ਡਾ: ਨੀਲਮ ਗਰੇਵਾਲ, ਡੀਨ, ਗ੍ਰਹਿ ਵਿਗਿਆਨ ਕਾਲਜ
ਦੇਸ ਦੀ ਆਜਾਦੀ ਤੋਂ ਬਾਦ ਖੇਤੀਬਾੜੀ ਅਤੇ ਆਰਥਿਕ ਢਾਂਚਾ ਡਾਵਾਂਡੋਲ ਹੋ ਚੁੱਕਾ ਸੀ।ਇਸਦੇ ਨਾਲ ਨਾਲ ਦੇਸ ਉੱਪਰ ਭੁੱਖਮਰੀ ਦਾ ਸੰਕਟ ਵੀ ਮੰਡਰਾ ਰਿਹਾ ਸੀ। ਉਸ ਸਮੇਂ ਦੀ ਸਰਕਾਰ ਨੇ ਦੇਸ ਵਿੱਚ ਖੇਤੀਬਾੜੀ ਦੇ ਵਿਕਾਸ ਅਤੇ ਆਰਥਿਕ ਆਤਮਨਿਰਭਰਤਾ ਲਈ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ। ਇਸੇ ਮਕਸਦ ਨਾਲ ਅੱਜ ਤੋਂ ਕੋਈ ਪੰਜਾਹ ਵਰ੍ਹੇ ਪਹਿਲਾਂ ਸੰਨ 1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਹੋਈ। ਇਸਦਾ ਖਾਸ ਉਦੇਸ ਸੀ ਖੇਤੀ ਵਿਕਾਸ ਰਾਹੀਂ ਦੇਸ ਨੂੰ ਆਤਮ ਨਿਰਭਰ ਬਣਾਉਣਾ। ਸਾਡੇ ਆਗੂਆਂ ਅਤੇ ਖੇਤੀ ਵਿਗਿਆਨੀਆਂ ਦੀ ਅਣਥੱਕ ਮਿਹਨਤ ਸਦਕਾ ਦੇਸ ਵਿੱਚ ਹਰੀ ਕ੍ਰਾਂਤੀ ਆਈ ਅਤੇ ਦੇਸ ਖਾਦ ਪਦਾਰਥਾਂ ਵਿੱਚ ਆਤਮ ਨਿਰਭਰ ਹੋ ਗਿਆ। ਇਸਦੇ ਨਾਲ ਨਾਲ ਇਹ ਸੋਚ ਵੀ ਪ੍ਰਬਲ ਹੋਈ ਕਿ ਖੇਤੀਬਾੜੀ ਤੋਂ ਭਾਵ ਕੇਵਲ ਕਿਸਾਨੀ ਹੀ ਨਹੀਂ ਸਗੋਂ ਪੇਂਡੂ ਪਰਿਵਾਰਾਂ ਅਤੇ ਸਮੁੱਚੇ ਸੱਭਿਆਚਾਰ ਦਾ ਵਿਕਾਸ ਵੀ ਹੈ। ਇਸੇ ਕਾਰਨ ਕਰਕੇ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਗ੍ਰਹਿ ਵਿਗਿਆਨ ਕਾਲਜਾਂ ਦੀ ਸਥਾਪਨਾ ਕੀਤੀ ਗਈ।
ਸਾਡੇ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਇਸ ਗੱਲ ਤੇ ਜੋਰ ਦਿੱਤਾ ਸੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਔਰਤ ਨੂੰ ਜਾਗਰੂਕ ਕਰਨਾ ਪਵੇਗਾ। ਇੱਕ ਵਾਰੀ ਔਰਤ ਜਾਗਰੂਕ ਹੋ ਗਈ ਤਾਂ ਪਰਿਵਾਰ, ਪਿੰਡ ਅਤੇ ਸਮਾਜ ਆਪਣੇ ਆਪ ਤਰੱਕੀ ਦੇ ਰਾਹ ਤੇ ਤੁਰ ਪੈਂਦਾ ਹੈ। ਇਸੇ ਕਥਨ ਦੀ ਸਚਾਈ ਦੀ ਪਰਿਪੱਕਤਾ ਲਈ 1966 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗ੍ਰਹਿ ਵਿਗਿਆਨ ਕਾਲਜ ਸਥਾਪਿਤ ਹੋਇਆ। ਇਸ ਕਾਲਜ ਦਾ ਮੁੱਖ ਉਦੇਸ ਔਰਤਾਂ ਦਾ ਸਕਤੀਕਰਨ ਅਤੇ ਪੇਂਡੂ ਪਰਿਵਾਰਾਂ ਦੇ ਰਹਿਣ ਸਹਿਣ ਦੇ ਪੱਧਰ ਨੂੰ ਉਚਾ ਚੁੱਕਣਾ ਹੈ। ਇਸ ਮੰਤਵ ਦੀ ਪੂਰਤੀ ਲਈ ਕਾਲਜ ਦੇ ਪੰਜ ਵਿਭਾਗਾਂ ਮਾਨਵ ਵਿਕਾਸ ਵਿਭਾਗ, ਭੋਜਨ ਅਤੇ ਪੋਸਣ ਵਿਭਾਗ, ਵਸਤਰ ਵਿਭਾਗ, ਪਰਿਵਾਰਿਕ ਸ੍ਰੋਤ ਪ੍ਰਬੰਧ ਵਿਭਾਗ ਅਤੇ ਗ੍ਰਹਿ ਵਿਗਿਆਨ ਪਸਾਰ ਅਤੇ ਸੰਚਾਰ ਪ੍ਰਬੰਧ ਵਿੱਚ ਖੋਜ, ਪਸਾਰ ਅਤੇ ਅਧਿਆਪਨ ਦੀਆਂ ਵੱਖ ਵੱਖ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ।। ਇਨ੍ਹਾਂ ਵਿਭਾਗਾਂ ਦੀ ਸਿੱਖਿਆ ਅਤੇ ਗਿਆਨ ਮਾਨਵ ਜਾਤੀ ਦੇ ਜਨਮ ਤੋਂ ਲੈ ਕੇ ਉਸਦੇ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਸਮਾਜਿਕ ਵਿਕਾਸ ਦੇ ਨਾਲ ਨਾਲ ਉਸ ਨੂੰ ਸਮਾਜ ਦਾ ਇੱਕ ਵਧੀਆ ਮਾਨਵ ਸ੍ਰੋਤ ਬਣਾਉਣ ਦਾ ਕੰਮ ਕਰਦੇ ਹਨ। ਇਸ ਲੇਖ ਰਾਹੀਂ ਇਨ੍ਹਾਂ ਪੰਜਾਹ ਸਾਲਾਂ ਵਿੱਚ ਸਮਾਜ ਦੀ ਤਰੱਕੀ ਵਿੱਚ ਗ੍ਰਹਿ ਵਿਗਿਆਨ ਦੇ ਯੋਗਦਾਨ ਤੇ ਚਾਨਣਾ ਪਾਇਆ ਗਿਆ ਹੈ।
ਜੇ ਮਾਨਵ ਵਿਕਾਸ ਵਿਭਾਗ ਦੀ ਗੱਲ ਕਰੀਏ ਤਾਂ ਇਸ ਵਿਭਾਗ ਨੇ ਪੇਂਡੂ ਲੜਕੀਆਂ ਦੇ ਸਕਤੀਕਰਨ ਲਈ ਉਨ੍ਹਾਂ ਦੀ ਸਖਸੀਅਤ ਦਾ ਵਿਕਾਸ, ਫੈਸਲਾ ਲੈਣ ਦੀ ਪ੍ਰਕ੍ਰਿਆ, ਸੰਚਾਰ ਹੁਨਰ ਅਤੇ ਕਾਨੂੰਨੀ ਹੱਕਾਂ ਪ੍ਰਤੀ ਸਿੱਖਿਆ ਦਖਲ (ਇੰਟਰਵੈਨਸਨ) ਦੇ ਕੇ ਲੜਕੀਆਂ ਨੂੰ ਹਰ ਪੱਖੋਂ ਆਪਣੀ ਸਖਸੀਅਤ ਨੂੰ ਨਿਖਾਰਣ ਲਈ ਉਤਸਾਹਿਤ ਅਤੇ ਸਿਖਿਅਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਜਣਨ ਸਿਹਤ ਸੰਬੰਧੀ ਵੀ ਗਿਆਨ ਦਿੱਤਾ ਜਾਂਦਾ ਰਿਹਾ ਤਾਂ ਜੋ ਉਹ ਸਿਹਤਮੰਦ ਜੀਵਨ ਜਿਉਣ ਦੀ ਅਗਵਾਈ ਕਰ ਸਕਣ। ਜੇ ਲੜਕੀ ਸਿਹਤਮੰਦ ਹੋਵੇਗੀ ਤਾਂ ਹੀ ਸਿਹਤਮੰਦ ਔਰਤ ਬਣ ਕੇ ਇੱਕ ਸਿਹਤਮੰਦ ਬ¤ਚੇ ਨੂੰ ਜਨਮ ਦੇ ਸਕਦੀ ਹੈ। ਇਸ ਦੀ ਪੂਰਤੀ ਲਈ ਭੋਜਨ ਅਤੇ ਪੋਸਣ ਵਿਭਾਗ ਨੇ ਪਿੰਡਾਂ ਦੀਆਂ ਲੜਕੀਆਂ ਅਤੇ ਔਰਤਾਂ ਦੇ ਖੁਰਾਕੀ ਪੱਧਰ ਦਾ ਪ੍ਰੀਖਣ ਕੀਤਾ ਅਤੇ ਪਤਾ ਲੱਗਾ ਕਿ ਪੰਜਾਬ ਵਿੱਚ ਅੱਧ ਤੋਂ ਵੱਧ ਔਰਤਾਂ, ਲੜਕੀਆਂ ਅਤੇ ਬੱਚਿਆਂ ਵਿੱਚ ਲੋਹੇ ਦੀ ਘਾਟ ਹੈ ਜੋਕਿ ਕੰਮ ਕਾਜ ਅਤੇ ਪੜ੍ਹਾਈ ਲਿਖਾਈ ਉਪਰ ਅਸਰ ਪਾਉਂਦੀ ਹੈ। ਇਸ ਵਿਭਾਗ ਨੇ ਸਮਾਜਿਕ ਪੋਸਣ ਵੱਲ ਧਿਆਨ ਦੇ ਕੇ ਕਈ ਤਰ੍ਹਾਂ ਦੇ ਲੋਹਾ ਭਰਪੂਰ ਸਸਤੇ ਭੋਜਨ ਤਿਆਰ ਕੀਤੇ ਕਿਉਂਕਿ ਇਸ ਵਿਭਾਗ ਦਾ ਮੰਨਣਾ ਹੈ ਕਿ ਔਰਤ ਪਰਿਵਾਰ ਦਾ ਧੁਰਾ ਹੈ, ਉਸਦੀ ਜਾਣਕਾਰੀ, ਰੁਚੀ ਅਤੇ ਹੁਨਰ ਤੇ ਪੂਰੇ ਪਰਿਵਾਰ ਦੀ ਸਿਹਤ ਨਿਰਭਰ ਕਰਦੀ ਹੈ। ਇਸੇ ਤੱਥ ਨੂੰ ਧਿਆਨ ਵਿੱਚ ਰੱਖ ਕੇ ਗ੍ਰਹਿ ਵਿਗਿਆਨ ਕਾਲਜ ਨੇ ਇੱਕ ਪ੍ਰਾਜੈਕਟ ਅਧੀਨ ਲੱਗਭੱਗ ਚਾਰ ਹਜਾਰ ਸਕੂਲੀ ਲੜਕੀਆਂ ਨੂੰ ਸਿਹਤ, ਪੋਸਣ ਅਤੇ ਸਫਾਈ ਬਾਰੇ ਜਾਗਰੂਕ ਕੀਤਾ ਕਿਉਂਕਿ ਇਨ੍ਹਾਂ ਬੱਚੀਆਂ ਨੇ ਹੀ ਭਵਿੱਖ ਵਿੱਚ ਪਰਿਵਾਰ ਦਾ ਧੁਰਾ ਬਣਨਾ ਹੈ। ਇਸਦੇ ਨਾਲ ਨਾਲ ਭੋਜਨ ਅਤੇ ਪੋਸਣ ਵਿਭਾਗ ਨੇ ਆਪਣੀਆਂ ਖੋਜਾਂ ਸਦਕਾ ਆਰਾਮਪ੍ਰਸਤ ਜਿੰਦਗੀ ਦੀਆਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸਰ, ਸ਼ਕਰ ਰੋਗ, ਦਿਲ ਦੀਆਂ ਬਿਮਾਰੀਆਂ ਆਦਿ ਦਾ ਇਲਾਜ ਖੁਰਾਕੀ ਵਿਉਂਤਬੰਦੀ ਰਾਹੀਂ ਲੱਭਿਆ। ਪੰਜਾਬ ਵਿ¤ਚ ਅੱਧੇ ਤੋਂ ਵੱਧ ਲੜਕੀਆਂ / ਔਰਤਾਂ ਅਨੀਮੀਆ ਦੀ ਸਿਕਾਰ ਹਨ। ਇਸ ਲਈ ਭੋਜਨ ਅਤੇ ਪੋਸਣ ਵਿਭਾਗ ਨੇ ਖੋਜਾਂ ਨਾਲ ਕਈ ਤਰ੍ਰਾਂ ਦੇ ਲੋਹਾ ਭਰਪੂਰ ਅਤੇ ਸਸਤੇ ਭੋਜਨ ਪਦਾਰਥ ਵੀ ਤਿਆਰ ਕੀਤੇ। ਇਸ ਦੀ ਕਾਰਗੁਜਾਰੀ ਨੂੰ ਵੇਖਦੇ ਹੋਇਆਂ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲੋ ਦੇ ਮੁਲਾਂਕਣ ਲਈ ਇਸ ਵਿਭਾਗ ਦਾ ਸਹਾਰਾ ਲਿਆ।
ਵਸਤਰ ਵਿਭਾਗ ਨੇ ਲੜਕੀਆਂ ਨੂੰ ਕਿੱਤਾਕਾਰੀ ਸਿੱਖਿਆ ਦੇਣ ਦੇ ਨਾਲ ਨਾਲ ਖੋਜਾਂ ਰਾਹੀਂ ਕਈ ਤਰ੍ਹਾਂ ਦੇ ਕੁਦਰਤੀ ਰੰਗ ਤਿਆਰ ਕੀਤੇ ਜਿਨ੍ਹਾਂ ਦੀ ਅੱਜਕੱਲ ਬਹੁਤ ਮੰਗ ਹੈ। ਇਹ ਰੰਗ ਬਨਸਪਤੀ ਤੋਂ ਤਿਆਰ ਹੁੰਦੇ ਹਨ ਅਤੇ ਸਰੀਰ ਲਈ ਨੁਕਸਾਨਦੇਹ ਨਹੀਂ ਹੁੰਦੇ। ਇਸ ਵਿਭਾਗ ਨੇ ਪੰਜਾਬ ਦਾ ਅਲੋਪ ਹੋ ਰਿਹਾ ਵਿਰਸਾ ਫੁਲਕਾਰੀ ਨੂੰ ਆਪਣੇ ਅਣਥੱਕ ਯਤਨਾਂ ਸਦਕਾ ਮੁੜ ਸੁਰਜੀਤ ਕੀਤਾ ਅਤੇ ਫੁਲਕਾਰੀ ਦੀ ਵਰਤੋਂ ਕਰਕੇ ਹੋਰ ਕਈ ਵਸਤਾਂ ਤਿਆਰ ਕੀਤੀਆਂ ਜਿਨ੍ਹਾਂ ਦੀ ਅੱਜ ਦੇ ਯੁੱਗ ਵਿਚ ਮੰਗ ਦਿਨੋ ਦਿਨ ਵਧ ਰਹੀ ਹੈ। ਮੌਜੂਦਾ ਖੇਤੀ ਵਿੱਚ ਜਹਿਰਾਂ ਦੀ ਵਰਤੋਂ ਬਹੁਤ ਵੱਧ ਗਈ ਹੈ ਜਿਸ ਨਾਲ ਕਾਮਿਆਂ ਨੂੰ ਕਈ ਤਰ੍ਹਾਂ ਦੇ ਸਰੀਰਕ ਰੋਗ ਹੋ ਜਾਂਦੇ ਹਨ। ਇਸ ਵਿਭਾਗ ਨੇ ਇਸ ਤਰ੍ਹਾਂ ਦੇ ਕੰਮ ਕਾਜੀ ਖਤਰਿਆਂ ਅਤੇ ਸਿਹਤ ਸੰਬੰਧੀ ਬੀਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਸੁਰੱਖਿਅਤ ਕੱਪੜੇ ਦਸਤਾਨੇ, ਕੁੜਤੇ, ਹੁੱਡ ਆਦਿ ਤਿਆਰ ਕੀਤੇ।
