ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਜਿਲ੍ਹਾ ਸਿਹਤ ਸੋਸਾਇਟੀ ਦੀ ਅਹਿਮ ਮੀਟਿੰਗ ਸ੍ਰੀ ਕਮਲ ਕੁਮਾਰ ਗਰਗ ਸਹਾਇਕ ਕਮਿਸ਼ਨਰ ਜਨਰਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ.ਗੁਰਦੀਪ ਸਿੰਘ ਭੁੱਲਰ ਸਿਵਿਲ ਸਰਜਨ, ਡਾ. ਮਦਨ ਗੋਪਾਲ ਸ਼ਰਮਾ ਟੀ.ਬੀ ਕੰਟਰੋਲ ਅਫਸਰ, ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਡਾਕਟਰਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਸ੍ਰੀ ਗਰਗ ਨੇ ਦੱਸਿਆਂ ਕਿ ਸਿਹਤ ਵਿਭਾਗ ਵਲੋਂ ਜਨਨੀ ਸੁਰੱਖਿਆ ਯੋਜਨਾ ਤਹਿਤ ਮਹੀਨਾ ਨਵੰਬਰ-2011 ਦੌਰਾਨ 295 ਲਾਭਪਾਤਰੀਆਂ ਨੂੰ 188500 ਰੁਪਏ ਦਾ ਲਾਭ ਦਿੱਤਾ ਗਿਆ ਜਦਕਿ ਪਰਿਵਾਰ ਭਲਾਈ ਸਕੀਮ ਤਹਿਤ 7 ਨਸਬੰਦੀ ਅਤੇ 22 ਨਲਬੰਦੀ ਦੇ ਅਪ੍ਰੇਸ਼ਨ ਕੀਤੇ ਗਏ ਅਤੇ ਇਹਨਾਂ ਲਾਭਪਾਤਰੀਆਂ ਨੂੰ 29140 ਰੁਪਏ ਦੀ ਰਾਸ਼ੀ ਤਕਸੀਮ ਕੀਤੀ ਗਈ । ਇਸ ਤੋਂ ਇਲਾਵਾ ਮਹੀਨਾ ਨਵੰਬਰ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1372 ਡਲਿਵਰੀਆਂ ਕੀਤੀਆਂ ਗਈਆਂ। ਉਹਨਾਂ ਅੱਗੇ ਦੱਸਿਆਂ ਕਿ ਮਹੀਨਾ ਨਵੰਬਰ ਦੌਰਾਨ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ 437 ਮਰੀਜ਼ਾਂ ਦੀ ਬਲਗਮ ਜਾਂਚ ਕੀਤੀ ਗਈ, ਜਿਹਨਾਂ ਵਿਚੋਂ 60 ਮਰੀਜ਼ ਪੋਜਟਿਵ ਪਾਏ ਗਏ ਹਨ ਅਤੇ ਹੁਣ ਤੱਕ 183 ਟੀ.ਬੀ. ਦੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਜਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗਰਗ ਨੇ ਜਿਲ੍ਹਾ ਵਿੱਚ ਇਸ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ।