੀ ਵੱਲ ਚੁਆਤੀ ਲਾਉਂਦੇ ਹੋਏ ਕਿਹਾ।
“ਵੇਂਖ ਲਾਂ ਤਾਂਇਆਂ! ਮੈਂ ਅੰਜ ਇਹਨੂੰ ਕੁਝ ਵੀ ਨਹੀਂਊਂ ਕਿਹਾਂ ਤੇਂ ਇਹਨੇ ਮੇਰਾ ਤਵਾ ਆਉਂਦਿਆਂ ਈਂ ਲਾ ਦਿੱਤਾਂ ਈਂ।” ਨਿਹਾਲੇ ਅਮਲੀ ਨੇ ਸ਼ੀਤੇ ਦੀ ਗੱਲ ਟੋਕਦਿਆਂ ਕਿਹਾ। ਸ਼ੀਤੇ ਦੀ ਗੱਲ ਤੋਂ ਬਾਅਦ ਨਿਹਾਲੇ ਅਮਲੀ ਦੀ ਸ਼ਿਕਾਇਤ ਸੁਣਕੇ ਸਾਰੀ ਬੈਠਕ ਵਿਚ ਹਾਸੇ ਖਿਲਰ ਗਏ।
“ਚਲ ਬਈ ਸ਼ੀਤਿਆ! ਅੱਜ ਆਪਾਂ ਨਿਹਾਲੇ ਅਤੇ ਪੰਜਾਬ ਚੋਣਾਂ ਬਾਰੇ ਗੱਲ ਨਹੀਂ ਕਰਨੀਂ ਇਹ ਮਸਲਾ ਅਗਲੀ ਮੀਟਿੰਗ ‘ਤੇ ਰੱਖ ਦਿੰਦੇ ਆਂ। ਅੱਜ ਆਪਾਂ ਸਿਰਫ ਭਾਰਤ ਦੇ ਅੰਨਾ ਦੇ ਅਨਸ਼ਨ ਬਾਰੇ ਈ ਗੱਲ ਕਰਾਂਗੇ।” ਤਾਏ ਨੇ ਸ਼ੀਤੇ ਨੂੰ ਸਮਝਾਉਦਿਆਂ ਕਿਹਾ।
“ਵੇਖ ਤਾਇਆ! ਪੰਜਾਬ ਦੀਆਂ ਚੋਣਾਂ ਦੀ ਗੱਲ ਕਰਨੀ ਤਾਂ ਸਮਝ ਆ ਗਈ ਪਰ ਆਹ ਜਿਹੜੀ ਤੂੰ ਨਿਹਾਲੇ ਬਾਰੇ ਗੱਲ ਨਾ ਕਰਨ ਦੀ ਸ਼ਰਤ ਲਾਈ ਊ ਇਹ ਅਸੀਂ ਨਹੀਂਊਂ ਮੰਨਣੀ। ਨਾਲੇ ਤਾਇਆ ਇਹ ਦੱਸ ਕਿ ਇਸ ਅੰਨੇ ਬਾਬੇ ਦੀ ਇਕ ਗੱਲ ਸਮਝ ਨਹੀਂ ਆਈ ਨਾ ਤਾਂ ਇਹਨੇ ਰੱਖਿਆ ਅੰਨਾ, ਪਰ ਅੰਨ ਛੱਡਣ ਦੀਆਂ ਗੱਲਾਂ ਇਹ ਹਰ ਰੋਜ਼ ਕਰਦਾ ਰਹਿੰਦਾ ਈ।। ਨਾਲੇ ਸੁਣਿਆਂ ਇਸ ਵਾਰ ਦਿੱਲੀ ਦੀ ਠੰਡ ਤੋਂ ਡਰਦਿਆਂ ਇਸ ਵਾਰ ਅੰਨਾ ਆਪਣਾ ਅਨਸ਼ਨ ਮੁੰਬਈ ਕਰਨ ਦੀਆਂ ਵਿਉਂਤਾਂ ਘੱਟ ਰਿਹਾ ਹੈ। ਇਹ ਕਿਹੋ ਜਿਹਾ ਯੋਧਾ ਹੋਇਆ ਜਿਹੜਾ ਮਰਨਵਰਤ ਦਾ ਡਰਾਮਾ ਤਾਂ ਰੋਜ਼ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਠੰਡ ਨਾਲ ਮਰਨ ਤੋਂ ਡਰਦਾ ਮੁੰਬਈ ਨੂੰ ਭੱਜ ਖਲੋਤਾ ਹੈ।” ਸ਼ੀਤੇ ਨੇ ਆਪਣਾ ਫਿਲਾਸਫ਼ੀ ਭਰਿਆ ਸਵਾਲ ਤਾਏ ਸਾਹਮਣੇ ਰੱਖਦਿਆਂ ਕਿਹਾ।
ਸ਼ੀਤੇ ਦੀ ਇਹ ਗੱਲ ਸੁਣਦਿਆਂ ਸਾਰੇ ਹੀ ਮੁਸਕਰਾਉਣ ਲੱਗ ਪਏ।
ਸ਼ੀਤੇ ਦੀ ਗੱਲ ਦਾ ਜਵਾਬ ਦਿੰਦਿਆਂ ਤਾਏ ਨੇ ਕਿਹਾ, “ਬਈ ਸ਼ੀਤਿਆ! ਗੱਲ ਤਾਂ ਤੇਰੀ ਸੋਚਣ ਵਾਲੀ ਆ। ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ। ਆਜ਼ਾਦੀ ਤੋਂ ਪਹਿਲਾਂ
ਇਕ ਵਾਰ ਅੰਗ੍ਰੇਜ਼ੀ ਹਕੂਮਤ ਵਲੋਂ ਪੰਜਾਬ ਦੇ ਇਕ ਸ਼ੇਰ ਬਾਬਾ ਖੜਕ ਸਿੰਘ ਜੀ ਨੂੰ ਜੇਲ੍ਹ ਵਿਚ ਕੈਦ ਕਰ ਲਿਆ ਅਤੇ ਨਾਲ ਹੀ ਹੁਕਮ ਜਾਰੀ ਕਰ ਦਿੱਤਾ ਕਿ ਬਾਬਾ ਜੀ ਤੁਸੀਂ ਜੇਲ੍ਹ ਵਿਚ ਸਿਰ ‘ਤੇ ਪੱਗ ਨਹੀਂ ਬੰਨ੍ਹ ਸਕਦੇ। ਕਿਉਂਕਿ ਉਨ੍ਹਾਂ ਸਮਿਆਂ ਵਿਚ ਜੇਲ੍ਹ ਵਿਚ ਪੱਗ ਬੰਨਣ ਅਤੇ ਗਾਂਧੀ ਟੋਪੀ ਕੈਦੀਆਂ ਨੂੰ ਪਾਉਣ ‘ਤੇ ਅੰਗ੍ਰੇਜ਼ ਸਰਕਾਰ ਵਲੋਂ ਰੋਕ ਲਾਈ ਹੋਈ ਸੀ। ਬੱਸ ਫੇਰ ਕੀ ਸੀ ਬੱਬਰ ਸ਼ੇਰ ਨੂੰ ਆ ਗਿਆ ਗੁੱਸਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਜੇਲ੍ਹ ਵਿਚ ਪੱਗੜੀ ਬੰਨ੍ਹਕੇ ਰਹਿਣ ਦਾ ਹੱਕ ਨਹੀਂ ਮਿਲ ਜਾਂਦਾ ਉਦੋਂ ਤੱਕ ਮੈਂ ਕਛਹਿਰੇ ਤੋਂ ਬਿਨਾਂ ਹੋਰ ਕੋਈ ਕਪੜਾ ਤਨ ‘ਤੇ ਨਹੀਂ ਪਹਿਨਣਾ। ਉਸਤੋਂ ਬਾਅਦ ਕਈ ਸਾਲਾਂ ਤੱਕ ਕਛਹਿਰਾ ਪਹਿਨਕੇ ਹੀ ਜੇਲ੍ਹ ਵਿਚ ਰਹੇ। ਬਾਬਾ ਜੀ ਦਾ ਇਹ ਮੋਰਚਾ ਕਾਮਯਾਬ ਰਿਹਾ ਅਤੇ ਅੰਗ੍ਰੇਜ਼ਾਂ ਨੇ ਬਾਬਾ ਜੀ ਅਤੇ ਸਾਰੇ ਸਿੱਖਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ। ਪਰੰਤੂ ਫਿਰ ਬਾਬਾ ਜੀ ਨੇ ਕਿਹਾ ਕਿ ਨਹੀਂ ਹੁਣ ਗੱਲ ਸਿਰਫ਼ ਪੱਗ ਦੀ ਨਹੀਂ ਗੱਲ ਹੁਣ ਗਾਂਧੀ ਟੋਪੀ ਦੀ ਵੀ ਹੈ। ਆਖ਼ਰਕਾਰ ਬਾਬਾ ਜੀ ਵਲੋਂ ਇਹ ਮੋਰਚਾ ਵੀ ਪੰਜ ਸਾਲਾਂ ਬਾਅਦ 4 ਜੂਨ 1927 ਨੂੰ ਜਿੱਤ ਲਿਆ ਗਿਆ। ਬਾਬਾ ਜੀ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਕ ਸਿੰਘ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਹ ਤਾਂ ਦੱਸੋ ਕਿ ਪੰਜ ਸਾਲਾਂ ਦੌਰਾਨ ਤੁਸੀਂ ਗਰਮੀਆਂ ਅਤੇ ਸਰਦੀਆਂ ਨੰਗੇ ਸਰੀਰ ਹੀ ਜੇਲ੍ਹ ਵਿਚ ਰਹੇ ਕੀ ਸਿਆਲ ਦੀਆਂ ਕਕਰੀਲੀਆਂ ਰਾਤਾਂ ਨੂੰ ਤੁਹਾਨੂੰ ਠੰਡ ਨਹੀ ਸੀ ਲਗਦੀ ਹੁੰਦੀ? ਉਸ ਸਿੰਘ ਦੀ ਗੱਲ ਸੁਣਨ ਤੋਂ ਬਾਅਦ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਅਸੀਂ ਉਸ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੰਘ ਹਾਂ ਜਿਨ੍ਹਾਂ ਨੇ ਤੱਤੀਆਂ ਤਵੀਆਂ ਉਪਰ ਬੈਠਦਿਆਂ ਹੋਇਆਂ ਵੀ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆਂ। ਫਿਰ ਸਰਦੀਆਂ ਦੀ ਠੰਡ ਉਸਦੇ ਸਿੱਖਾਂ ਨੂੰ ਕਿਵੇਂ ਡੁਲਾ ਸਕਦੀ ਹੈ।”
