ਐਡਮਿੰਟਨ- ਪੰਜਾਬ ਸਰਕਾਰ ਵੱਲੋਂ ਖੇਡ ਡਾਇਰੈਕਟਰ ਪਦਮ ਸ੍ਰੀ ਪ੍ਰਗਟ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਪੰਜਾਬ ਖੇਡ ਵਿਭਾਗ ਦਾ ਪੱਕੇ ਤੌਰ ’ਤੇ ਡਾਇਰੈਕਟਰ ਲਗਾਏ ਜਾਣ ਦਾ ਐਨ ਆਰ ਆਈ ਸਭਾ ਅਲਬਰਟਾ ਦੇ ਪ੍ਰਧਾਨ ਸ ਗੁਰਭਲਿੰਦਰ ਸਿੰਘ ਸੰਧੂ ਮਾੜੀਮੇਘਾ ਨੇ ਭਰਵਾਂ ਸਵਾਗਤ ਕਰਦਿਆਂ ਸ ਪ੍ਰਗਟ ਸਿੰਘ ਨੂੰ ਵਧਾਈ ਭੇਜੀ ਹੈ। ਇਥੇ ਜਾਰੀ ਇਕ ਬਿਆਨ ਰਾਹੀਂ ਸ ਮਾੜੀਮੇਘਾ ਨੇ ਕਿਹਾ ਹੈ ਕਿ ਸ ਪ੍ਰਗਟ ਸਿੰਘ ਨੇ ਖੇਡ ਵਿਭਾਗ ਦਾ ਕਾਰਜਭਾਰ ਸੰਭਾਲਣ ਉਪਰੰਤ ਜੋ ਸਕੀਮਾਂ ਸ਼ੁਰੂ ਕੀਤੀਆਂ ਉਸ ਨਾਲ ਪੰਜਾਬ ਦੇ ਪਿੰਡਾਂ ਵਿਚ ਮੁੜ ਖੇਡ ਸਭਿਆਚਾਰ ਦੇ ਪ੍ਰਫੁੱਲਤ ਹੋਇਆ ਹੈ। ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਸ ਪ੍ਰਗਟ ਸਿੰਘ ਨੇ ਪਿਛਲੇ ਸਮੇਂ ਦੌਰਾਨ ਸਫਲਤਾਪੂਰਵਕ ਦੋ ਵਿਸ਼ਵ ਕਬੱਡੀ ਕੱਪ ਅਤੇ ਚਾਰ ਮੁਲਕਾਂ ਦਾ ਗੋਲਡ ਹਾਕੀ ਕੱਪ ਕਰਵਾਕੇ ਪੰਜਾਬ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਭੂਮਿਕਾ ਅਦਾ ਕੀਤੀ। ਸ ਪ੍ਰਗਟ ਸਿੰਘ ਜੋ ਕਿ ਉਲੰਪਿਕ ਵਿਚ ਭਾਰਤ ਦੀ ਤਿੰਨ ਵਾਰ ਪ੍ਰਤੀਨਿਧਤਾ ਕਰ ਚੁੱਕੇ ਹਨ ਦੇ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਬਣਨ ਉਪਰੰਤ ਵਿਭਾਗ ਵਿਚ ਸਿਫਤੀ ਤਬਦੀਲੀਆਂ ਆਈਆਂ ਹਨ। ਸ ਪ੍ਰਗਟ ਸਿੰਘ ਦੀ ਅਗਵਾਈ ਵਿਚ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਜਿੱਥੇ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਉਥੇ ਵੱਡੇ ਪੱਧਰ ’ਤੇ ਖੇਡ ਸਟੇਡੀਅਮਾਂ ਦੀ ਉਸਾਰੀ ਅਤੇ ਖੇਡ ਵਿੰਗਾਂ ਦਾ ਸਥਾਪਨਾ ਨਾਲ ਖੇਡਾਂ ਦੀ ਇਕ ਲਹਿਰ ਉਠ ਖੜੀ ਹੋਈ ਹੈ। ਸ ਮਾੜੀ ਮੇਘਾ ਨੇ ਹੋਰ ਕਿਹਾ ਕਿ ਸ ਪ੍ਰਗਟ ਸਿੰਘ ਨੂੰ ਖੇਡ ਵਿਭਾਗ ਦਾ ਪੱਕੇ ਤੌਰ ’ਤੇ ਡਾਇਰੈਕਟਰ ਲਗਾਉਣ ਨਾਲ ਖੇਡ ਵਿਭਾਗ ਤੋਂ ਹੁਣ ਹੋਰ ਬਹੁਤ ਸਾਰੀਆਂ ਉਮੀਦਾਂ ਪੈਦਾ ਹੋ ਗਈਆਂ ਹਨ ਤੇ ਇਕ ਯੋਗ ਸਖਸ਼ੀਅਤ ਨੂੰ ਇਹ ਜ਼ਿੰਮੇਵਾਰੀ ਦੇਣ ਲਈ ਅਕਾਲੀ ਸਰਕਾਰ ਵੀ ਵਧਾਈ ਦੀ ਹੱਕਦਾਰ ਹੈ ਜਿਸਨੇ ਖੇਡਾਂ ਪ੍ਰਤੀ ਸੁਹਿਰਦ ਹੋਣ ਦਾ ਸਬੂਤ ਦਿੱਤਾ ਹੈ। ਇਸੇ ਦੌਰਾਨ
ਐਨ ਆਰ ਆਈ ਸਭਾ ਐਡਮਿੰਟਨ ਦੇ ਪ੍ਰਧਾਨ ਪ੍ਰਦੁਮਣ ਸਿੰਘ ਗਿੱਲ, ਕੈਲਗਰੀ ਤੋਂ ਗੁਰਪ੍ਰੀਤ ਸਿੰਘ ਰਾਣਾ ਸਿੱਧੂ, ਅਮਰਪ੍ਰੀਤ ਸਿੰਘ ਬੈਂਸ ਅਤੇ ਹੋਰਾਂ ਨੇ ਵੀ ਸ ਪ੍ਰਗਟ ਸਿੰਘ ਦੀ ਨਿਯੁਕਤੀ ’ਤੇ ਉਹਨਾਂ ਨੂੰ ਵਧਾਈ ਦਿੱਤੀ ਹੈ।