ਪਰਿਵਾਰਿਕ ਸ੍ਰੋਤ ਪ੍ਰਬੰਧ ਵਿਭਾਗ ਨੇ ਘਰ ਦੇ ਵੱਖ ਵੱਖ ਕੰਮਾਂ ਨੂੰ ਸੁਖਾਲਾ ਬਣਾਉਣ ਦੇ ਤਰੀਕਿਆਂ ਤੇ ਖੋਜਾਂ ਕੀਤੀਆਂ ਅਤੇ ਕਈ ਤਰ੍ਹਾਂ ਦੇ ਸੰਦ ਈਜਾਦ ਕੀਤੀ। ਐਰਗੌਨੌਕਿਮਸ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੇ ਸਮਾਂ ਅਤੇ ਸਕਤੀ ਬਚਾਓ ਖੋਜ ਉਪਰਾਲੇ ਕੀਤੇ। ਜਿਸ ਦੇ ਨਤੀਜੇ ਵਜੋ ਔਰਤਾਂ ਲਈ ਉਪਯੁਕਤ ਹਲਕੀ ਦਾਤੀ, ਮੱਕੀ ਦੇ ਦਾਣੇ ਕੱਢਣ ਲਈ, ਸਬਜੀਆਂ ਤੋੜਨ ਲਈ ਸੰਦ, ਕਪਾਹ ਚੁਗਣ ਵਾਲਾ ਝੋਲਾ ਆਦਿ ਸਾਮਿਲ ਹਨ। ਘਰੇਲੂ ਕੰਮ ਨੂੰ ਸੁਖਾਲਾ ਬਣਾਉਣ ਲਈ ਪਹੀਆਂ ਵਾਲੀ ਪੀੜ੍ਹੀ ਅਤੇ ਡੰਡੇ ਵਾਲਾ ਪੋਚਾ ਵੀ ਬਣਾਏ ਗਏ। ਇਸ ਵਿਭਾਗ ਨੇ ਘਰੇਲੂ ਸਫਾਈ ਲਈ ਵਰਤੇ ਜਾਣ ਵਾਲੇ ਪਦਾਰਥ ਅਤੇ ਘਰੇਲੂ ਰਹਿੰਦ ਖੂੰਹਦ ਤੋਂ ਸਜਾਵਟੀ ਸਮਾਨ ਤਿਆਰ ਕੀਤੇ ਅਤੇ ਇਨ੍ਹਾਂ ਦੀ ਸਿਖਲਾਈ ਦੇ ਕੇ ਕਈ ਉਦਮੀ ਔਰਤਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਯੋਗ ਬਣਾਇਆ।
ਇਸ ਤੋਂ ਇਲਾਵਾ ਹੋਮ ਸਾਇੰਸ ਨੇ ਵਧ ਰਹੀ ਬੇਰੁਜਗਾਰੀ ਨੂੰ ਧਿਆਨ ਵਿੱਚ ਰੱਖ ਕੇ ਤਿੰਨ ਸੌ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਏ। ਜਿਨ੍ਹਾਂ ਵਿੱਚੋਂ ਕਈ ਨੌਜਵਾਨ ਆਪਣੇ ਕੰਮ ਚਲਾ ਰਹੇ ਹਨ। ਆਪਣੀ ਆਮਦਨ ਨੇ ਨਾਲ ਨਾਲ ਇਹ ਨੌਜਵਾਨ ਜੋ ਕਿਸੇ ਦਿਨ ਆਪ ਕੰਮ ਲੱਭਦੇ ਸੀ ਅੱਜ ਕਈ ਹੋਰ ਨੌਜਵਾਨਾਂ ਨੂੰ ਰੁਜਗਾਰ ਦੇ ਰਹੇ ਹਨ। ਗ੍ਰਹਿ ਵਿਗਿਆਨ ਪਸਾਰ ਅਤੇ ਸੰਚਾਰ ਪ੍ਰਬੰਧ ਵਿਭਾਗ ਨੇ ਪੰਜਾਬ ਵਿੱਚ ਔਰਤਾਂ ਦੇ ਸਕਤੀਕਰਨ ਲਈ ਲੱਗਭੱਗ 300 ਸੈਲਫ ਹੈਲਪ ਗਰੁੱਪ ਬਣਾਏ, ਜਿਨ੍ਹਾਂ ਨੂੰ ਵੱਖ ਵੱਖ ਸਹਾਇਕ ਕਿੱਤਿਆਂ ਦੀ ਸਿਖਲਾਈ ਦਿੱਤੀ । ਅੱਜ ਵੀ ਇਨ੍ਹਾਂ ਵਿੱਚੋਂ ਕਈ ਸੈਲਫ ਹੈਲਪ ਗਰੁੱਪ ਸਫਲਤਾ ਪੂਰਵਕ ਚੱਲ ਰਹੇ ਹਨ ਅਤੇ ਔਸਤਨ 8000 ਤੋਂ 10000 ਰੁਪਏ ਮਹੀਨਾ ਕਮਾ ਰਹੇ ਹਨ। ਕਈ ਸੈਲਫ ਹੈਲਪ ਗਰੁੱਪ ਲੀਡਰਾਂ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਜਿਵੇਂ ਕਿ ਬੀਬੀ ਗੁਰਦੇਵ ਕੌਰ, ਗਲੋਬਲ ਸੈਲਫ ਹੈਲਪ ਗਰੁੱਪ, ਇਆਲੀ ਅਤੇ ਬੀਬੀ ਪਰਮਜੀਤ ਕੌਰ, ਅਸਲ ਸੈਲਫ ਹੈਲਪ ਗਰੁੱਪ, ਲੁਹਾਰਾ ਆਦਿ। ਸੈਲਫ ਹੈਲਪ ਗਰੁੱਪ ਤੋਂ ਇਲਾਵਾ ਕਾਲਜ ਦੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਕਈ ਉਦਮੀ ਬੀਬੀਆਂ ਤਿਆਰ ਕੀਤੀਆਂ ਜੋ ਆਪਣੀ ਆਮਦਨ ਦੇ ਨਾਲ ਨਾਲ ਹੋਰਨਾਂ ਲਈ ਵੀ ਰੁਜਗਾਰ ਪੈਦਾ ਕਰਦੀਆਂ ਹਨ ਜਿਵੇਂ ਕਿ ਬੀਬੀ ਰਛਪਾਲ ਕੌਰ, ਈਸੇਵਾਲ ਡੱਬਾਬੰਦ ਖਾਣਾ, ਸ੍ਰੀਮਤੀ ਰਜਨੀ ਗੁਪਤਾ, ਹਰ ਤਰ੍ਹਾਂ ਦੇ ਆਚਾਰ ਮੁਰੱਬੇ, ਚਟਣੀਆਂ, ਸੁਕੈਸ ਆਦਿ।
ਸਮਾਜਿਕ ਕੁਰੀਤੀਆਂ ਨੂੰ ਜੜੋਂ ਉਖਾੜਨ ਲਈ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਵੀ ਚਲਾਈਆਂ ਗਈਆਂ। ਆਮ ਲੋਕਾਂ ਤੱਕ ਪਹੁੰਚਣ ਲਈ ਲੋਕਲ ਲੀਡਰਾਂ ਨੂੰ ਪਛਾਨਣਾ ਅਤੇ ਉਨ੍ਹਾਂ ਰਾਹੀਂ ਗਿਆਨ ਦਾ ਪਸਾਰ ਕਰਨਾ ਪਸਾਰ ਸਿੱਖਿਆ ਦਾ ਮੁੱਖ ਸਿਧਾਂਤ ਹੈ। ਇਸ ਵਿਭਾਗ ਨੇ ਵੱਖ ਵੱਖ ਇਲਾਕਿਆਂ ਵਿੱਚ ਲੋਕਲ ਲੀਡਰਾਂ ਨੂੰ ਲੱਭ ਕੇ ਉਨ੍ਹਾਂ ਲਈ ਵੱਖ ਵੱਖ ਸਿਖਲਾਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਤਾਂ ਜੋ ਇਨ੍ਹਾਂ ਰਾਹੀਂ ਸਾਰੇ ਪਿੰਡਾਂ ਵਿੱਚ ਯੂਨੀਵਰਸਿਟੀ ਰਾਹੀਂ ਦਿੱਤਾ ਗਿਆ ਗਿਆਨ ਪਹੁੰਚ ਸਕੇ ਅਤੇ ਇਹ ਯਤਨ ਲਗਾਤਾਰ ਜਾਰੀ ਹਨ। ਗ੍ਰਹਿ ਵਿਗਿਆਨ ਨੇ ਇਨ੍ਹਾਂ ਗਤੀਵਿਧੀਆਂ ਸਦਕਾ ਔਰਤਾਂ ਦੇ ਸਕਤੀਕਰਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਾਲਜ ਨੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਨਾਲ ਮਜਬੂਤ ਸੰਬੰਧ ਸਥਾਪਿਤ ਕੀਤੇ ਜਿਸਦੀ ਬਦੌਲਤ ਅੱਜ ਕਾਲਜ ਸਮਾਜ ਦੇ ਹਰ ਵਰਗ ਤੱਕ ਪਹੁੰਚਣ ਵਿੱਚ ਕਾਮਯਾਬ ਹੈ।
ਵਿਦੇਸਾਂ ਵਿੱਚ ਵੀ ਇਸ ਕਾਲਜ ਦੀਆਂ ਵਿਦਿਆਰਥਣਾਂ ਵਿਦਿਅਕ ਮਹਿਕਮਿਆਂ ਪੋਸਣ ਅਤੇ ਖੇਤੀਬਾੜੀ ਦੇ ਮਹਿਕਮੇ ਅਤੇ ਖੇਤੀਬਾੜੀ ਦੇ ਮੁੱਢਲੀ ਸਿੱਖਿਆ ਦੇ ਖੇਤਰ ਵਿੱਚ ਡਾਇਰੈਕਟਰ ਆਦਿ ਦੀਆਂ ਉੱਚ ਪਦਵੀਆਂ ਉਪਰ ਵੀ ਕੰਮ ਕਰ ਰਹੀਆਂ ਹਨ। ਇਸ ਕਾਲਜ ਤੋਂ ਵਿਦਿਆ ਪ੍ਰਾਪਤ ਕਰਕੇ ਅਮਰੀਕਾ ਅਤੇ ਕੈਨੇਡਾ ਵਿੱਚ ਖੋਜ ਅਤੇ ਸਿੱਖਿਆ ਦੇ ਅਦਾਰਿਆਂ ਤੋ ਇਲਾਵਾ ਕਈ ਲੜਕੀਆਂ ਬਤੌਰ ਡਾਈਟੀਸੀਅਨ ਕੰਮ ਕਰ ਰਹੀਆਂ ਹਨ। ਹੁਣ ਤੱਕ ਇਸ ਕਾਲਜ ਵਿੱਚੋਂ ਤਕਰੀਬਨ 4000 ਵਿਦਿਆਰਥੀ ਬੀ ਐਸ ਸੀ, ਐਮ ਐਸ ਸੀ ਅਤੇ ਪੀ ਐਚ ਡੀ ਦੀਆਂ ਡਿਗਰੀਆਂ ਹਾਸਲ ਕਰ ਚੁੱਕੇ ਹਨ। ਇੰਨ੍ਹਾਂ ਵਿੱਚੋਂ ਹੁਣ ਤੱਕ ਇੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵਿਦੇਸਾਂ ਵਿੱਚ ਵੀ ਉੱਚੇ ਅਹੁਦਿਆਂ ਉਪਰ ਬੈਠੇ ਹਨ। ਪੰਜਾਬ ਭਰ ਦੇ ਕਾਲਜਾਂ ਵਿੱਚ ਗ੍ਰਹਿ ਵਿਗਿਆਨ ਦੀ ਸਿੱਖਿਆ ਲਈ ਇਸ ਕਾਲਜ ਤੋਂ ਪੜ੍ਹੀਆਂ ਵਿਦਿਆਰਥਣਾਂ ਹੀ ਲੱਗੀਆਂ ਹੋਈਆਂ ਹਨ।