ਤਾਏ ਵਲੋਂ ਬਾਬਾ ਖੜਕ ਸਿੰਘ ਜੀ ਵਲੋਂ ਸੰਖੇਪ ਵਿਚ ਦਿੱਤੀ ਜਾਣਕਾਰੀ ਤੋਂ ਬਾਅਦ ਸਾਰਿਆਂ ਦੇ ਸਿਰ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੰਘਾਂ ਵਲੋਂ ਕੀਤੀਆਂ ਕੁਰਬਾਨੀਆਂ ਪ੍ਰਤੀ ਸ਼ਰਧਾ ਨਾਲ ਝੁਕ ਗਏ।
ਇਸ ਤੋਂ ਬਾਅਦ ਤਾਏ ਵਲੈਤੀਏ ਨੇ ਕਿਹਾ, “ਬਈ ਮੁੰਡਿਓ! ਅੱਜ ਕਲ ਅਜੇਹੀਆਂ ਧਮਕੀਆਂ ਦੇਣੀਆਂ ਤਾਂ ਸਿਰਫ਼ ਲੀਡਰਾਂ ਦੇ ਸਿਆਸੀ ਦਾਅ ਪੇਚ ਨੇ।”
“ਹਾਂ ਤਾਇਆ ਜੀ! ਜਿਵੇਂ ਸੰਤ ਫਤਿਹ ਸਿੰਘ ਦਾਅ ਪੇਚ ਖੇਡਦਾ ਖੇਡਦਾ ਅਕਾਲ ਤਖ਼ਤ ਸਾਹਿਬ ਵਿਖੇ ਦੋਸ਼ੀ ਬਣਕੇ ਖੜਾ ਹੋ ਗਿਆ ਸੀ।” ਮਾਸਟਰ ਜਗੀਰ ਨੇ ਇਕ ਹੋਰ ਜਾਣਕਾਰੀ ਨਾਲ ਜੋੜਦਿਆਂ ਕਿਹਾ।
“ਵੇਖੋ ਮੁੰਡਿਓ! ਇਹ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਭਾਵੇਂ ਲੋਕਪਾਲ ਬਿੱਲ ਆ ਜਾਣ ਭਾਵੇਂ ਕੋਈ ਹੋਰ ਬਿੱਲ, ਇਨ੍ਹਾਂ ਬਿਲਾਂ ਨੂੰ ਜਾਰੀ ਕਰਨ ਵਾਲੇ ਤਾਂ ਭਾਰਤ ਦੇ ਕੁਰਪੱਟ ਲੋਕ ਹੀ ਨੇ। ਹੁਣ ਦੂਰ ਕੀ ਜਾਣਾ ਆਹ ਕਿਰਨ ਬੇਦੀ ਦੀ ਗੱਲ ਹੀ ਲੈ ਲਵੋ। ਸਾਰੇ ਇਕ ਇਮਾਨਦਾਰ ਪੁਲਿਸ ਅਫ਼ਸਰ ਵਜੋਂ ਇਹਦੀ ਕਿੰਨੀ ਇੱਜ਼ਤ ਕਰਦੇ ਸਨ ਪਰ ਹੁਣ ਜਦੋਂ ਕਾਂਗਰਸ ਨੇ ਇਹਦੀਆਂ ਕਿਤਾਬਾਂ ਫੋਲੀਆਂ ਤਾਂ ਇਹ ਵੀ ਹਿਸਾਬ ਕਿਤਾਬ ਵਿਚ ਵਾਧੇ ਘਾਟੇ ਕਰਨ ਲਈ ਜੋੜ ਤੋੜ ਕਰਦੀ ਰਹੀ। ਗੱਲ ਤਾਂ ਇਹ ਹੈ ਕਿ ਜਿਸ ਕੰਮ ਲਈ ਪੈਸਾ ਲਿਆ ਜਾਵੇ, ਉਸੇ ਲਈ ਹੀ ਉਸਦੀ ਵਰਤੋਂ ਕੀਤੀ ਜਾਵੇ। ਚਲੋ ਮੰਨ ਲਈਏ ਜੇ ਕਰ ਇਸ ਕਿਰਨ ਬੇਦੀ ਨੂੰ ਹੀ ਲੋਕਪਾਲ ਕਮੇਟੀ ਦਾ ਮੈਂਬਰ ਬਣਾ ਲਿਆ ਜਾਵੇ ਅਤੇ ਬਾਅਦ ਵਿਚ ਪਤਾ ਲਗੇ ਕਿ ਇਹ ਆਪਣੀਆਂ ਐਸੋਸੀਏਸ਼ਨਾਂ ਲਈ ਹੀ ਪੈਸੇ ਲੋਕਾਂ ਤੋਂ ਲੈਕੇ ਉਨ੍ਹਾਂ ਨੂੰ ਛੱਡੀ ਜਾ ਰਹੀ ਹੈ ਫਿਰ ਤੁਸੀਂ ਕੀ ਕਰੋਗੇ? ਇਸ ਲਈ ਮੁੰਡਿਓ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਤੱਕ ਅਸੀਂ ਆਪਣੇ ਜ਼ਮੀਰ ਨੂੰ ਭ੍ਰਿਸ਼ਟਾਚਾਰ ਵਿਚ ਫਸਣੋਂ ਨਹੀਂ ਰੋਕਦੇ। ਭਾਵੇਂ ਅੰਨਾ ਅਨਸ਼ਨ ਕਰੀ ਜਾਵੇ ਜਾਂ ਕੋਈ ਹੋਰ ਉਦੋਂ ਤੱਕ ਦੇਸ਼ ਨੂੰ ਇਸ ਦਲਦਲ ਚੋਂ ਨਹੀਂ ਕੱਢ ਸਕਦੇ ਜਦੋਂ ਤੱਕ ਸਾਡਾ ਜ਼ਮੀਰ ਨਹੀਂ ਜਾਗਦਾ। ਬਾਕੀ ਰਹੀ ਅੰਨੇ ਦੀ ਗੱਲ ਇਹਨੂੰ ਵੀ ਬੁੱਢੇ ਵਾਰੇ ਲੀਡਰ ਬਣਨ ਦਾ ਚਾਅ ਚੜ੍ਹਿਆ ਲਗਦੈ, ਇਹਨੂੰ ਵੀ ਲਾਹ ਲੈਣ ਦਿਓ ਆਪਣਾ ਚਾਅ।” ਤਾਏ ਦੀਆਂ ਗੱਲਾਂ ਜਿਵੇਂ ਸਾਰਿਆਂ ਦੇ ਮਨ ਵਿਚ ਘਰ ਕਰ ਗਈਆਂ ਸਨ।
“ਨਾਲੇ ਮੁੰਡਿਓ! ਇਕ ਗੱਲ ਸੁਣੋ ਜੇ ਅੰਨਾ ਦੀਆਂ ਹੀ ਮਨਮਰਜ਼ੀਆਂ ਚਲਣੀਆਂ ਨੇ ਤਾਂ ਫਿਰ ਦੇਸ਼ ਦਾ ਸੰਵਿਧਾਨ, ਕਾਨੂੰਨ, ਸੰਸਦ, ਵਿਧਾਨਸਭਾ, ਅਦਾਲਤਾਂ ਆਦਿ ਦੀ ਕੀ ਲੋੜ ਰਹਿ ਗਈ? ਫਿਰ ਤਾਂ ਅੰਨਾ ਹੀ ਦੇਸ਼ ਦਾ ਕਰਤਾ ਧਰਤਾ ਹੋ ਗਿਆ। ਦੂਜੀ ਗੱਲ ਇਹ ਕਿ ਅੰਨਾ ਨੂੰ ਸਿਰਫ਼ ਦੇਸ਼ ਵਿਚ ਇਕੋ ਇਕ ਕਾਂਗਰਸ ਪਾਰਟੀ ਹੀ ਭ੍ਰਿਸ਼ਟ ਕਿਉਂ ਦਿਖਾਈ ਦੇ ਰਹੀ ਹੈ? ਜੇ ਵੇਖਿਆ ਜਾਵੇ ਤਾਂ ਇਸ ਹਮਾਮ ਵਿਚ ਤਾਂ ਸਾਰੇ ਹੀ ਨੰਗੇ ਨੇ। ਜੇਕਰ ਅੰਨਾ ਨੂੰ ਇੰਨਾ ਹੀ ਭ੍ਰਿਸ਼ਟਾਚਾਰ ਨੇ ਸਤਾਇਆ ਹੋਇਆ ਸੀ ਤਾਂ ਮਹਾਰਾਸ਼ਟਰ ਵਿਚ ਹੁੰਦੇ ਭ੍ਰਿਸ਼ਟਾਚਾਰ ਅਤੇ ਉਥੇ ਬੈਠੇ ਹੋਏ ਡਾਨਾਂ ਅਤੇ ਗੁੰਡਿਆਂ (ਭਾਈ ਲੋਕਾਂ) ਦੀ ਨਗਰੀ ਨੂੰ ਛੱਡਕੇ ਇਥੇ ਕਿਉਂ ਆ ਗਿਆ? ਕਿਉਂ ਨਹੀਂ ਇਸਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਬੀੜਾ ਮਹਾਰਾਸ਼ਟਰ ਤੋਂ ਚੁਕਿਆ? ਕੀ ਉਥੋਂ ਦੇ ਕਾਂਗਰਸੀ, ਭਾਜਪਾਈ ਜਾਂ ਸਿ਼ਵਸੈਨਾ ਵਾਲੇ ਭ੍ਰਿਸ਼ਟਾਚਾਰੀ ਨਹੀਂ? ਜੇਕਰ ਵੇਖਿਆ ਜਾਵੇ ਤਾਂ ਕਾਂਗਰਸ, ਭਾਜਪਾ, ਬਸਪਾ, ਸਪਾ, ਰਾਕਾਂਪਾ, ਅਕਾਲੀ ਆਦਿ ਸਾਰੀਆਂ ਹੀ ਪਾਰਟੀਆਂ ਵਿਚ ਭ੍ਰਿਸ਼ਟ ਲੋਕੀਂ ਲੱਭ ਜਾਣਗੇ। ਇਹ ਹੀ ਨਹੀਂ ਭਾਰਤ ਦਾ ਕਿਹੜਾ ਸੂਬਾ ਹੈ ਜਿਥੇ ਚਪੜਾਸੀਆਂ, ਕਲਰਕਾਂ, ਅਫ਼ਸਰਾਂ, ਮੰਤਰੀਆਂ ਸੰਤਰੀਆਂ ਵਿਚ ਇਹ ਭ੍ਰਿਸ਼ਟਾਚਾਰ ਦੀ ਬਿਮਾਰੀ ਨਹੀਂ ਫੈਲੀ ਹੋਈ?” ਤਾਇਆ ਅੱਜ ਜਿਵੇਂ ਕਿਸੇ ਨੂੰ ਬਖ਼ਸ਼ਣ ਦੇ ਮੂਢ ਵਿਚ ਨਹੀਂ ਸੀ ਲੱਗ ਰਿਹਾ।
“ਇਹ ਤਾਂ ਤੁਹਾਡੀ ਗੱਲ ਠੀਕ ਹੈ ਤਾਇਆ ਜੀ ਦੂਰ ਕੀ ਜਾਣੈ ਕੇਂਦਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਸੂਬਿਆਂ ਦੀ ਸਰਕਾਰ ‘ਤੇ ਸੁੱਟਕੇ ਸੁਖ ਦਾ ਸਾਹ ਲੈ ਲੈਂਦੀ ਹੈ ਅਤੇ ਸੂਬਿਆਂ ਦੀਆਂ ਸਰਕਾਰਾਂ ਕੇਂਦਰ ਨੂੰ ਦੋਸ਼ੀ ਠਹਿਰਾਕੇ ਆਪਣੇ ਆਪ ਨੂੰ ਦੋਸ਼ ਮੁਕਤ ਕਰ ਲੈਂਦੀਆਂ ਨੇ।” ਤਾਏ ਦੀ ਹਾਮੀ ਭਰਦਿਆਂ ਹੋਇਆਂ ਮਾਸਟਰ ਧਰਮ ਸਿੰਹੁ ਨੇ ਕਿਹਾ।
“ਨਾਲੇ ਇਹ ਅੰਨਾ ਤਾਂ ਲੋਕਪਾਲ ਨੂੰ ਜਿੰਨੀਆਂ ਖੁਲ੍ਹਾਂ ਦੇਣ ਦੀ ਗੱਲ ਕਰ ਰਿਹਾ ਹੈ ਜੇਕਰ ਉਹ ਸਾਰੀਆਂ ਹੀ ਖੁਲ੍ਹਾਂ ਲੋਕਪਾਲ ਨੂੰ ਮਿਲ ਜਾਂਦੀਆਂ ਨੇ ਤਾਂ ਉਸਦੀ ਤਾਕਤ ਪ੍ਰਧਾਨ ਮੰਤਰੀ ਤੋਂ ਵੀ ਵੱਡੀ ਹੋ ਜਾਂਦੀ ਹੈ। ਉਹ ਜਦੋਂ ਵੀ ਚਾਹੇ ਆਪਣੀ ਡਿਕਟੇਟਰਸ਼ਿਪ ਨਾਲ ਕਿਸੇ ਨੂੰ ਵੀ ਆਪਣੀਆਂ ਮਨ ਮਰਜ਼ੀਆਂ ਦਾ ਸ਼ਿਕਾਰ ਬਣਾ ਸਕਦਾ ਹੈ। ਇਸ ਲਈ ਲੋਕਪਾਲ ਨੂੰ ਵੀ ਇਕ ਦਾਇਰੇ ਦੇ ਵਿਚ ਰੱਖਣਾ ਠੀਕ ਰਹੇਗਾ। ਹੁਣ ਵੱਡੇ ਦੇਸ਼ਾਂ ਵਿਚ ਵੀ ਕੁਰਪੱਸ਼ਨ ਹੁੰਦੀ ਹੈ ਪਰ ਉਥੇ ਦੇਸ਼ ਦੇ ਨਾਗਰਿਕਾਂ ਦੇ ਮੁੱਢਲੇ ਹੱਕਾਂ ਦੀ ਅਣਦੇਖੀ ਨਹੀਂ ਕੀਤੀ ਜਾਂਦੀ। ਪਰ ਮੈਨੂੰ ਸੌ ਫੀਸਦੀ ਪਤਾ ਹੈ ਜੇਕਰ ਲੋਕਪਾਲ ਨੂੰ ਇੰਨੀਆਂ ਤਾਕਤਾਂ ਦੇ ਦਿੱਤੀਆਂ ਗਈਆਂ ਤਾਂ ਉਹਦੇ ਨਾਦਰਸ਼ਾਹੀ ਹੁਕਮਾਂ ਨਾਲ ਪੂਰਾ ਦੇਸ਼ ਤ੍ਰਾਹ ਤ੍ਰਾਹ ਕਰ ਉਠੇਗਾ। ਜੇਕਰ ਦੇਸ਼ ਚੋਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਤਾਂ ਪਹਿਲਾਂ ਆਪਣੇ ਮਨਾਂ ਵਿਚ ਵਸੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਅੰਨਾ ਦੇ ਇਨ੍ਹਾਂ ਅਨਸ਼ਨਾਂ ਨਾਲ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਣਾ। ਉਸਨੂੰ ਆਪਣੇ ਕੁਰਪੱਟ ਸਾਥੀਆਂ ਨੂੰ ਵੀ ਕਲੀਨ ਚਿਟਾਂ ਦੇਣੀਆਂ ਬੰਦ ਕਰਦੇ ਹੋਏ ਉਨ੍ਹਾਂ ਦੀ ਛੁੱਟੀ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।”
ਤਾਏ ਦੀ ਗੱਲ ਵਿਚੋਂ ਹੀ ਟੋਕਦਿਆਂ ਸ਼ੀਤੇ ਨੇ ਆਪਣੀ ਆਦਤ ਮੁਤਾਬਕ ਤਾਏ ਅਗੇ ਚਾਹ ਦੀ ਮੰਗ ਰੱਖਦਿਆਂ ਕਿਹਾ, “ਵੇਖ ਤਾਇਆ! ਬਾਣੀ ਵਿਚ ਵੀ ਆਇਆ ਹੈ ਕਿ ‘ਭੁੱਖੇ ਭਗਤ ਨਾ ਕੀਜੈ’ ਹੁਣ ਸਾਨੂੰ ਲੱਗੀ ਆ ਭੁੱਖ ਇਸ ਕਰਕੇ ਤੇਰੀਆਂ ਗੱਲਾਂ ਸਾਡੇ ਸਿਰ ਉਤੋਂ ਦੀ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਤਾਂ ਮੇਹਰਬਾਨੀ ਕਰਕੇ ਕੁਝ ਚਾਹ ਪਕੌੜਿਆਂ ਦਾ ਪ੍ਰਬੰਧ ਕਰ ਦਿਓ। ਨਹੀਂ ਤਾਂ ਇਹ ਨਾ ਹੋਵੇ ਕਿ ਅੰਨੇ ਦੇ ਅਨਸ਼ਨ ਤੋਂ ਪਹਿਲਾਂ ਹੀ ਇਥੇ ਕੋਈ ਭੁੱਖ ਨਾਲ ਸ਼ਹੀਦ ਹੋ ਜਾਵੇ। ਨਾਲੇ ਤੈਨੂੰ ਪਤਾ ਤਾਇਆ ਅੱਜ ਗੱਪੀ ਦੀਆਂ ਗੱਪਾਂ ਨੂੰ ਵੀ ਏਸੇ ਭੁੱਖ ਕਰਕੇ ਈ ਬਰੇਕਾਂ ਲੱਗੀਆਂ ਹੋਈਆਂ ਨੇ। ਲੱਗਦੈ ਤੇਰੀ ਚਾਹ ਦਾ ਪਟਰੌਲ ਪੈਣ ਤੋਂ ਬਾਅਦ ਈ ਇਹਦੀ ਅਨਸ਼ਨ ਵੀ ਟੁੱਟਣੀ ਐਂ।” ਗੱਲਾਂ ਗੱਲਾਂ ਵਿਚ ਹੀ ਗੱਪੀ ਨੂੰ ਚੂੰਢੀ ਵੱਢਕੇ ਸ਼ੀਤੇ ਤਾਏ ਵੱਲ ਨੂੰ ਤੁਰ ਪਿਆ।
ਸ਼ੀਤੇ ਦੀ ਗੱਲ ਸੁਣਦਿਆਂ ਹੀ ਜੇਬ ਵਿਚ ਹੱਥ ਪਾਉਂਦੇ ਹੋਏ ਤਾਏ ਨੇ ਕਿਹਾ “ਬਈ ਇਸ ਵਾਰ ਦੀ ਗੱਲ ਬਾਤ ਅੱਗੇ ਚਾਹ ਪੀਣ ਤੋਂ ਬਾਅਦ ਵਧਾਵਾਂਗੇ। ਨਾਲੇ ਗਰਮਾ ਗਰਮ ਪਕੌੜੇ ਖਾਕੇ ਮਹਿਫ਼ਲ ਵਿਚ ਹੋਰ ਗਰਮੀ ਲਿਆਵਾਂਗੇ।”
ਸ਼ੀਤਾ ਤਾਏ ਤੋਂ ਕਰਾਰਾ ਜਿਹਾ ਨੋਟ ਫੜਕੇ ਉਡਾਰੀਆਂ ਮਾਰਦਾ ਆਹ ਗਿਆ ਔਹ ਗਿਆ।